‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਦਿੱਲੀ ਦੇ ਮੁੱਖ ਮੰਤਰੀ ਅਤੇ ਆਪ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਲੁਧਿਆਣਾ ਵਿੱਚ ਲੋਕਾਂ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਸਰਕਾਰ ਨਾਂ ਦਾ ਕੁੱਝ ਦਿਖਾਈ ਨਹੀਂ ਦੇ ਰਿਹਾ ਹੈ। ਕਾਂਗਰਸ ਨੇ ਸਰਕਾਰ ਦਾ ਤਮਾਸ਼ਾ ਬਣਾ ਕੇ ਰੱਖਿਆ ਹੋਇਆ ਹੈ। ਇਨ੍ਹਾਂ ਦੀ ਆਪਸ ਵਿੱਚ ਇੰਨੀ ਗੰਦੀ ਲੜਾਈ ਚੱਲ ਰਹੀ ਹੈ ਕਿ ਸਰਕਾਰ ਗਾਇਬ ਹੈ ਅਤੇ ਲੋਕਾਂ ਨੂੰ ਸਮਝ ਨਹੀਂ ਆ ਰਹੀ ਕਿ ਉਹ ਆਪਣੀ ਸ਼ਿਕਾਇਤ ਲੈ ਕੇ ਕਿਸ ਕੋਲ ਜਾਣ।
ਆਮ ਆਦਮੀ ਪਾਰਟੀ ਨੇ ਦਿੱਲੀ ਵਿੱਚ ਬਿਜਲੀ ਮੁਫ਼ਤ ਕੀਤੀ ਹੈ। ਕੇਜਰੀਵਾਲ ਨੇ ਕਿਹਾ ਕਿ ਅੱਜ ਮੈਂ ਇੱਥੇ ਸਿਹਤ ਦੀ ਗਾਰੰਟੀ ਦੇਣ ਲਈ ਆਇਆ ਹਾਂ। ਅੱਜ ਪੰਜਾਬ ਵਿੱਚ ਸਿਹਤ ਪੱਖੋਂ ਬਹੁਤ ਬੁਰਾ ਹਾਲ ਹੈ, ਕਿਸੇ ਨੂੰ ਸਹੀ ਇਲਾਜ ਨਹੀਂ ਮਿਲ ਰਿਹਾ। ਕੇਜਰੀਵਾਲ ਨੇ ਪੰਜਾਬ ਦੇ ਲੋਕਾਂ ਨੂੰ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ ਸਿਹਤ ਲਈ ਛੇ ਗਾਰੰਟੀਆਂ ਦਿੱਤੀਆਂ ਹਨ।
ਕੇਜਰੀਵਾਲ ਦੀਆਂ ਪੰਜਾਬ ਨੂੰ 6 ਸਿਹਤ ਗਾਰੰਟੀਆਂ
- ਪੰਜਾਬ ਦੇ ਹਰ ਬੰਦੇ ਨੂੰ ਮੁਫ਼ਤ ਅਤੇ ਵਧੀਆ ਇਲਾਜ ਮੁਹੱਈਆ ਕਰਵਾਇਆ ਜਾਵੇਗਾ।
- ਸਾਰੀਆਂ ਦਵਾਈਆਂ, ਟੈਸਟ, ਇਲਾਜ ਮੁਫ਼ਤ ਹੋਵੇਗਾ। ਦਿੱਲੀ ਵਿੱਚ ਅਸੀਂ ਸਾਰਿਆਂ ਨੂੰ ਮੁਫ਼ਤ ਦਵਾਈਆਂ, ਇਲਾਜ ਦੇ ਰਹੇ ਹਾਂ। ਦਿੱਲੀ ਦੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਮੁਫ਼ਤ ਦਵਾਈਆਂ ਮਿਲਦੀਆਂ ਹਨ। ਪੰਜਾਬ ਵਿੱਚ ਜੇਕਰ ਕਿਸੇ ਦਾ 10 ਤੋਂ 20 ਲੱਖ ਦਾ ਵੀ ਆਪ੍ਰੇਸ਼ਨ ਹੈ ਤਾਂ ਸਰਕਾਰੀ ਹਸਪਤਾਲ ਵਿੱਚ ਆਪ੍ਰੇਸ਼ਨ ਮੁਫ਼ਤ ਕੀਤਾ ਜਾਵੇਗਾ।
- ਪੰਜਾਬ ਦੇ ਹਰ ਵਿਅਕਤੀ ਨੂੰ ਇੱਕ ਹੈਲਥ ਕਾਰਡ ਜਾਰੀ ਕੀਤਾ ਜਾਵੇਗਾ। ਇਸ ਹੈਲਥ ਕਾਰਡ ਦੇ ਅੰਦਰ ਉਸਦੀ ਸਾਰੀ ਜਾਣਕਾਰੀ ਹੋਵੇਗੀ। ਉਸ ਵਿਅਕਤੀ ਨੂੰ ਆਪਣੀਆਂ ਰਿਪੋਰਟਾਂ ਲੈ ਕੇ ਘੁੰਮਣ ਦੀ ਲੋੜ ਨਹੀਂ ਹੋਵੇਗੀ, ਉਸਦੀਆਂ ਸਾਰੀਆਂ ਰਿਪੋਰਟਾਂ ਕੰਪਿਊਟਰ ਵਿੱਚ ਹੋਣਗੀਆਂ। ਜਿਸਦੇ ਕੋਲ ਹੈਲਥ ਕਾਰਡ ਹੋਵੇਗਾ, ਉਸਨੂੰ ਸਰਕਾਰ ਵੱਲੋਂ ਵਧੀਆ ਤੋਂ ਵਧੀਆ ਇਲਾਜ ਮੁਹੱਈਆ ਕਰਵਾਈ ਜਾਵੇਗੀ।
- ਪੰਜਾਬ ਦੇ ਹਰ ਪਿੰਡ ਵਿੱਚ ਮੁਹੱਲਾ ਕਲੀਨਿਕ ਖੋਲ੍ਹਿਆ ਜਾਵੇਗਾ। ਸ਼ਹਿਰਾਂ ਦੇ ਹਰ ਵਾਰਡ ਵਿੱਚ ਇੱਕ ਅਲੱਗ ਕਲੀਨਿਕ ਬਣਾਇਆ ਜਾਵੇਗਾ। ਪੰਜਾਬ ਅੰਦਰ 16 ਹਜ਼ਾਰ ਕਲੀਨਿਕ ਖੋਲ੍ਹੇ ਜਾਣਗੇ। ਦਿੱਲੀ ਵਿੱਚ ਅਸੀਂ ਮੁਹੱਲਾ ਕਲੀਨਿਕ ਖੋਲ੍ਹੇ ਹੋਏ ਹਨ। ਮੁਹੱਲਾ ਕਲੀਨਿਕ ਵਿੱਚ ਸਾਰੀਆਂ ਬਿਮਾਰੀਆਂ ਦਾ ਇਲਾਜ ਕੀਤਾ ਜਾਵੇਗਾ।
- ਪੰਜਾਬ ਵਿੱਚ ਜਿੰਨੇ ਵੱਡੇ-ਵੱਡੇ ਸਰਕਾਰੀ ਹਸਪਤਾਲ ਹਨ, ਉਨ੍ਹਾਂ ਸਾਰੇ ਹਸਪਤਾਲਾਂ ਨੂੰ ਠੀਕ ਕੀਤਾ ਜਾਵੇਗਾ। ਸਾਰੇ ਹਸਪਤਾਲਾਂ ਨੂੰ ਸ਼ਾਨਦਾਰ ਅਤੇ ਵਧੀਆ ਬਣਾਇਆ ਜਾਵੇਗਾ। ਵੱਡੇ ਪੱਧਰ ‘ਤੇ ਨਵੇਂ ਸਰਕਾਰੀ ਹਸਪਤਾਲ ਖੋਲ੍ਹੇ ਜਾਣਗੇ।
- ਪੰਜਾਬ ‘ਚ ਜਿਸਦਾ ਵੀ ਰੋਡ ਐਕਸੀਡੈਂਟ ਹੁੰਦਾ ਹੈ, ਉਸਦਾ ਪੂਰਾ ਇਲਾਜ ਪੰਜਾਬ ਸਰਕਾਰ ਕਰਵਾਏਗੀ। ਦਿੱਲੀ ਵਿੱਚ ਅਸੀਂ ਯੋਜਨਾ ਸ਼ੁਰੂ ਕੀਤੀ ਹੈ ਕਿ ਜੇਕਰ ਕਿਸੇ ਦਾ ਸੜਕ ‘ਤੇ ਐਕਸੀਡੈਂਟ ਹੋ ਜਾਂਦਾ ਹੈ ਤਾਂ ਉਸਨੂੰ ਕੋਈ ਵੀ ਜਲਦ ਤੋਂ ਜਲਦ ਕਿਸੇ ਵੀ ਹਸਪਤਾਲ ਵਿੱਚ ਦਾਖ਼ਲ ਕਰਵਾ ਦੇਵੇ। ਪਰ ਉਸਦਾ ਸਾਰਾ ਖ਼ਰਚਾ ਦਿੱਲੀ ਸਰਕਾਰ ਦਿੰਦੀ ਹੈ।
ਕੇਜਰੀਵਾਲ ਨੇ ਕਿਹਾ ਕਿ ਜਦੋਂ ਪੰਜਾਬ ਵਿੱਚ ਸਾਡੀ ਸਰਕਾਰ ਬਣੇਗੀ, ਪੰਜਾਬ ਦੇ ਸਾਰੇ ਛੋਟੇ-ਵੱਡੇ ਸ਼ਹਿਰਾਂ ਵਿੱਚ ਪ੍ਰੈੱਸ ਕਲੱਬ ਬਣਾਏ ਜਾਣਗੇ।
ਕੇਜਰੀਵਾਲ ਨੇ ਪੰਜਾਬ ਵਿੱਚ ਸੀਐੱਮ ਚਿਹਰੇ ਬਾਰੇ ਬੋਲਦਿਆਂ ਕਿਹਾ ਕਿ ਸਮਾਂ ਆਉਣ ‘ਤੇ ਸੀਐੱਮ ਚਿਹਰੇ ਦਾ ਐਲਾਨ ਵੀ ਕੀਤਾ ਜਾਵੇਗਾ। ਭਗਵੰਤ ਮਾਨ ਮੇਰਾ ਛੋਟਾ ਭਰਾ ਹੈ। ਇੱਕ ਸਮਾਂ ਇਸ ਤਰ੍ਹਾਂ ਦਾ ਸੀ ਜਦੋਂ ਭਗਵੰਤ ਮਾਨ ਐਂਟਰਟੇਨਮੈਂਟ ਸ਼ੋਅ ਕਰਕੇ ਲੱਖਾਂ ਰੁਪਏ ਕਮਾਉਂਦਾ ਸੀ। ਪਰ ਭਗਵੰਤ ਮਾਨ ਪੰਜਾਬ ਲਈ ਆਪਣਾ ਐਂਟਰਟੇਨਮੈਂਟ ਸ਼ੋਅ ਤਿਆਗ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ, ਉਨ੍ਹਾਂ ਲਈ ਉਦੋਂ ਭਵਿੱਖ ਲਈ ਕੋਈ ਪਲੈਨਿੰਗ ਨਹੀਂ ਸੀ। ਅਸੀਂ ਪੰਜਾਬ ਨੂੰ ਚੰਗਾ ਅਤੇ ਵਧੀਆ ਸੀਐੱਮ ਦੇਵਾਂਗੇ, ਅਜੇ ਇਸ ਬਾਰੇ ਅਸੀਂ ਸੋਚ ਨਹੀਂ ਰਹੇ ਹਾਂ।
ਜਦੋਂ ਕੇਜਰੀਵਾਲ ਨੂੰ ਪੱਤਰਕਾਰਾਂ ਵੱਲੋਂ ਸਵਾਲ ਕੀਤਾ ਗਿਆ ਕਿ ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਆਪਣੇ-ਆਪ ਨੂੰ ਆਮ ਆਦਮੀ ਕਹਿ ਕੇ ‘ਆਪ’ ਦੀ ਵਿਚਾਰਧਾਰਾ (Ideology) ਨੂੰ ਚੋਰੀ ਕਰ ਰਹੇ ਹਨ ਤਾਂ ਕੇਜਰੀਵਾਲ ਨੇ ਕਿਹਾ ਕਿ ਕੇਜਰੀਵਾਲ ਦੀ ਨਕਲ ਕਰਨਾ ਆਸਾਨ ਹੈ ਪਰ ਅਮਲ ਕਰਨਾ ਮੁਸ਼ਕਿਲ ਹੈ।