India Punjab

ਕੇਜਰੀਵਾਲ ਨੇ ਵਪਾਰੀਆਂ ਨੂੰ ਦਿੱਤਾ ਲਾਲਚ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਦਿੱਲੀ ਦੇ ਮੁੱਖ ਮੰਤਰੀ ਅਤੇ ਆਪ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਜਲੰਧਰ ਵਿੱਚ ਅੱਜ ਮੀਟਿੰਗ ਕੀਤੀ। ਇਸ ਮੌਕੇ ਕੇਜਰੀਵਾਲ ਨੇ ਕਿਹਾ ਕਿ ਅਸੀਂ ਪੰਜਾਬ ਵਿੱਚ 24 ਘੰਟੇ ਬਿਜਲੀ ਦਾ ਇੰਤਜ਼ਾਮ ਕਰਕੇ ਵਿਖਾਵਾਂਗੇ। ਕੇਜਰੀਵਾਲ ਨੇ ਕਿਹਾ ਕਿ ਜੇਕਰ ਉੱਪਰ ਇਮਾਨਦਾਰ ਸੀਐੱਮ ਹੋਵੇਗਾ, ਇਮਾਨਦਾਰ ਮੰਤਰੀ ਮੰਡਲ ਹੋਵੇਗਾ ਤਾਂ ਨੀਚੇ ਦਾ ਸਾਰਾ ਢਾਂਚਾ ਆਪਣੇ-ਆਪ ਠੀਕ ਹੋ ਜਾਵੇਗਾ। ਕੇਜਰੀਵਾਲ ਨੇ ਕਿਹਾ ਕਿ ਪੁਰਾਣੇ ਸਾਰੇ ਕਾਨੂੰਨ ਠੀਕ ਕੀਤੇ ਜਾਣਗੇ, ਜਿਨ੍ਹਾਂ ਕਾਨੂੰਨਾਂ ਦੀ ਜ਼ਰੂਰਤ ਨਹੀਂ ਹੈ, ਉਨ੍ਹਾਂ ਨੂੰ ਖਤਮ ਕੀਤਾ ਜਾਵੇਗਾ।

ਕੇਜਰੀਵਾਲ ਨੇ ਕਿਹਾ ਕਿ ਅਸੀਂ ਰੇਡ ਰਾਜ, ਇੰਸਪੈਕਟਰ ਰਾਜ ਖਤਮ ਕਰਾਂਗੇ ਅਤੇ ਵਪਾਰੀਆਂ ਨੂੰ ਕਾਰੋਬਾਰ ਲਈ ਵਧੀਆ ਮਾਹੌਲ ਦੇਵਾਂਗੇ।ਅਸੀਂ ਸਾਰੀਆਂ ਇੰਡਸਟਰੀਆਂ ਦਾ ਇਨਫਰਾਸਟ੍ਰਕਚਰ, ਸੜਕਾਂ, ਸੀਵਰ, ਪਾਣੀ, ਬਿਜਲੀ ਵਰਗੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਇੱਕ-ਦੋ ਸਾਲ ਵਿੱਚ ਹੋ ਜਾਵੇਗਾ।

ਕੇਜਰੀਵਾਲ ਨੇ ਵਪਾਰੀਆਂ ਨੂੰ ਭਰੋਸਾ ਦਿੱਤਾ ਕਿ ਪੰਜਾਬ ਵਿੱਚ ਸਰਕਾਰ ਬਣਨ ਦੇ ਤਿੰਨ ਤੋਂ ਛੇ ਮਹੀਨਿਆਂ ਦੇ ਅੰਦਰ ਜਿੰਨੇ ਵੀ ਲੋਕਾਂ ਦੇ, ਵਪਾਰੀਆਂ ਦੇ ਸਾਰੇ ਰਿਫੰਡ ਕਲੀਅਰ ਕੀਤੇ ਜਾਣਗੇ। ਜੇਕਰ ਕਿਸੇ ਦਾ ਬਹੁਤ ਵੱਡਾ ਰਿਫੰਡ ਹੈ ਤਾਂ ਉਸਨੂੰ ਕਿਸ਼ਤਾਂ ਵਿੱਚ ਵੰਡਿਆ ਜਾਵੇਗਾ। ਕੇਜਰੀਵਾਲ ਨੇ ਕਿਹਾ ਕਿ ਗੁੰਡਾ ਟੈਕਸ ਬੰਦ ਕੀਤਾ ਜਾਵੇਗਾ। ਮੈਨੂੰ ਵਪਾਰੀਆਂ ਕੋਲੋਂ ਪੈਸਾ ਨਹੀਂ ਚਾਹੀਦਾ, ਮੈਂ ਅੱਜ ਵਪਾਰੀਆਂ ਨੂੰ ਪੰਜਾਬ ਦੀ ਤਰੱਕੀ ਦੇ ਲਈ ਪਾਰਟਨਰ ਬਣਾਉਣ ਲਈ ਸੱਦਾ ਦੇਣ ਲਈ ਪੰਜਾਬ ਆਇਆ ਹਾਂ। ਇੰਡਸਟਰੀ ਅਤੇ ਵਪਾਰ ਦੀ ਇੱਕ ਬਾਡੀ ਬਣਾਈ ਜਾਵੇਗੀ। ਉਹ ਬਾਡੀ ਫੈਸਲਾ ਲਵੇਗੀ ਜੋ ਸਰਕਾਰ ਨੂੰ ਲਾਗੂ ਕਰਨੇ ਪੈਣਗੇ।

ਇੰਡਸਟਰੀ ਅਤੇ ਵਪਾਰੀਆਂ ਨੂੰ ਸਾਡੇ ਤੋਂ ਬਹੁਤ ਉਮੀਦ ਹੈ। ਅੱਜ ਪੰਜਾਬ ਨੂੰ ਰੁਜ਼ਗਾਰ ਦੀ ਬਹੁਤ ਲੋੜ ਹੈ। ਹਰ ਘਰ ਦੇ ਅੰਦਰ ਬੇਰੁਜ਼ਗਾਰ ਹੈ, ਉਨ੍ਹਾਂ ਨੂੰ ਰੁਜ਼ਗਾਰ ਸਿਰਫ਼ ਵਪਾਰੀ ਦੇ ਸਕਦੇ ਹਨ। ਸਾਨੂੰ ਪੰਜਾਬ ਨੂੰ ਇੰਨਾ ਵਿਕਸਿਤ ਕਰਨਾ ਹੈ, ਇੰਨੀਆਂ ਇੰਡਸਟਰੀਆਂ ਖੋਲ੍ਹਣੀਆਂ ਹਨ, ਇੰਨਾ ਵਪਾਰ ਕਰਨਾ ਹੈ ਕਿ ਪੰਜਾਬ ਦੇ ਅੰਦਰ ਕੋਈ ਵੀ ਬੇਰੁਜ਼ਗਾਰ ਨਹੀਂ ਰਹਿਣਾ ਚਾਹੀਦਾ। ਸਾਨੂੰ ਪੰਜਾਬ ਦੇ ਇੱਕ-ਇੱਕ ਬੱਚੇ ਨੂੰ ਨੌਕਰੀ ਦੇਣੀ ਹੈ। ਕੇਜਰੀਵਾਲ ਨੇ ਸਾਰੇ ਵਪਾਰੀਆਂ ਨੂੰ ਪੰਜਾਬ ਦੇ ਲੋਕਾਂ ਨੂੰ ਨੌਕਰੀ ਦੇਣ ਦੀ ਅਪੀਲ ਕੀਤੀ। ਕੇਜਰੀਵਾਲ ਨੇ ਵਪਾਰੀਆਂ ਨੂੰ ਜਲੰਧਰ ਦੀਆਂ 9 ਸੀਟਾਂ ‘ਤੇ ‘ਆਪ’ ਦੀ ਜਿੱਤ ਪ੍ਰਾਪਤ ਕਰਵਾਉਣ ਦੀ ਜ਼ਿੰਮੇਵਾਰੀ ਦਿੱਤੀ।