India

BJP ਹੈੱਡਕੁਆਰਟਰ ਨਹੀਂ ਪਹੁੰਚ ਸਕੇ ਅਰਵਿੰਦ ਕੇਜਰੀਵਾਲ, ਬੀਜੇਪੀ ’ਤੇ ‘ਆਪ੍ਰੇਸ਼ਨ ਝਾੜੂ’ ਚਲਾਉਣ ਦੇ ਲਾਏ ਇਲਜ਼ਾਮ

ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪਾਰਟੀ ਦੇ ਸੈਂਕੜੇ ਵਰਕਰਾਂ ਨਾਲ ਅੱਜ (ਐਤਵਾਰ, 19 ਮਈ) ਨੂੰ ਦਿੱਲੀ ਸਥਿਤ ਭਾਜਪਾ ਹੈੱਡਕੁਆਰਟਰ ਵੱਲ ਮਾਰਚ ਕੱਢਣ ਦੀ ਕੋਸ਼ਿਸ਼ ਕੀਤੀ ਪਰ ਅਸਫਲ ਰਹੇ। ਪੁਲਿਸ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧਾਂ ਕਾਰਨ ਹੀ ਉਹ ਆਮ ਆਦਮੀ ਪਾਰਟੀ ਦੇ ਮੁੱਖ ਦਫ਼ਤਰ ਤੋਂ ਅੱਗੇ ਨਹੀਂ ਵਧ ਸਕੇ। ਦਰਅਸਲ ਬੀਤੇ ਕੱਲ੍ਹ ਉਨ੍ਹਾਂ ਨੇ ਬੀਜੇਪੀ ਨੂੰ ਚੁਣੌਤੀ ਦਿੱਤੀ ਸੀ ਕਿ ਉਹ 19 ਮਈ ਨੂੰ ਦੁਪਹਿਰ 12 ਵਜੇ BJP ਹੈੱਡਕੁਆਟਰ ਪਹੁੰਚਣਗੇ ਤੇ ਉਨ੍ਹਾਂ ਦੇ ਨਾਲ ਆਪ ਦੇ ਵਿਧਾਇਕ ਅਤੇ ਮੈਂਬਰ ਪਾਰਲੀਮੈਂਟ ਵੀ ਹੋਣਗੇ, ਜਿਸ-ਜਿਸ ਨੂੰ ਗ੍ਰਿਫ਼ਤਾਰ ਕਰਨਾ ਹੈ ਕਰ ਲੈਣ।

ਉਨ੍ਹਾਂ ਦੀ ਚਿਤਾਵਨੀ ਬਾਅਦ ਬੀਜੇਪੀ ਹੈੱਡਕੁਆਰਟਰ ਅੱਗੇ ਪੁਲਿਸ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕਰ ਲਏ ਗਏ। ਆਮ ਆਦਮੀ ਪਾਰਟੀ ਦੇ ਵਰਕਰਾਂ ਦਾ ਭਾਜਪਾ ਹੈੱਡਕੁਆਰਟਰ ਵੱਲ ਮਾਰਚ ਸ਼ੁਰੂ ਹੋਣ ਤੋਂ ਪਹਿਲਾਂ ਹੀ ਦਿੱਲੀ ਪੁਲਿਸ ਨੇ ਭਾਜਪਾ ਹੈੱਡਕੁਆਰਟਰ ਦੇ ਆਲੇ-ਦੁਆਲੇ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਸਨ। ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਸਮਾਚਾਰ ਏਜੰਸੀ ਪੀਟੀਆਈ ਨੂੰ ਦੱਸਿਆ, “ਸਾਡੀ ਕੋਸ਼ਿਸ਼ ਇਹ ਯਕੀਨੀ ਬਣਾਉਣਾ ਹੈ ਕਿ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਕਾਇਮ ਰਹੇ ਅਤੇ ਕਿਸੇ ਨੂੰ ਵੀ ਕੋਈ ਦਿੱਕਤ ਨਾ ਆਵੇ। ਇਸ ਲਈ ਅਸੀਂ ਕੁਝ ਥਾਵਾਂ ‘ਤੇ ਪੁਲਿਸ ਤਾਇਨਾਤ ਕਰ ਰਹੇ ਹਾਂ ਅਤੇ ਬੈਰੀਕੇਡ ਲਗਾ ਰਹੇ ਹਾਂ।”

ਸਬੰਧਿਤ ਖ਼ਬਰ – ‘ਕੱਲ BJP ਹੈੱਡਕੁਆਟਰ ਸਾਹਮਣੇ MLA’s ਤੇ MP’s ਨਾਲ ਪਹੁੰਚ ਰਿਹਾ ਹਾਂ’! ‘ਇਕੋ ਵਾਰੀ ਕਰੋ ਗ੍ਰਿਫਤਾਰ’!

ਮਾਰਚ ਕੱਢਣ ਤੋਂ ਪਹਿਲਾਂ ਕੇਜਰੀਵਾਲ ਨੇ ਆਮ ਆਦਮੀ ਪਾਰਟੀ ਦੇ ਮੁੱਖ ਦਫ਼ਤਰ ਵਿਖੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਆਮ ਆਦਮੀ ਪਾਰਟੀ ਨੂੰ ਖ਼ਤਰੇ ਵਜੋਂ ਦੇਖਦੀ ਹੈ। ਉਨ੍ਹਾਂ ਭਾਜਪਾ ’ਤੇ ‘ਆਪ੍ਰੇਸ਼ਨ ਝਾੜੂ’ ਚਲਾਉਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ‘ਪ੍ਰਧਾਨ ਮੰਤਰੀ ਨੇ ਫੈਸਲਾ ਕਰ ਲਿਆ ਹੈ ਕਿ ਉਹ ਆਮ ਆਦਮੀ ਪਾਰਟੀ ਨੂੰ ਪੂਰੀ ਤਰ੍ਹਾਂ ਖ਼ਤਮ ਕਰ ਦੇਣਾ ਚਾਹੁੰਦੇ ਹਨ।

ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ਨੀਵਾਰ ਨੂੰ ਐਲਾਨ ਕੀਤਾ ਸੀ ਕਿ ਉਹ ਅੱਜ ਦੁਪਹਿਰ 12 ਵਜੇ ਦਿੱਲੀ ਸਥਿਤ ਭਾਜਪਾ ਹੈੱਡਕੁਆਰਟਰ ਵੱਲ ਮਾਰਚ ਕਰਨਗੇ। ਉਨ੍ਹਾਂ ਦਾ ਇਲਜ਼ਾਮ ਸੀ ਕਿ ਕੇਂਦਰ ਦੀ ਮੋਦੀ ਸਰਕਾਰ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਗ੍ਰਿਫ਼ਤਾਰ ਕਰ ਰਹੀ ਹੈ। ਇਸ ਕਾਰਨ ਭਾਜਪਾ ਲਈ ਉਨ੍ਹਾਂ ਦੀ ਚੁਣੌਤੀ ਸੀ ਕਿ ਉਹ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਨੇਤਾਵਾਂ ਨੂੰ ਗ੍ਰਿਫ਼ਤਾਰ ਕਰੇ।

ਦੂਜੇ ਪਾਸੇ ਭਾਜਪਾ ਨੇ ਵੀ ਆਪ ’ਤੇ ਇਲਜ਼ਾਮ ਲਾਇਆ ਹੈ ਕਿ ਅਰਵਿੰਦ ਕੇਜਰੀਵਾਲ ਇਹ ਪ੍ਰਦਰਸ਼ਨ ਇਸ ਲਈ ਕਰ ਰਹੇ ਹਨ ਕਿਉਂਕਿ ਉਹ ਸਵਾਤੀ ਮਾਲੀਵਾਲ ਅਤੇ ਬਿਭਵ ਕੁਮਾਰ ਦੇ ਮਾਮਲੇ ਤੋਂ ਧਿਆਨ ਹਟਾਉਣਾ ਚਾਹੁੰਦੇ ਹਨ।

ਇਹ ਵੀ ਪੜ੍ਹੋ – ਚੰਡੀਗੜ੍ਹ ਤੇ ਪਟਿਆਲਾ ‘ਚ ਅਕਾਲੀ ਦਲ ਅਤੇ ਭਾਜਪਾ ਨੂੰ ਝਟਕਾ, ਕਈ ਆਗੂ ‘ਆਪ’ ‘ਚ ਸ਼ਾਮਲ