‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਆਮ ਆਦਮੀ ਪਾਰਟੀ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਖਿਲਾਫ ਕੱਪੜਿਆਂ ਅਤੇ ਰੰਗਾਂ ਨੂੰ ਲੈ ਨਿਸ਼ਾਨੇ ‘ਤੇ ਲੈਣਾ ਸ਼ੁਰੂ ਕਰ ਦਿੱਤਾ ਹੈ। ਆਪ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵੀਟ ਰਾਹੀਂ ਚੰਨੀ ‘ਤੇ ਨਿਸ਼ਾਨਾ ਕੱਸਦਿਆਂ ਕਿਹਾ ਕਿ “ਜਦੋਂ ਤੋਂ ਮੈਂ ਕਿਹਾ ਹੈ ਕਿ ਪੰਜਾਬ ਦੀ ਹਰ ਔਰਤ ਨੂੰ 1 ਹਜ਼ਾਰ ਰੁਪਏ ਮਹੀਨਾ ਦੇਵਾਂਗੇ, ਚੰਨੀ ਸਾਹਿਬ ਮੈਨੂੰ ਗਾਲ੍ਹਾਂ ਕੱਢ ਰਹੇ ਹਨ। ਬੋਲ ਰਹੇ ਹਨ ਕਿ ਕੇਜਰੀਵਾਲ ਦੇ ਕੱਪੜੇ ਖਰਾਬ ਹਨ, ਅੱਜ ਬੋਲੇ ਹਨ ਕਿ ਕੇਜਰੀਵਾਲ ਕਾਲਾ ਹੈ। ਚੰਨੀ ਸਾਹਿਬ ਮੇਰਾ ਰੰਗ ਕਾਲਾ ਹੈ ਪਰ ਪੰਜਾਬ ਦੀ ਮੇਰੀ ਮਾਂ, ਭੈਣ ਨੂੰ ਇਹ ਕਾਲਾ ਬੇਟਾ, ਭਰਾ ਪਸੰਦ ਹੈ। ਉਨ੍ਹਾਂ ਨੂੰ ਪਤਾ ਹੈ ਕਿ ਮੇਰੀ ਨੀਅਤ ਸਾਫ ਹੈ।”
ਰਾਘਵ ਚੱਢਾ ਨੇ ਵੀ ਚੰਨੀ ‘ਤੇ ਵਰ੍ਹਦਿਆਂ ਕਿਹਾ ਕਿ ਚੰਨੀ ਸਾਹਿਬ, ਕੇਜਰੀਵਾਲ ਦਾ ਰੰਗ ਤੁਹਾਨੂੰ ਕੀ ਚੰਗਾ ਨਹੀਂ ਲੱਗਦਾ, ਤੁਹਾਨੂੰ ਕੇਜਰੀਵਾਲ ਦਾ ਰੰਗ ਕਾਲਾ ਲੱਗਦਾ ਹੈ, ਕਮੀਜ਼ ਸਸਤੀ ਲੱਗਦੀ ਹੈ। ਤੁਹਾਡੀਆਂ ਇਹ ਗੱਲਾਂ ਕਿਸੇ ਹੋਰ ਦਾ ਨਹੀਂ ਪੰਜਾਬ ਦੇ ਲੋਕਾਂ ਦਾ ਅਪਮਾਨ ਹੈ। ਦਰਅਸਲ, ਚੰਨੀ ਨੇ ਕਿਹਾ ਸੀ ਕਿ ਬਾਹਰ ਦੇ ਕਾਲੇ ਅੰਗਰੇਜ਼ ਪੰਜਾਬ ਵਿੱਚ ਆ ਕੇ ਰਾਜ ਕਰਨਾ ਚਾਹੁੰਦੇ ਹਨ।