‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਦੇ ਸਿਹਤ ਮੰਤਰੀ ਸਤਿੰਦਰ ਜੈਨ ਨੂੰ ਪੰਜਾਬ ਚੋਣਾਂ ਤੋਂ ਪਹਿਲਾਂ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਗ੍ਰਿਫ਼ਤਾਰ ਕੀਤੇ ਜਾਣ ਦਾ ਦਾਅਵਾ ਕੀਤਾ ਹੈ। ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਨੂੰ ਪਤਾ ਲੱਗਾ ਹੈ ਕਿ ਈਡੀ ਪੰਜਾਬ ਚੋਣਾਂ ਤੋਂ ਪਹਿਲਾਂ ਅਗਲੇ ਕੁੱਝ ਦਿਨਾਂ ‘ਚ ਸਤਿੰਦਰ ਜੈਨ ਨੂੰ ਗ੍ਰਿਫਤਾਰ ਕਰਨ ਦੀ ਸਾਜ਼ਿਸ਼ ਰਚ ਰਹੀ ਹੈ।
ਕੇਂਦਰ ਸਰਕਾਰ ਨੇ ਜੈਨ ‘ਤੇ ਪਹਿਲਾਂ ਦੋ ਵਾਰ ਛਾਪੇਮਾਰੀ ਕੀਤੀ ਪਰ ਕੁੱਝ ਨਹੀਂ ਮਿਲਿਆ। ਜੇ ਈਡੀ ਮੁੜ ਆਉਣਾ ਚਾਹੁੰਦੀ ਹੈ ਤਾਂ ਉਸ ਦਾ ਸਵਾਗਤ ਹੈ। ਭਾਜਪਾ ‘ਤੇ ਹਮ ਲਾ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਜਦੋਂ ਵੀ ਭਾਜਪਾ ਨੂੰ ਲੱਗਦਾ ਹੈ ਕਿ ਉਹ ਚੋਣਾਂ ਹਾਰ ਰਹੀ ਹੈ ਤਾਂ ਉਹ ਆਪਣੀਆਂ ਸਾਰੀਆਂ ਏਜੰਸੀਆਂ ਨੂੰ ਕੰਮ ’ਤੇ ਲਗਾ ਦਿੰਦੀ ਹੈ ਪਰ ਅਸੀਂ ਨਹੀਂ ਡਰਦੇ ਕਿਉਂਕਿ ਜਦੋਂ ਤੁਸੀ ਸੱਚਾਈ ਦੇ ਰਾਹ ’ਤੇ ਚੱਲਦੇ ਹੋ ਤਾਂ ਰੁਕਾਵਟਾਂ ਆਉਂਦੀਆਂ ਹਨ। ਜੇਕਰ ਕੇਂਦਰ ਸਰਕਾਰ ਸੀਬੀਆਈ ਅਤੇ ਇਨਕਮ ਟੈਕਸ ਵਰਗੀਆਂ ਹੋਰ ਏਜੰਸੀਆਂ ਭੇਜਣਾ ਚਾਹੁੰਦੀ ਹੈ ਤਾਂ ਉਹ ਅਜਿਹਾ ਕਰ ਸਕਦੀ ਹੈ। ਕੇਜਰੀਵਾਲ ਨੇ ਕਿਹਾ, ‘ਅਸੀਂ ਚੰਨੀ ਜੀ ਵਾਂਗ ਰੌਲਾ ਨਹੀਂ ਪਾਵਾਂਗੇ, ਚੰਨੀ ਜੀ ਵਾਂਗ ਪ੍ਰੇਸ਼ਾਨ ਨਹੀਂ ਹੋਵਾਂਗੇ। ਅਸੀਂ ਕੁੱਝ ਵੀ ਗਲਤ ਨਹੀਂ ਕੀਤਾ ਹੈ, ਇਸ ਲਈ ਸਾਨੂੰ ਕੋਈ ਡਰ ਨਹੀਂ ਹੈ।’