‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਦਿੱਲੀ ਦੇ ਮੁੱਖ ਮੰਤਰੀ ਅਤੇ ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅੱਜ ਪੰਜਾਬ ਦੌਰੇ ‘ਤੇ ਜਲੰਧਰ ਆਏ। ਇੱਥੇ ਕੇਜਰੀਵਾਲ ਨੇ ਔਰਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਡੀ ਸਰਕਾਰ ਆਉਣ ‘ਤੇ ਔਰਤਾਂ ਨੂੰ ਜੋ ਹਜ਼ਾਰ-ਹਜ਼ਾਰ ਰੁਪਏ ਮਿਲਣਗੇ, ਉਸ ਨਾਲ ਉਹ ਸਭ ਤੋਂ ਪਹਿਲਾਂ ਆਪਣੇ ਲਈ ਸੂਟ ਲੈ ਕੇ ਆਉਣ ਅਤੇ ਚੰਨੀ ਨੂੰ ਕਹਿਣ ਕਿ ਇਹ ਸੂਟ ਉਨ੍ਹਾਂ ਦੇ ਕਾਲੇ ਭਰਾ (ਕੇਜਰੀਵਾਲ) ਨੇ ਲੈ ਕੇ ਦਿੱਤਾ ਹੈ। ਕੇਜਰੀਵਾਲ ਨੇ ਕਿਹਾ ਕਿ ਔਰਤਾਂ ਨੂੰ ਹਜ਼ਾਰ ਰੁਪਏ ਦੇਣ ਲਈ ਪੰਜਾਬ ਵਿੱਚ ਰਜਿਸਟ੍ਰੇਸ਼ਨ ਸ਼ੁਰੂ ਹੋ ਗਈ ਹੈ ਅਤੇ ਵੱਡੀ ਸੰਖਿਆ ਵਿੱਚ ਔਰਤਾਂ ਰਜਿਸਟ੍ਰੇਸ਼ਨ ਕਰਵਾਏ। ਪੰਜਾਬ ਵਿੱਚ ਲੱਖਾਂ ਔਰਤਾਂ ਦਾ ਰਜਿਸਟ੍ਰੇਸ਼ਨ ਹੋਵੇਗਾ। ਹਰ ਰਜਿਸਟਰਡ ਔਰਤ ਨੂੰ ਹਜ਼ਾਰ ਰੁਪਏ ਦਿੱਤੇ ਜਾਣਗੇ। ਇਹ ਕੈਪਟਨ ਦਾ ਨਹੀਂ ਕੇਜਰੀਵਾਲ ਦਾ ਕਾਰਡ ਹੈ। ਕੇਜਰੀਵਾਲ ਨੇ ਖੁਦ ਅੱਜ ਔਰਤਾਂ ਦੀ ਰਜਿਸਟ੍ਰੇਸ਼ਨ ਸ਼ੁਰੂ ਕੀਤੀ।
ਕੇਜਰੀਵਾਲ ਨੇ ਔਰਤਾਂ ਨੂੰ ਦਿੱਤੇ ਜਾਣ ਵਾਲੇ ਹਜ਼ਾਰ ਰੁਪਏ ਕਿੱਥੋਂ ਆਉਣਗੇ, ਬਾਰੇ ਸਪੱਸ਼ਟੀਕਰਨ ਦਿੰਦਿਆਂ ਦੱਸਿਆ ਕਿ ਪੰਜਾਬ ਵਿੱਚ 20 ਹਜ਼ਾਰ ਕਰੋੜ ਰੁਪਏ ਦੀ ਰੇਤ ਚੋਰੀ ਹੋ ਰਹੀ ਹੈ, ਅਸੀਂ ਸਰਕਾਰ ਆਉਣ ‘ਤੇ ਇਹ ਰੇਤ ਚੋਰੀ ਬੰਦ ਕਰਾਂਗੇ ਅਤੇ ਦੋਸ਼ੀਆਂ ਨੂੰ ਜੇਲ੍ਹ ਭੇਜਾਂਗੇ। ਇਹ 20 ਹਜ਼ਾਰ ਕਰੋੜ ਰੁਪਏ ਅਸੀਂ ਬਚਾਵਾਂਗੇ। ਰੇਤ ਚੋਰੀ ਖਤਮ ਹੋਣ ਨਾਲ ਹੀ ਸਾਰੀਆਂ ਔਰਤਾਂ ਨੂੰ 10 ਹਜ਼ਾਰ ਕਰੋੜ ਰੁਪਏ ਵਿੱਚ ਕੰਮ ਸਰ ਜਾਵੇਗਾ।