Punjab

ਪੰਜਾਬ ਦੀ ਇਸ ਸਰਕਾਰੀ ਲਿਸਟ ‘ਚ ਕੇਜਰੀਵਾਲ ‘ਸੁਪਰੀਮ’ ਮਾਨ ਦੂਜੇ ‘ਤੇ, ਫਿਰ ਚੱਢਾ ! ਖਹਿਰਾ ਦਾ ਤੰਜ ‘ਮਾਨ ਸਾਬ੍ਹ ਰੀਡ ਦੀ ਹੱਡੀ ਕਾਇਮ ਕਰੋ’

ਪੰਜਾਬ ਸਰਕਾਰ ਵੱਲੋਂ ਦਿੱਤੀ ਗਈ Z+ ਸੁਰੱਖਿਆ ਦੀ ਲਿਸਟ ਨੂੰ ਲੈ ਕੇ ਸੁਖਪਾਲ ਖਹਿਰਾ ਨੇ ਚੁੱਕੇ ਸਵਾਲ

‘ਦ ਖ਼ਾਲਸ ਬਿਊਰੋ :- ਹੁਣ ਤੱਕ ਵਿਰੋਧੀ ਧਿਰਾਂ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ‘ਤੇ ਪੰਜਾਬ ਪੁਲਿਸ ਦੇ ਸੈਂਕੜੇ ਜਵਾਨ ਸੁਰੱਖਿਆ ਵਿੱਚ ਰੱਖਣ ਦਾ ਇਲਜ਼ਾਮ ਲਗਾਉਂਦੇ ਸਨ ਪਰ ਪਹਿਲੀ ਵਾਰ ਕਾਂਗਰਸ ਦੇ ਵਿਧਾਇਕ ਸੁਖਪਾਲ ਖਹਿਰਾ ਨੇ ਇੱਕ ਲਿਸਟ ਨੂੰ ਜਨਤਕ ਕਰਕੇ ਗੰਭੀਰ ਇਲਜ਼ਾਮ ਲਗਾਏ ਹਨ। ਲਿਸਟ ਮੁ੍ਤਾਬਿਕ ਪੰਜਾਬ ਸਰਕਾਰ ਦੀ Z+ ਸੁਰੱਖਿਆ ਦੀ ਲਿਸਟ ਵਿੱਚ ਅਰਵਿੰਦ ਕੇਜਰੀਵਾਲ ਦਾ ਨਾਂ ਮੁੱਖ ਮੰਤਰੀ ਭਗਵੰਤ ਮਾਨ ਤੋਂ ਵੀ ਉੱਤੇ ਹੈ। ਇਸ ਲਿਸਟ ਤੋਂ ਵਿਰੋਧੀ ਧਿਰ ਦੇ 2 ਇਲਜ਼ਾਮ ਸਾਬਿਤ ਹੋ ਰਹੇ ਹਨ। ਪਹਿਲਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਪੰਜਾਬ ਵੱਲੋਂ Z+ ਸੁਰੱਖਿਆ ਦਿੱਤੀ ਗਈ ਹੈ, ਦੂਜਾ ਸੂਬੇ ਦੇ ਮੁੱਖ ਮੰਤਰੀ ਹੋਣ ਦੇ ਬਾਵਜੂਦ ਲਿਸਟ ਵਿੱਚ ਭਗਵੰਤ ਮਾਨ ਦਾ ਨਾਂ ਕੇਜਰੀਵਾਲ ਤੋਂ ਬਾਅਦ ਰੱਖਿਆ ਗਿਆ ਹੈ। ਕਾਂਗਰਸ ਵਿਧਾਇਕ ਸੁਖਪਾਲ ਖਹਿਰਾ ਦਾ ਇ ਲਜ਼ਾਮ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਹੁੰਦੇ ਹੋਏ ਕੇਜਰੀਵਾਲ ਨੂੰ ਪਹਿਲਾਂ ਹੀ Z+ ਸੁਰੱਖਿਆ ਕੇਂਦਰ ਤੋਂ ਮਿਲੀ ਹੈ। ਅਜਿਹੇ ਵਿੱਚ ਆਖਿਰ ਪੰਜਾਬ ਪੁਲਿਸ ਵੱਲੋਂ ਕਿਉਂ Z+ ਸੁਰੱਖਿਆ ਦਿੱਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਪੁਲਿਸ ਦੇ ਇਹ ਜਵਾਨ ਦਿੱਲੀ ਦੇ ਕਪੂਰਥਲਾ ਹਾਊਸ ਵਿੱਚ ਰਹਿੰਦੇ ਹਨ। Z+ ਲਿਸਟ ਵਿੱਚ ਇੱਕ ਹੋਰ ਨਾਂ ਨੂੰ ਲੈ ਕੇ ਵੀ ਖਹਿਰਾ ਨੇ ਗੰਭੀਰ ਸਵਾਲ ਚੁੱਕੇ ਹਨ।

ਰਾਘਵ ਚੱਢਾ ਨੂੰ ਵੀ Z+ ਸੁਰੱਖਿਆ

ਸੁਖਪਾਲ ਖਹਿਰਾ ਨੇ z+ ਸੁਰੱਖਿਆ ਨੂੰ ਲੈ ਕੇ ਜਿਹੜੀ ਲਿਸਟ ਜਾਰੀ ਕੀਤੀ ਹੈ, ਉਸ ਵਿੱਚ ਭਗਵੰਤ ਮਾਨ ਤੋਂ ਬਾਅਦ ਤੀਜੇ ਨੰਬਰ ‘ਤੇ ਰਾਘਵ ਚੱਢਾ ਦਾ ਨਾਂ ਸ਼ਾਮਲ ਹੈ। ਉਨ੍ਹਾਂ ਨੂੰ z+ ਸੁਰੱਖਿਆ ਦਿੱਤੀ ਗਈ ਹੈ। ਖਹਿਰਾ ਨੇ ਪੁੱਛਿਆ ਕਿ ਆਖਿਰ ਰਾਘਵ ਚੱਢਾ ਨੂੰ ਕਿਸ ਚੀਜ਼ ਦਾ ਖ਼ਤਰਾ ਹੈ ? ਬਾਕੀ ਕਿਸੇ ਵੀ ਰਾਜਸਭਾ ਮੈਂਬਰ ਨੂੰ Z+ ਸੁਰੱਖਿਆ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਹੈ। ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਕਿ ਉਹ ਅਰਵਿੰਦ ਕੇਜਰੀਵਾਲ ਅਤੇ ਰਾਘਵ ਚੱਢਾ ਦੀ ਸੁਰੱਖਿਆ ਫੌਰਨ ਵਾਪਸ ਲੈਣ ਕਿਉਂਕਿ ਇਸ ‘ਤੇ ਪੰਜਾਬ ਦੇ ਕਰੋੜਾਂ ਰੁਪਏ ਖਰਚ ਹੋ ਰਹੇ ਹਨ। ਸਿਰਫ਼ ਇੰਨਾ ਹੀ ਨਹੀਂ ਖਹਿਰਾ ਨੇ ਤੰਜ ਕੱਸ ਦੇ ਹੋਏ ਕਿਹਾ ਕਿ ਸੀਐੱਮ ਮਾਨ ਆਪਣਾ ਸਿਰ ਉੱਚਾ ਚੁੱਕਣ ਅਤੇ ਆਪਣੀ ਰੀਡ ਦੀ ਹੱਡੀ ਨੂੰ ਕਾਇਮ ਕਰਨ।

ਸੁਖਪਾਲ ਖਹਿਰਾ ਨੇ ਸਿੱਧੂ ਮੂਸੇਵਾਲਾ ਦੇ ਪਿਤਾ ਦੀ ਸੁਰੱਖਿਆ ਦਾ ਵੀ ਮੁੱਦਾ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਸਿੱਧੂ ਮੂਸੇਵਾਲੇ ਦੀ ਸੁਰੱਖਿਆ ਵਿੱਚ ਹੋਈ ਲਾਪਰਵਾਹੀ ਦੀ ਵਜ੍ਹਾ ਕਰਕੇ ਉਸ ਦੀ ਜਾਨ ਗਈ। ਹੁਣ ਪਿਤਾ ਨੂੰ ਧਮਕੀ ਮਿਲਣ ਦੇ ਬਾਵਜੂਦ ਸਰਕਾਰ ਹੋਰ ਸੁਰੱਖਿਆ ਨਹੀਂ ਦੇ ਰਹੀ ਹੈ। ਖਹਿਰਾ ਨੇ Z+ ਸੁਰੱਖਿਆ ਨੂੰ ਲੈ ਕੇ ਜਿਹੜੀ ਲਿਸਟ ਜਨਤਕ ਕੀਤੀ ਹੈ, ਉਹ ਪੰਜਾਬ ਸਰਕਾਰ ਨੇ ਓ.ਪੀ ਸੋਨੀ ਵੱਲੋਂ ਦਾਇਰ ਪਟੀਸ਼ਨ ਦੇ ਜਵਾਬ ਵਿੱਚ ਦਿੱਤੀ ਸੀ। ਖਹਿਰਾ ਨੇ ਕਿਹਾ ਕਿ ਵਿਧਾਨਸਭਾ ਦੇ ਅੰਦਰ ਵੀ ਸਰਕਾਰ ਤੋਂ ਸਾਬਕਾ ਉੱਪ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ ਨੇ z+ ਸੁਰੱਖਿਆ ਲੈਣ ਵਾਲੇ ਆਗੂਆਂ ਦੀ ਲਿਸਟ ਮੰਗੀ ਗਈ ਸੀ ਪਰ ਸਰਕਾਰ ਇਹ ਕਹਿਕੇ ਮਨਾ ਕਰ ਦਿੱਤਾ ਸੀ ਕਿ ਇਸ ਨਾਲ ਸੁਰੱਖਿਆ ਨੂੰ ਖ਼ਤਰਾ ਹੋ ਸਕਦਾ ਹੈ।

Z+ ਸੁਰੱਖਿਆ ਵਿੱਚ ਕੌਣ-ਕੌਣ ਸ਼ਾਮਲ

ਜਿਨ੍ਹਾਂ ਸਿਆਸਤਦਾਨਾਂ ਅਤੇ ਪੁਲਿਸ ਅਫਸਰਾਂ ਨੂੰ Z+ ਸੁਰੱਖਿਆ ਦਿੱਤੀ ਗਈ ਹੈ, ਉਸ ਵਿੱਚ ਸਭ ਤੋਂ ਪਹਿਲਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਦੂਜੇ ਨੰਬਰ ਉੱਤੇ ਮੁੱਖ ਮੰਤਰੀ ਭਗਵੰਤ ਮਾਨ, ਤੀਜੇ ਰਾਜਸਭਾ ਮੈਂਬਰ ਰਾਘਵ ਚੱਢਾ ਅਤੇ ਚੌਥੇ ‘ਤੇ DGP ਵੀਕੇ ਭਵਰਾ, ਪੰਜਵੇ ‘ਤੇ ਕੈਪਟਨ ਅਮਰਿੰਦਰ ਸਿੰਘ 6ਵੇਂ ‘ਤੇ ਪ੍ਰਕਾਸ਼ ਸਿੰਘ ਬਾਦਲ ਦਾ ਨਾਂ ਸ਼ਾਮਲ ਹੈ। 7ਵੇਂ ਨੰਬਰ ‘ਤੇ ਸੁਖਬੀਰ ਬਾਦਲ, 8ਵੇਂ ‘ਤੇ ਰਵਨੀਤ ਬਿੱਟੂ, 9ਵੇਂ ‘ਤੇ ਬਿਕਰਮ ਸਿੰਘ ਮਜੀਠੀਆ 10ਵੇਂ ‘ਤੇ ਸਾਬਕਾ ਡੀਜੀਪੀ ਦਿਨਕਰ ਗੁਪਤਾ ਨਾਂ ਸ਼ਾਮਲ ਸੀ ਜਦਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਸਾਬਕਾ ਉੱਪ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ ਨੂੰ Z ਸੁਰੱਖਿਆ ਦਿੱਤੀ ਗਈ ਹੈ।