ਬਿਉਰੋ ਰਿਪੋਰਟ – ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Arvind Kejriwal) ਨੇ ਆਰਐਸਐਸ (RSS) ਦੇ ਮੁਖੀ ਮੋਹਨ ਭਾਗਵਤ (Mohan Bhagwat) ਨੂੰ ਇਕ ਚਿੱਠੀ ਲਿਖ ਕੇ 5 ਅਹਿਮ ਸਵਾਲ ਕੀਤੇ ਹਨ। ਕੇਜਰੀਵਾਲ ਵੱਲੋਂ ਇਹ ਚਿੱਠੀ ਬੀਤੇ ਦਿਨ ਲਿਖੀ ਗਈ ਸੀ। ਇਸ ਵਿੱਚ ਉਨ੍ਹਾਂ ਭਾਜਪਾ ਅਤੇ ਆਰ ਐਸ ਐਸ ‘ਤੇ ਸਵਾਲ ਕਰਕੇ ਕਟਿਹਰੇ ਵਿਚ ਖੜ੍ਹਾ ਕੀਤਾ ਹੈ।
ਪਹਿਲਾਂ ਸਵਾਲ
ਅੱਜ ਦੇਸ਼ ਭਰ ਵਿੱਚ ਦੂਜੀਆਂ ਪਾਰਟੀਆਂ ਦੇ ਆਗੂਆਂ ਨੂੰ ਕਈ ਤਰ੍ਹਾਂ ਦੇ ਲਾਲਚ ਦੇ ਕੇ ਜਾਂ ED-CBI ਦੀਆਂ ਧਮਕੀਆਂ ਦੇ ਕੇ ਉਨ੍ਹਾਂ ਦੀਆਂ ਪਾਰਟੀਆਂ ਨੂੰ ਤੋੜਿਆ ਜਾ ਰਿਹਾ ਹੈ ਅਤੇ ਦੂਜੀਆਂ ਪਾਰਟੀਆਂ ਦੀਆਂ ਸਰਕਾਰਾਂ ਨੂੰ ਡੇਗਿਆ ਜਾ ਰਿਹਾ ਹੈ। ਕੀ ਇਸ ਤਰ੍ਹਾਂ ਚੁਣੀਆਂ ਹੋਈਆਂ ਸਰਕਾਰਾਂ ਨੂੰ ਡੇਗਣਾ ਦੇਸ਼ ਅਤੇ ਦੇਸ਼ ਦੇ ਲੋਕਾਂ ਲਈ ਸਹੀ ਹੈ? ਕਿਸੇ ਵੀ ਬੇਈਮਾਨ ਤਰੀਕੇ ਨਾਲ ਸੱਤਾ ਹਾਸਿਲ ਕਰਨਾ, ਕੀ ਇਹ ਤੁਹਾਨੂੰ ਮਨਜ਼ੂਰ ਹੈ ਜਾਂ RSS ਨੂੰ?
ਦੂਸਰਾ ਸਵਾਲ
ਖੁਦ ਪ੍ਰਧਾਨ ਮੰਤਰੀ ਅਤੇ ਅਮਿਤ ਸ਼ਾਹ ਨੇ ਜਨਤਕ ਮੰਚ ਤੋਂ ਦੇਸ਼ ਦੇ ਕੁਝ ਨੇਤਾਵਾਂ ਨੂੰ ਭ੍ਰਿਸ਼ਟ ਕਿਹਾ ਅਤੇ ਕੁਝ ਦਿਨਾਂ ਬਾਅਦ ਉਨ੍ਹਾਂ ਨੂੰ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਕਰ ਲਿਆ। ਕੇਜਰੀਵਾਲ ਨੇ ਇਕ ਉਦਾਹਰਨ ਦਿੰਦੇ ਲਿਖਿਆ ਹੈ ਕਿ 28 ਜੂਨ, 2023 ਨੂੰ ਪ੍ਰਧਾਨ ਮੰਤਰੀ ਮੋਦੀ ਨੇ ਇੱਕ ਜਨਤਕ ਭਾਸ਼ਣ ਵਿੱਚ ਇੱਕ ਪਾਰਟੀ ਅਤੇ ਉਸਦੇ ਇੱਕ ਨੇਤਾ ‘ਤੇ 70 ਹਜ਼ਾਰ ਕਰੋੜ ਰੁਪਏ ਦੇ ਘੁਟਾਲੇ ਦਾ ਦੋਸ਼ ਲਗਾਇਆ। ਕੁਝ ਦਿਨਾਂ ਬਾਅਦ ਉਸ ਪਾਰਟੀ ਨੂੰ ਤੋੜ ਕੇ ਉਸੇ ਨੇਤਾ ਦੀ ਸਰਕਾਰ ਬਣਾ ਦਿੱਤੀ ਗਈ ਅਤੇ ਉਹੀ ਨੇਤਾ, ਜਿਸ ਨੂੰ ਕੱਲ੍ਹ ਤੱਕ ਭ੍ਰਿਸ਼ਟ ਕਿਹਾ ਜਾਂਦਾ ਸੀ, ਨੂੰ ਉਪ ਮੁੱਖ ਮੰਤਰੀ ਬਣਾ ਦਿੱਤਾ ਗਿਆ। ਅਜਿਹੇ ਕਈ ਮਾਮਲੇ ਹਨ ਜਦੋਂ ਦੂਜੀਆਂ ਪਾਰਟੀਆਂ ਦੇ ਭ੍ਰਿਸ਼ਟ ਨੇਤਾਵਾਂ ਨੂੰ ਭਾਜਪਾ ਵਿੱਚ ਸ਼ਾਮਲ ਕੀਤਾ ਗਿਆ ਸੀ। ਕੀ ਤੁਸੀਂ ਜਾਂ RSS ਵਰਕਰਾਂ ਨੇ ਅਜਿਹੀ ਭਾਜਪਾ ਦੀ ਕਲਪਨਾ ਕੀਤੀ ਸੀ? ਕੀ ਇਹ ਸਭ ਦੇਖ ਕੇ ਤੁਹਾਨੂੰ ਦਰਦ ਨਹੀਂ ਹੁੰਦਾ?
ਤੀਜਾ ਸਵਾਲ
ਭਾਜਪਾ ਉਹ ਪਾਰਟੀ ਹੈ ਜਿਸ ਦਾ ਜਨਮ RSS ਦੀ ਕੁੱਖ ਤੋਂ ਹੋਇਆ ਹੈ। ਜੇਕਰ ਭਾਜਪਾ ਭੰਬਲਭੂਸੇ ਵਿਚ ਹੈ ਤਾਂ ਉਸ ਨੂੰ ਸਹੀ ਰਸਤੇ ‘ਤੇ ਲਿਆਉਣਾ ਆਰਐਸਐਸ ਦੀ ਜ਼ਿੰਮੇਵਾਰੀ ਹੈ। ਕੀ ਤੁਸੀਂ ਕਦੇ ਪ੍ਰਧਾਨ ਮੰਤਰੀ ਨੂੰ ਇਹ ਸਾਰੀਆਂ ਮੂਰਖਤਾ ਭਰੀਆਂ ਗੱਲਾਂ ਕਰਨ ਤੋਂ ਰੋਕਿਆ ਹੈ?
ਚੌਥਾ ਸਵਾਲ
ਜੇਪੀ ਨੱਡਾ ਨੇ ਲੋਕ ਸਭਾ ਚੋਣਾਂ ਦੌਰਾਨ ਕਿਹਾ ਸੀ ਕਿ ਭਾਜਪਾ ਨੂੰ ਹੁਣ ਆਰਐਸਐਸ ਦੀ ਲੋੜ ਨਹੀਂ ਹੈ। ਆਰ.ਐਸ.ਐਸ ਭਾਜਪਾ ਦੀ ਮਾਂ ਹੈ। ਕੀ ਪੁੱਤ ਇੰਨਾ ਵੱਡਾ ਹੋ ਗਿਆ ਹੈ ਕਿ ਮਾਂ ਨੂੰ ਅੱਖਾਂ ਦਿਖਾਉਣ ਲੱਗ ਪਿਆ ਹੈ? ਮੈਨੂੰ ਪਤਾ ਲੱਗਾ ਹੈ ਕਿ ਨੱਡਾ ਜੀ ਦੇ ਇਸ ਬਿਆਨ ਨੇ ਹਰ RSS ਵਰਕਰ ਨੂੰ ਡੂੰਘਾ ਦੁੱਖ ਪਹੁੰਚਾਇਆ ਹੈ। ਦੇਸ਼ ਜਾਣਨਾ ਚਾਹੁੰਦਾ ਹੈ ਕਿ ਉਨ੍ਹਾਂ ਦੇ ਬਿਆਨ ਨਾਲ ਤੁਹਾਡੇ ਦਿਲ ਨੂੰ ਕੀ ਹੋਇਆ?
ਪੰਜਵਾਂ ਸਵਾਲ
ਤੁਸੀਂ ਸਾਰਿਆਂ ਨੇ ਮਿਲ ਕੇ ਕਾਨੂੰਨ ਬਣਾਇਆ ਸੀ ਕਿ ਭਾਜਪਾ ਆਗੂ 75 ਸਾਲ ਦੀ ਉਮਰ ਤੋਂ ਬਾਅਦ ਸੇਵਾਮੁਕਤ ਹੋ ਜਾਣਗੇ। ਇਸ ਕਾਨੂੰਨ ਦਾ ਵਿਆਪਕ ਪ੍ਰਚਾਰ ਕੀਤਾ ਗਿਆ ਅਤੇ ਇਸ ਕਾਨੂੰਨ ਦੇ ਤਹਿਤ ਅਡਵਾਨੀ ਜੀ ਅਤੇ ਮੁਰਲੀ ਮਨੋਹਰ ਜੋਸ਼ੀ ਜੀ ਵਰਗੇ ਭਾਜਪਾ ਦੇ ਕਈ ਸੀਨੀਅਰ ਨੇਤਾ ਸੇਵਾਮੁਕਤ ਹੋਏ। ਪਿਛਲੇ ਦਸ ਸਾਲਾਂ ਵਿੱਚ ਇਸ ਕਾਨੂੰਨ ਤਹਿਤ ਭਾਜਪਾ ਦੇ ਕਈ ਹੋਰ ਆਗੂ ਸੇਵਾਮੁਕਤ ਹੋ ਗਏ ਜਿਵੇਂ ਖੰਡੂਰੀ ਜੀ, ਸ਼ਾਂਤਾ ਕੁਮਾਰ ਜੀ, ਸੁਮਿੱਤਰਾ ਮਹਾਜਨ ਜੀ ਆਦਿ। ਹੁਣ ਅਮਿਤ ਸ਼ਾਹ ਜੀ ਕਹਿੰਦੇ ਹਨ ਕਿ ਮੋਦੀ ਜੀ ‘ਤੇ ਇਹ ਕਾਨੂੰਨ ਲਾਗੂ ਨਹੀਂ ਹੋਵੇਗਾ। ਕੀ ਤੁਸੀਂ ਇਸ ਗੱਲ ਨਾਲ ਸਹਿਮਤ ਹੋ ਕਿ ਜਿਸ ਕਾਨੂੰਨ ਤਹਿਤ ਅਡਵਾਨੀ ਜੀ ਨੂੰ ਸੇਵਾਮੁਕਤ ਕੀਤਾ ਗਿਆ ਸੀ, ਉਹ ਕਾਨੂੰਨ ਹੁਣ ਮੋਦੀ ਜੀ ‘ਤੇ ਲਾਗੂ ਨਹੀਂ ਹੋਵੇਗਾ? ਕੀ ਕਾਨੂੰਨ ਸਾਰਿਆਂ ਲਈ ਬਰਾਬਰ ਨਹੀਂ ਹੋਣਾ ਚਾਹੀਦਾ?
ਇਹ ਵੀ ਪੜ੍ਹੋ – ਕੰਗਨਾ ਦਾ 3 ਖੇਤੀ ਕਾਨੂੰਨ ਲਾਗੂ ਕਰਨ ਵਾਲੇ ਬਿਆਨ ਤੋਂ U-TURN! ‘ਮੇਰੇ ਵਿਚਾਰ ਨਿੱਜੀ ਨਹੀਂ ਹੋਣੇ ਚਾਹੀਦੇ, ਮੈਨੂੰ ਖੇਦ ਹੈ!’