India Punjab

ਹੁਣ ਕੇਜਰੀਵਾਲ ਕਰੂ ਨਸ਼ਾ ਮੁਕਤ ਪੰਜਾਬ, ਸੁਣੋ 10 ਵੱਡੇ ਐਲਾਨ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਅੱਜ ਮੁਹਾਲੀ ਵਿੱਚ ਪ੍ਰੈੱਸ ਕਾਨਫਰੰਸ ਕਰਕੇ ਕਾਂਗਰਸ ਦੇ ਪੰਜਾਬ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਪੰਜਾਬ ਮਾਡਲ ਦਾ ਖਾਕਾ ਤਿਆਰ ਕਰਨ ਤੋਂ ਇੱਕ ਦਿਨ ਬਾਅਦ ਦਿੱਲੀ ਤੋਂ ਪੰਜਾਬ ਮਾਡਲ ਲਈ ਆਪਣਾ ਪਿਟਾਰਾ ਵੀ ਖੋਲ੍ਹ ਦਿੱਤਾ ਹੈ। ਕੇਜਰੀਵਾਲ ਨੇ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਜਿੱਥੇ ਸੂਬੇ ਦੇ ਲੋਕਾਂ ਨੂੰ ਗਾਰੰਟੀਆਂ ਦਿੱਤੀਆਂ ਸਨ, ਉੱਥੇ ਹੀ ਹੁਣ ਆਪਣੀ 10 ਨੁਕਾਤੀ ਏਜੰਡਾ ਵੀ ਲੋਕਾਂ ਦੀ ਝੋਲੀ ‘ਚ ਪਾ ਦਿੱਤਾ ਹੈ। ਕੇਜਰੀਵਾਲ ਨੇ ਕਿਹਾ ਕਿ ਅਸੀਂ 10 ਨੁਕਾਤੀ ਪੰਜਾਬ ਮਾਡਲ ਤਿਆਰ ਕੀਤਾ ਹੈ। ਆਪ ਸਰਕਾਰ ਬਣਨ ‘ਤੇ ਇੱਕ ਨਵਾਂ, ਖੁਸ਼ਹਾਲ ਅਤੇ ਤਰੱਕੀ ਵਾਲਾ ਪੰਜਾਬ ਬਣਾਵਾਂਗੇ। ਕੇਜਰੀਵਾਲ ਵੱਲੋਂ ਪੰਜਾਬ ਦੇ ਲੋਕਾਂ ਨੂੰ ਪੰਜਾਬ ਮਾਡਲ ਰਾਹੀਂ ਦਿੱਤੇ ਗਏ ਏਜੰਡਿਆਂ ਵਿੱਚ ਇਹ ਏਜੰਡੇ ਸ਼ਾਮਿਲ ਹਨ।

ਕੀ ਹੈ “ਆਪ” ਦਾ ਪੰਜਾਬ ਮਾਡਲ !

  • ਪਹਿਲਾ ਏਜੰਡਾ – ਰੁਜ਼ਗਾਰ :- ਅਸੀਂ ਪੰਜਾਬ ਵਿੱਚ ਇੰਨਾ ਰੁਜ਼ਗਾਰ ਪੈਦਾ ਕਰਾਂਗੇ ਕਿ ਜੋ ਬੱਚੇ ਕੈਨੇਡਾ ਚਲੇ ਗਏ ਹਨ, ਉਹ ਪੰਜ ਸਾਲਾਂ ਵਿੱਚ ਪੰਜਾਬ ਵਾਪਸ ਆ ਜਾਣਗੇ।
  • ਦੂਜਾ ਏਜੰਡਾ – ਨਸ਼ਾ ਮੁਕਤ ਪੰਜਾਬ :- ਨਸ਼ਾ ਵੇਚਣ ਵਾਲੇ ਪੂਰੇ ਗਰੋਹ ਨੂੰ ਅਸੀਂ ਖਤਮ ਕਰਾਂਗੇ ਅਤੇ ਪੰਜਾਬ ਨੂੰ ਨਸ਼ਾ ਮੁਕਤ ਕਰਾਂਗੇ।
  • ਤੀਸਰਾ ਏਜੰਡਾ – ਪੰਜਾਬ ‘ਚ ਸ਼ਾਂਤੀ ਵਿਵਸਥਾ ਕਾਇਮ ਕਰਨਾ :- ਬੇਅਦਬੀ ਦੇ ਇੰਨੇ ਸਾਰੇ ਹਾਦਸੇ ਹੋਏ, ਸਮੇਂ-ਸਮੇਂ ‘ਤੇ ਸਾਰੇ ਧਾਰਮਿਕ ਗ੍ਰੰਥਾਂ ਦੀ ਬੇ ਅਦਬੀ ਹੋਈ ਹੈ ਪਰ ਕਿਸੇ ਵੀ ਇੱਕ ਮਾਮਲੇ ਦੇ ਅੰਦਰ ਕਿਸੇ ਨੂੰ ਸਜ਼ਾ ਨਹੀਂ ਹੋਈ। ਇਸ ਤਰ੍ਹਾਂ ਨਹੀਂ ਹੈ ਕਿ ਸਾਡੀ ਪੰਜਾਬ ਪੁਲਿਸ ਕਾਬਿਲ ਨਹੀਂ ਹੈ। ਇੱਕ ਵਾਰ ਪੰਜਾਬ ਪੁਲਿਸ ਨੂੰ ਖੁੱਲੀ ਛੋਟ ਦੇ ਦਿਉ, ਵੇਖਣਾ ਪੰਜਾਬ ਪੁਲਿਸ ਬਹੁਤ ਸ਼ਾਨਦਾਰ ਕੰਮ ਕਰਕੇ ਦਿਖਾਵੇਗੀ। ਪਰ ਬੇ ਅਦਬੀ ਮਾਮਲਿਆਂ ਵਿੱਚ ਵੱਡੇ-ਵੱਡੇ ਲੋਕਾਂ ਦੇ ਤਾਰ ਜੁੜੇ ਹੋਏ ਸਨ। ਅਸੀਂ ਸਾਰੇ ਬੇ ਅਦਬੀ ਦੇ ਦੋ ਸ਼ੀਆਂ ਨੂੰ ਸਜ਼ਾਵਾਂ ਦੇਵਾਂਗੇ।
  • ਚੌਥਾ ਏਜੰਡਾ – ਭ੍ਰਿਸ਼ਟਾਚਾਰ ਮੁਕਤ ਪੰਜਾਬ :- ਅਸੀਂ ਜਿਵੇਂ ਭ੍ਰਿਸ਼ਟਾਚਾਰ ਮੁਕਤ ਦਿੱਲੀ ਬਣਾਈ ਹੈ, ਉਵੇਂ ਹੀ ਪੰਜਾਬ ਨੂੰ ਭ੍ਰਿਸ਼ਟਾਤਾਰ ਮੁਕਤ ਬਣਾਵਾਂਗੇ।
  • ਪੰਜਵਾਂ ਏਜੰਡਾ – ਸਿੱਖਿਆ :- ਪੰਜਾਬ ਵਿੱਚ ਸਰਕਾਰੀ ਸਕੂਲਾਂ ਦੀ ਹਾਲਤ ਬਹੁਤ ਬੁਰੀ ਹੈ। ਅਧਿਆਪਕ ਸਕੂਲਾਂ ਵਿੱਚ ਪੜਾਉਣ ਦੀ ਥਾਂ ਧਰਨੇ ਪ੍ਰਦਰਸ਼ਨ ਕਰ ਰਹੇ ਹਨ, ਉਨ੍ਹਾਂ ‘ਤੇ ਪਾਣੀ ਦੀਆਂ ਬੁਛਾੜਾਂ ਛੱਡੀਆਂ ਜਾ ਰਹੀਆਂ ਹਨ। ਪਰ ਸਾਡੀ ਸਰਕਾਰ ਆਉਣ ‘ਤੇ ਅਧਿਆਪਕ ਸਕੂਲਾਂ ਵਿੱਚ ਪੜਾਉਣਗੇ। ਅਸੀਂ ਪੰਜਾਬ ਵਿੱਚ ਸਿੱਖਿਆ ਵਿਵਸਥਾ ਨੂੰ ਸ਼ਾਨਦਾਰ ਕਰਾਂਗੇ।
  • ਛੇਵਾਂ ਏਜੰਡਾ – ਸਿਹਤ :- ਪੰਜਾਬ ਵਿੱਚ 16 ਹਜ਼ਾਰ ਮੁਹੱਲਾ ਕਲੀਨਿਕ ਬਣਨਗੇ, ਸ਼ਾਨਦਾਰ ਸਰਕਾਰੀ ਹਸਪਤਾਲ ਬਣਾਏ ਜਾਣਗੇ। ਪੰਜਾਬ ਦੇ ਹਰ ਤਿੰਨ ਕਰੋੜ ਪੰਜਾਬੀ ਨੂੰ ਗਾਰੰਟੀ ਦਿੱਤੀ ਜਾਵੇਗੀ ਕਿ ਉਸਦੇ ਘਰ ਵਿੱਚ ਚਾਹੇ ਕਿੰਨੀ ਵੀ ਵੱਡੀ ਜਾਂ ਛੋਟੀ ਬਿਮਾਰੀ ਹੋਵੇ, ਉਸਦਾ ਪੂਰਾ ਇਲਾਜ ਮੁਫ਼ਤ ਕੀਤਾ ਜਾਵੇਗਾ।
  • ਸੱਤਵਾਂ ਏਜੰਡਾ – ਬਿਜਲੀ :- ਦਿੱਲੀ ਵਾਂਗ ਪੰਜਾਬ ਵਿੱਚ 24 ਘੰਟੇ ਬਿਜਲੀ ਮੁਫ਼ਤ ਕਰਾਂਗੇ।
  • ਅੱਠਵਾਂ ਏਜੰਡਾ – 18 ਸਾਲ ਤੋਂ ਉੱਪਰ ਉਮਰ ਵਾਲੀ ਹਰ ਔਰਤ ਨੂੰ 1000 ਰੁਪਏ ਮਿਲਣਗੇ।
  • ਨੌਂਵਾਂ ਏਜੰਡਾ – ਖੇਤੀ ਵਿਵਸਥਾ ਨੂੰ ਠੀਕ ਕਰਾਂਗੇ :- ਖੇਤੀ ਦੇ ਅੰਦਰ ਕਿਸਾਨਾਂ ਦੇ ਜਿੰਨੇ ਵੀ ਮਸਲੇ ਹਨ, ਉਨ੍ਹਾਂ ਸਾਰਿਆਂ ਦਾ ਹੱਲ ਕੱਢਿਆ ਜਾਵੇਗਾ, ਜੋ ਸੂਬਾ ਸਰਕਾਰ ਕਰ ਸਕਦੀ ਹੈ ਕਿਉਂਕਿ ਕੁੱਝ ਮਸਲੇ ਕੇਂਦਰ ਸਰਕਾਰ ਹੱਲ ਕਰ ਸਕਦੀ ਹੈ। ਪਰ ਅਸੀਂ ਕੇਂਦਰ ਸਰਕਾਰ ਅੱਗੇ ਮਸਲੇ ਹੱਲ ਕਰਵਾਉਣ ਲੱ ਸੰਘਰਸ਼ ਕਰਾਂਗੇ ਪਰ ਜੋ ਸੂਬਾ ਸਰਕਾਰ ਕਰ ਸਕਦੀ ਹੈ, ਉਹ ਕਰੇਗੀ।
  • ਦਸਵਾਂ ਏਜੰਡਾ – ਵਪਾਰ ਅਤੇ ਇੰਡਸਟਰੀ :- ਅਸੀਂ ਰੇਟ ਰਾਜ ਬੰਦ ਕਰਾਂਗੇ, ਭ੍ਰਿਸ਼ਟਾਚਾਰ ਖ਼ਤਮ ਕਰਾਂਗੇ, ਇਮਾਨਦਾਰ ਵਿਵਸਥਾ ਲਾਗੂ ਕਰਾਂਗੇ ਤਾਂ ਜੋ ਹਰ ਵਪਾਰੀ ਚੰਗੀ ਤਰ੍ਹਾਂ ਕੰਮ ਕਰੇਗਾ। ਇਸ ਨਾਲ ਵਪਾਰ ਵਧੇਗਾ, ਰੁਜ਼ਗਾਰ ਵਧੇਗਾ ਤਾਂ ਹੀ ਬੱਚਿਆਂ ਨੂੰ ਰੁਜ਼ਗਾਰ ਮਿਲੇਗਾ।

ਕੇਜਰੀਵਾਲ ਨੇ ਦੂਜੀਆਂ ਸਾਰੀਆਂ ਰਾਜਨੀਤਿਕ ਪਾਰਟੀਆਂ ‘ਤੇ ਨਿਸ਼ਾਨਾ ਕੱਸਦਿਆਂ ਕਿਹਾ ਕਿ ਹੁਣ ਸਾਰੀਆਂ ਪਾਰਟੀਆਂ ਪੰਜਾਬ ਨੂੰ ਲੁੱਟਣ ਲਈ ਇਕੱਠੀਆਂ ਹੋ ਗਈਆਂ ਹਨ ਕਿਉਂਕਿ ਇਨ੍ਹਾਂ ਨੂੰ ਡਰ ਪੈ ਗਿਆ ਹੈ ਕਿ ਹੁਣ ਆਪ ਦੀ ਸਰਕਾਰ ਪੰਜਾਬ ਵਿੱਚ ਆਉਣ ਵਾਲੀ ਹੈ। ਕੇਜਰੀਵਾਲ ਨੇ ਕਿਹਾ ਕਿ ਕਾਂਗਰਸ ਨੇ 25 ਸਾਲ ਤੱਕ ਅਤੇ 19 ਸਾਲ ਤੱਕ ਬਾਦਲ ਪਰਿਵਾਰ ਨੇ ਪੰਜਾਬ ‘ਤੇ ਰਾਜ ਕੀਤਾ ਹੈ। ਇਨ੍ਹਾਂ ਨੇ ਗੱਠਜੋੜ ਵਿੱਚ ਸਰਕਾਰਾਂ ਚਲਾਈਆਂ ਸਨ ਅਤੇ ਦੋਵੇ ਪੰਜਾਬ ਨੂੰ ਲੁੱਟਦੇ ਰਹੇ ਹਨ ਅਤੇ ਆਪਸ ਵਿੱਚ ਮਿਲ-ਵੰਡ ਕੇ ਖਾਂਦੇ ਸਨ। ਪਰ ਇਸ ਵਾਰ ਲੋਕਾਂ ਨੇ ਇਨ੍ਹਾਂ ਦੋਵਾਂ ਪਾਰਟੀਆਂ ਨੂੰ ਪੰਜਾਬ ਵਿੱਚੋਂ ਉਖਾੜ ਕੇ ਆਪ ਪਾਰਟੀ ਨੂੰ ਲਿਆਉਣ ਚਾਹੁੰਦੇ ਹਨ।

ਕੇਜਰੀਵਾਲ ਨੇ ਕਿਹਾ ਕਿ ਸਾਡੀ ਪਾਰਟੀ ਵਿੱਚ ਨਾ ਤਾਂ ਟਿਕਟਾਂ ਖਰੀਦੀਆਂ ਜਾਂਦੀਆਂ ਹਨ ਅਤੇ ਨਾ ਹੀ ਟਿਕਟਾਂ ਵੇਚੀਆਂ ਜਾਂਦੀਆਂ ਹਨ। ਸਾਡੀ ਪਾਰਟੀ ਵਿੱਚੋਂ ਜੇਕਰ ਕੋਈ ਅਜਿਹਾ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਮੈਂ 24 ਘੰਟਿਆਂ ਵਿੱਚ ਉਸਨੂੰ ਪਾਰਟੀ ਤੋਂ ਕੱਢ ਦੇਵਾਂਗਾ। ਜੇ ਕਿਸੇ ਨੇ ਆਮ ਆਦਮੀ ਪਾਰਟੀ ‘ਤੇ ਗਲਤ ਦੋ ਸ਼ ਲਾਇਆ ਤਾਂ ਉਸਨੂੰ ਵੀ ਨਹੀਂ ਛੱਡਾਂਗੇ ਅਤੇ ਉਨ੍ਹਾਂ ‘ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਕਿਸਾਨ ਲੀਡਰ ਬਲਬੀਰ ਸਿੰਘ ਰਾਜੇਵਾਲ ਬਾਰੇ ਬੋਲਦਿਆਂ ਕੇਜਰੀਵਾਲ ਨੇ ਕਿਹਾ ਕਿ ਰਾਜੇਵਾਲ ਮੇਰੇ ਘਰ ਆਏ ਸਨ। ਉਨ੍ਹਾਂ ਨੇ ਮੈਨੂੰ ਇੱਕ ਆਡੀਓ ਕਲਿੱਪ ਵਾਲੀ ਪੈਂਡਰਾਈਵ ਦਿੱਤੀ ਸੀ। ਉਸ ਆਡੀਓ ਕਲਿੱਪ ਵਿੱਚ ਦੋ ਲੋਕਾਂ ਵੱਲੋਂ ਕੇਜਰੀਵਾਲ, ਮਨੀਸ਼ ਸਿਸੋਦੀਆ, ਰਾਘਵ ਚੱਢਾ ‘ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਗਾਏ ਜਾ ਰਹੇ ਸਨ। ਕੇਜਰੀਵਾਲ ਨੇ ਰਾਜੇਵਾਲ ਨੂੰ ਅਪੀਲ ਕਰਦਿਆਂ ਕਿਹਾ ਕਿ ਅਗਰ ਉਨ੍ਹਾਂ ਦੇ ਕੋਲ ਕੋਈ ਵੀ ਸਬੂਤ ਹਨ ਤਾਂ ਉਹ ਮੈਨੂੰ ਦੇਣ ਦੀ ਜ਼ਰੂਰਤ ਨਹੀਂ ਹੈ, ਉਹ ਜਨਤਾ ਨੂੰ ਉਹ ਸਬੂਤ ਦੇਣ। ਰਾਜੇਵਾਲ ਨੇ ਮੇਰੇ ਤੋਂ 60 ਟਿਕਟਾਂ ਮੰਗੀਆਂ ਸਨ, ਉਦੋਂ ਤੱਕ ਅਸੀਂ ਆਪਣੇ 90 ਉਮੀਦਵਾਰ ਐਲਾਨ ਕਰ ਦਿੱਤੇ ਸਨ। ਮੈਂ ਉਨ੍ਹਾਂ ਨੂੰ ਕਿਹਾ ਕਿ 170 ਟਿਕਟਾਂ ਹੀ ਤੁਹਾਡੀਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਸੰਯੁਕਤ ਸਮਾਜ ਮੋਰਚਾ ਜੇਕਰ ਅਲੱਗ ਤੋਂ ਲੜਦਾ ਹੈ ਤਾਂ ਸੰਭਾਵਿਕ ਹੈ ਕਿ ਆਪ ਦੀਆਂ ਵੋਟਾਂ ਨੂੰ ਫਰਕ ਪਵੇਗਾ।

ਕੇਜਰੀਵਾਲ ਨੇ ਪੈਂਫਲੇਟ ਮਾਮਲੇ ਬਾਰੇ ਬੋਲਦਿਆਂ ਕਿਹਾ ਕਿ ਪੈਂਫਲੇਟ ਸਾਡੇ ਨਹੀਂ ਹਨ, ਪੰਜਾਬ ਦੇ ਲੋਕਾਂ ਦੇ ਹਨ, ਪੰਜਾਬ ਦੇ ਲੋਕ ਵੰਡ ਰਹੇ ਹਨ, ਅਸੀਂ ਕੋਈ ਪੈਂਫਲੇਟ ਨਹੀਂ ਵੰਡਵਾਇਆ ਹੈ। ਉਨ੍ਹਾਂ ਨੇ ਸਵਾਲ ਕਰਦਿਆਂ ਕਿਹਾ ਕਿ ਕੀ ਪੰਜਾਬੀ ਵਿਕ ਜਾਣਗੇ। ਕੇਜਰੀਵਾਲ ਨੇ ਕਿਹਾ ਕਿ ਅਗਲੇ ਹਫ਼ਤੇ ਪੰਜਾਬ ਦੇ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਕੀਤਾ ਜਾਵੇਗਾ।