ਆਮ ਆਦਮੀ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Arvind Kejriwal) ਇਸ ਸਮੇਂ ਜੇਲ੍ਹ ਵਿੱਚ ਬੰਦ ਹਨ, ਤੇ ਉਨ੍ਹਾਂ ਦੀ ਗ਼ੈਰ-ਹਾਜ਼ਰੀ ਵਿੱਚ ਉਨ੍ਹਾਂ ਦੀ ਧਰਮ ਪਤਨੀ ਸੁਨੀਤਾ ਕੇਜਰੀਵਾਲ (Sunita Kejriwal) ਪੰਜਾਬ ਆਉਣਗੇ ਅਤੇ ਲੋਕ ਸਭਾ ਚੋਣਾਂ ਪ੍ਰਚਾਰ ਕਰਨਗੇ। ਆਮ ਆਦਮੀ ਪਾਰਟੀ ਵੱਲੋਂ ਸੁਨੀਤਾ ਕੇਜਰੀਵਾਲ ਦੇ ਲੁਧਿਆਣਾ, ਜਲੰਧਰ ਅਤੇ ਅੰਮ੍ਰਿਤਸਰ ਵਿੱਚ ਚੋਣ ਸਮਾਗਮ ਰੱਖੇ ਗਏ ਹਨ ਜਿੱਥੇ ਵੱਡੇ ਇਕੱਠ ਕਰਨ ਦਾ ਪ੍ਰੋਗਰਾਮ ਹੈ।
ਸੁਨੀਤਾ ਕੇਜਰੀਵਾਲ ਵੱਲੋਂ ਸ਼ਹਿਰੀ ਖਿੱਤਿਆਂ ਵਿੱਚ ਪਾਰਟੀ ਦੇ ਨਾਮਜ਼ਦ ਉਮੀਦਵਾਰਾਂ ਲਈ ਪ੍ਰਚਾਰ ਕੀਤਾ ਜਾਵੇਗਾ। ਉਹ ਆਪਣੀ ਧੀ ਦੇ ਨਾਲ 9 ਮਈ ਨੂੰ ਪੰਜਾਬ ਪੁੱਜਣਗੇ। ਚੋਣ ਪ੍ਰਚਾਰ ਲਈ 9 ਤੇ 10 ਮਈ ਨੂੰ ਪੰਜਾਬ ਦੇ ਤਿੰਨ ਪ੍ਰਮੁੱਖ ਸ਼ਹਿਰਾਂ ਵਿੱਚ ਪ੍ਰੋਗਰਾਮ ਕੀਤੇ ਜਾਣਗੇ।
ਸੁਨੀਤਾ ਕੇਜਰੀਵਾਲ ਸ਼ਹਿਰੀ ਇਕੱਠਾਂ ਨੂੰ ਹੀ ਸੰਬੋਧਨ ਕਰਨਗੇ। ਜਾਣਕਾਰੀ ਮੁਤਾਬਕ ਉਨ੍ਹਾਂ ਦੀ ‘ਆਪ’ ਵਾਲੰਟੀਅਰਾਂ ਤੇ ਆਗੂਆਂ ਨਾਲ ਇੱਕ ਇੱਕ ਮੀਟਿੰਗ ਵੀ ਰੱਖੀ ਗਈ ਹੈ। 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਸੁਨੀਤਾ ਕੇਜਰੀਵਾਲ ਨੇ ਧੂਰੀ ਹਲਕੇ ਵਿਚ ਚੋਣ ਪ੍ਰਚਾਰ ਕੀਤਾ ਸੀ।
ਪੰਜਾਬ ਦੇ ਮੁੱਖ ਮੰਤਰੀ ਦੀ ਗੱਲ ਕਰੀਏ ਤਾਂ ਉਹ ਵੀ ਸੂਬੇ ਵਿੱਚ ਚੋਣ ਪ੍ਰਚਾਰ ਕਰਨਗੇ। ਫਿਲਹਾਲ ਤਾਂ ਉਹ ਗੁਜਰਾਤ ਦੇ ਦੌਰੇ ’ਤੇ ਹਨ। ਅੱਜ 4 ਮਈ ਨੂੰ CM ਮਾਨ ਗੁਜਰਾਤ ਦੇ ਦੋ ਹਲਕਿਆਂ ਵਿੱਚ ਚੋਣ ਪ੍ਰਚਾਰ ਕਰਨਗੇ। ਕੱਲ੍ਹ 5 ਮਈ ਨੂੰ ਉਹ ਦਿੱਲੀ ਵਿਚ ਪ੍ਰਚਾਰ ਕਰਨਗੇ।
ਇਸ ਤੋਂ ਬਾਅਦ 6 ਮਈ ਨੂੰ ਮੁੱਖ ਮੰਤਰੀ ਦਾ ਸੰਗਰੂਰ ਹਲਕੇ ਦੇ ਸੁਨਾਮ ਵਿਧਾਨ ਸਭਾ ਹਲਕੇ ਤੇ ਸ਼ਾਮ ਨੂੰ ਬਠਿੰਡਾ (Bathinda) ਲੋਕ ਸਭਾ ਹਲਕੇ ਦੇ ਝੁਨੀਰ ਖੇਤਰ ਵਿੱਚ ਰੋਡ ਸ਼ੋਅ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। ਇਸ ਮਗਰੋਂ 7 ਮਈ ਨੂੰ ਬਠਿੰਡਾ ਸ਼ਹਿਰ ਅਤੇ ਫਿਰੋਜ਼ਪੁਰ ਹਲਕੇ ਵਿਚ ਚੋਣ ਪ੍ਰਚਾਰ ਕਰਨਗੇ।
ਇਹ ਵੀ ਪੜ੍ਹੋ – ਸਾਵਧਾਨ! ਇਨ੍ਹਾਂ ‘ਨਕਲੀ ਉਂਗਲਾਂ’ ਤੋਂ ਬਚਕੇ! 5 ਸਾਲ ਬਰਬਾਦ ਕਰ ਦੇਣਗੀਆਂ!