‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਚੰਡੀਗੜ੍ਹ ਏਅਰਪੋਰਟ ਪਹੁੰਚ ਗਏ ਹਨ। ਕੇਜਰੀਵਾਲ ਦਾ ਭਗਵੰਤ ਮਾਨ ਸਮੇਤ ‘ਆਪ’ ਲੀਡਰਾਂ ਨੇ ਸਵਾਗਤ ਕੀਤਾ ਹੈ। ਥੋੜ੍ਹੀ ਦੇਰ ‘ਚ ਕੇਜਰੀਵਾਲ ਲੁਧਿਆਣਾ ਲਈ ਰਵਾਨਾ ਹੋਣਗੇ। ਕੇਜਰੀਵਾਲ ਨੇ ਏਅਰਪੋਰਟ ਤੋਂ ਹੀ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੈਂ ਵੇਖ ਰਿਹਾ ਹਾਂ ਕਿ ਇਸ ਵਕਤ ਪੰਜਾਬ ਵਿੱਚ ਕਿਸ ਤਰ੍ਹਾਂ ਦਾ ਰਾਜਨੀਤਿਕ ਮਾਹੌਲ ਬਣਿਆ ਹੋਇਆ ਹੈ, ਜੋ ਕਿ ਬਹੁਤ ਮੰਦਭਾਗਾ ਹੈ। ਲੋਕਾਂ ਨੂੰ ਸਮਝ ਨਹੀਂ ਆ ਰਹੀ ਕਿ ਉਹ ਆਪਣੀਆਂ ਸਮੱਸਿਆਵਾਂ ਨੂੰ ਲੈ ਕੇ ਕਿਸ ਕੋਲ ਜਾਣ। ਇਨ੍ਹਾਂ ਲੋਕਾਂ ਨੇ ਸਰਕਾਰ ਨੂੰ ਇੱਕ ਤਮਾਸ਼ਾ ਬਣਾ ਕੇ ਰੱਖਿਆ ਹੋਇਆ ਹੈ। ਆਮ ਆਦਮੀ ਪਾਰਟੀ ਹੀ ਪੰਜਾਬ ਨੂੰ ਇੱਕ ਸਥਿਰ, ਵਧੀਆ, ਇਮਾਨਦਾਰ ਸਰਕਾਰ ਦੇ ਸਕਦੀ ਹੈ।
ਕੇਜਰੀਵਾਲ ਨੇ CM ਚੰਨੀ ਨੂੰ ਦਿੱਤੇ ਪੰਜ ਕੰਮ
ਕੇਜਰੀਵਾਲ ਨੇ ਪੰਜਾਬ ਦੇ ਨਵੇਂ ਮੁੱਖ ਮੰਤਰੀ ਬਣਨ ‘ਤੇ ਚੰਨੀ ਨੂੰ ਵਧਾਈ ਦਿੱਤੀ। ਚੰਨੀ ਨੂੰ ਮੈਂ ਕਹਿਣਾ ਚਾਹੁੰਦਾ ਹਾਂ ਕਿ ਪੰਜਾਬ ਦੇ ਲੋਕ ਸਭ ਤੋਂ ਪਹਿਲਾਂ ਪੰਜ ਚੀਜ਼ਾਂ ਮੰਗ ਰਹੇ ਹਨ। ਇਨ੍ਹਾਂ ਪੰਜ ਚੀਜ਼ਾਂ ‘ਤੇ ਤੁਰੰਤ ਕਾਰਵਾਈ ਕੀਤੀ ਜਾਵੇ।
- ਇਲਜ਼ਾਮ ਲੱਗ ਰਹੇ ਹਨ ਕਿ ਚੰਨੀ ਨੇ ਆਪਣੇ ਮੰਤਰੀ ਮੰਡਲ ਵਿੱਚ ਦਾਗੀ ਲੋਕਾਂ ਨੂੰ ਸ਼ਾਮਿਲ ਕੀਤਾ ਹੈ। ਭ੍ਰਿਸ਼ਟਾਚਾਰ ਮੰਤਰੀਆਂ, ਦਾਗੀ ਅਫਸਰਾਂ ਨੂੰ ਤੁਰੰਤ ਹਟਾਇਆ ਜਾਵੇ, ਉਨ੍ਹਾਂ ਉੱਤੇ ਪਰਚੇ ਕਰਕੇ ਸਖਤ ਕਾਰਵਾਈ ਕੀਤੀ ਜਾਵੇ।
- ਬਰਗਾੜੀ ਕਾਂਡ ਨੂੰ ਲੈ ਕੇ ਪੰਜਾਬ ਦੀ ਜਨਤਾ ਨਰਾਜ਼ ਹੈ, ਚੰਨੀ ਪੰਜਾਬ ਦੇ ਸਾਬਕਾ ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਰਿਪੋਰਟ ਚੁੱਕ ਕੇ ਵੇਖੇ ਅਤੇ ਨਿਆਂ ਕਰੇ।
- ਕੈਪਟਨ ਦੇ ਵਾਅਦਿਆਂ ਨੂੰ ਚੰਨੀ ਪੂਰਾ ਕਰਨ ਜਾਂ ਫਿਰ ਚੰਨੀ ਕਹਿ ਦੇਣ ਕਿ ਕੈਪਟਨ ਨੇ ਝੂਠ ਬੋਲਿਆ ਸੀ, ਮੈਂ ਨਹੀਂ ਮੰਨਦਾ, ਰੁਜ਼ਗਾਰ ਦੇਵੇ।
- ਕੈਪਟਨ ਨੇ ਕਿਹਾ ਸੀ ਕਿ ਕਿਸਾਨਾਂ ਦੇ ਕਰਜ਼ੇ ਮੁਆਫ ਕਰਨਗੇ। ਚੰਨੀ ਸਾਰੇ ਕਿਸਾਨਾਂ ਦੇ ਕਰਜ਼ੇ ਮੁਆਫ ਕਰਨ।
- ਚੰਨੀ ਬਿਜਲੀ ਸਮਜੌਤੇ ਰੱਦ ਕਰੇ।
ਚੰਨੀ ਕੋਲ ਇਹ ਸਾਰੇ ਕੰਮ ਕਰਨ ਲਈ 4 ਮਹੀਨੇ ਹਨ। ਇਨ੍ਹਾਂ 4 ਮਹੀਨਿਆਂ ਵਿੱਚ ਚੰਨੀ ਸਭ ਕੁੱਝ ਕਰ ਸਕਦੇ ਹਨ। ਜੇ ਮੈਂ 49 ਦਿਨਾਂ ਵਿੱਚ ਇਹ ਸਾਰੇ ਕੰਮ ਕਰ ਸਕਦਾ ਹਾਂ ਤਾਂ ਚੰਨੀ 4 ਮਹੀਨਿਆਂ ਵਿੱਚ ਕਿਉਂ ਨਹੀਂ ਕਰ ਸਕਦੇ। ਕੇਜਰੀਵਾਲ ਨੇ ਕਿਹਾ ਕਿ ਮੈਂ ਪੰਜਾਬ ਨੂੰ ਇਸ ਤਰ੍ਹਾਂ ਦਾ ਮੁੱਖ ਮੰਤਰੀ ਚਿਹਰਾ ਦੇਵਾਂਗਾ ਜਿਸ ‘ਤੇ ਪੰਜਾਬ ਨੂੰ ਮਾਣ ਮਹਿਸੂਸ ਹੋਵੇਗਾ।