India

2 ਜੂਨ ਨੂੰ ਸਰੰਡਰ ਕਰਨਗੇ ਕੇਜਰੀਵਾਲ, ਜੇਲ੍ਹ ਜਾਣ ਤੋਂ ਪਹਿਲਾਂ ਜਾਰੀ ਕੀਤੀ ਭਾਵੁਕ ਵੀਡੀਓ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਪਣੀ ਅੰਤਰਿਮ ਜ਼ਮਾਨਤ 7 ਦਿਨਾਂ ਲਈ ਹੋਰ ਵਧਾਉਣ ਵਾਲੀ ਅਰਜ਼ੀ ਰੱਦ ਹੋਣ ਤੋਂ ਬਾਅਦ 2 ਜੂਨ ਨੂੰ ਤਿਹਾੜ ਜੇਲ੍ਹ ਵਿੱਚ ਆਤਮ ਸਮਰਪਣ ਕਰਨ ਦਾ ਐਲਾਨ ਕੀਤਾ ਹੈ। ਆਤਮ ਸਮਰਪਣ ਕਰਨ ਤੋਂ ਪਹਿਲਾਂ ਉਨ੍ਹਾਂ ਇੱਕ ਭਾਵੁਕ ਵੀਡੀਉ ਸੰਦੇਸ਼ ਜਾਰੀ ਕੀਤਾ ਹੈ ਕਿ “ਮੈਂ ਜਿੱਥੇ ਵੀ ਰਹਾਂ, ਭਾਵੇਂ ਮੈਂ ਅੰਦਰ ਰਹਾਂ ਜਾਂ ਬਾਹਰ। ਦਿੱਲੀ ਦਾ ਕੰਮ ਰੁਕਣ ਵਾਲਾ ਨਹੀਂ ਹੈ।”

CM ਕੇਜਰੀਵਾਲ ਨੇ ਦੱਸਿਆ ਕਿ ਉਨ੍ਹਾਂ ਨੂੰ 2 ਜੂਨ ਨੂੰ ਆਤਮ ਸਮਰਪਣ ਕਰਨ ਲਈ ਕਿਹਾ ਗਿਆ ਹੈ। ਉਹ 3 ਵਜੇ ਆਤਮ ਸਮਰਪਣ ਕਰਨ ਲਈ ਘਰੋਂ ਨਿਕਲਗੇ।

ਮੁੱਖ ਮੰਤਰੀ ਕੇਜਰੀਵਾਲ ਨੇ ਮੁੜ ਜੇਲ‍੍ਹ ਜਾਣ ਤੋਂ ਪਹਿਲਾਂ ਦਿੱਲੀ ਵਾਸੀਆਂ ਨੂੰ ਵੀ ਇੱਕ ਭਾਵੁਕ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਹੈ ਕਿ ਜਦੋਂ ਉਹ ਜੇਲ੍ਹ ਜਾਣਗੇ ਤਾਂ ਲੋਕ ਉਨ੍ਹਾਂ ਦੇ ਮਾਤਾ-ਪਿਤਾ ਦਾ ਖਿਆਲ ਰੱਖਣ ਤੇ ਉਨ੍ਹਾਂ ਲਈ ਅਰਦਾਸ ਕਰਨ।

ਉਨ੍ਹਾਂ ਅੱਗੇ ਕਿਹਾ ਕਿ ਉਹ ਸ਼ੂਗਰ ਰੋਗ ਦੇ ਮਰੀਜ਼ ਹਨ ਪਰ ਜੇਲ੍ਹ ਵਿੱਚ ਉਨ੍ਹਾਂ ਨੂੰ ਇਨਸੁਲਿਨ ਨਹੀਂ ਦਿੱਤੀ ਗਈ ਜਿਸ ਕਾਰਨ ਕਿਡਨੀ ਤੇ ਲੀਵਰ ਪ੍ਰਭਾਵਿਤ ਹੋਏ ਹਨ। ਜੇਲ੍ਹ ਵਿਚ 50 ਦਿਨਾਂ ਦੇ ਅੰਦਰ ਉਨ੍ਹਾਂ ਦਾ ਭਾਰ ਘਟ ਗਿਆ ਹੈ। ਡਾਕਟਰ ਨੇ ਇਸ ਨੂੰ ਵੱਡੀ ਬਿਮਾਰੀ ਦਾ ਸੰਕੇਤ ਦੱਸਿਆ ਹੈ।

ਉਨ੍ਹਾਂ ਨੇ ਇਸ ਵਾਰ ਜੇਲ੍ਹ ਵਿੱਚ ਉਨ੍ਹਾਂ ’ਤੇ ਹੋਰ ਤਸ਼ੱਦਦ ਕੀਤੇ ਜਾਣ ਦਾ ਖਦਸ਼ਾ ਜ਼ਾਹਰ ਕੀਤਾ ਹੈ। ਇਸ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਦੇਸ਼ ਨੂੰ ਬਚਾਉਣ ਲਈ ਭਾਵੇਂ ਉਨ੍ਹਾਂ ਨੂੰ ਅਪਣੀ ਜਾਨ ਵੀ ਕੁਰਬਾਨ ਕਰਨੀ ਪਵੇ ਪਰ ਉਹ ਲੋਕਾਂ ਦੇ ਕੰਮ ਨਹੀਂ ਰੁਕਣ ਦੇਣਗੇ।