‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਆਪਣੀ ਬਠਿੰਡਾ ਦੀ ਫੇਰੀ ਲੱਗਦਾ ਮਹਿੰਗੀ ਪੈ ਜਾਵੇਗੀ। ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਰਿਸ਼ਤੇਦਾਰ ਜੈਜੀਤ ਸਿੰਘ ਜੌਹਲ ਨੇ ਕੇਜਰੀਵਾਲ ਦੇ ਖਿਲਾਫ ਮਾਣਹਾਨੀ ਦਾ ਕੇਸ ਦਰਜ ਕਰਨ ਦੀ ਚਿਤਾਵਨੀ ਦਿੱਤੀ ਹੈ। ਦਰਅਸਲ, ਕੇਜਰੀਵਾਲ ਦੀ ਅੱਜ ਬਠਿੰਡਾ ਵਿੱਚ ਵਪਾਰੀਆਂ ਦੇ ਨਾਲ ਇੱਕ ਮੀਟਿੰਗ ਸੀ। ਇਸ ਮੀਟਿੰਗ ਵਿੱਚ ਕੇਜਰੀਵਾਲ ਨੇ ਬੋਲਦਿਆਂ ਪੰਜਾਬ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਰਿਸ਼ਤੇਦਾਰ ਜੈਜੀਤ ਸਿੰਘ ਜੌਹਲ ‘ਤੇ ਤੰਜ ਕੱਸਦਿਆਂ ਕਿਹਾ ਕਿ ਬਠਿੰਡਾ ਦੇ ਵਪਾਰੀਆਂ ‘ਤੇ ਇੱਕ ਜੋਜੋ ਨਾਮ ਦਾ ਟੈਕਸ ਲੱਗਦਾ ਹੈ, ਜਿਸ ਦਾ ਮਤਲਬ ਸਿੱਧੇ ਤੌਰ ‘ਤੇ ਕਿਹਾ ਗਿਆ ਸੀ ਕਿ ਮਨਪ੍ਰੀਤ ਸਿੰਘ ਬਾਦਲ ਦੇ ਰਿਸ਼ਤੇਦਾਰ ਜੈਜੀਤ ਸਿੰਘ ਜੌਹਲ ਵਪਾਰੀਆਂ ਤੋਂ ਉਗਰਾਹੀ ਕਰਦੇ ਹਨ।
ਜੈਜੀਤ ਸਿੰਘ ਜੌਹਲ ਨੇ ਆਪਣੇ ਵਕੀਲਾਂ ਨਾਲ ਰਾਏ ਮਸ਼ਵਰਾ ਕਰਨ ਤੋਂ ਬਾਅਦ ਕੇਜਰੀਵਾਲ ਦੇ ਇਸ ਬਿਆਨ ਦਾ ਜਵਾਬ ਦਿੰਦਿਆਂ ਸੋਮਵਾਰ ਨੂੰ ਉਨ੍ਹਾਂ ਦੇ ਖ਼ਿਲਾਫ਼ ਕ੍ਰਿਮੀਨਲ ਡੈਕਲਾਮੇਸ਼ਨ (Criminal Declamation) ਦਾ ਕੇਸ ਦਾਇਰ ਕਰਨਗੇ। ਜੌਹਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਬੁਖਲਾਹਟ ਦਾ ਨਤੀਜਾ ਹੈ, ਜੋ ਮੇਰੇ ਅਤੇ ਮੇਰੇ ਪਰਿਵਾਰ ਦੇ ਉੱਪਰ ਭੱਦੀ ਸ਼ਬਦਾਵਲੀ ਇਸਤੇਮਾਲ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਹੁਣ ਤੁਸੀਂ ਸਾਫ਼ ਤਿਆਰ ਹੋ ਜਾਓ, ਤੁਹਾਡੇ ਜ਼ਿਆਦਾਤਰ ਗੇੜੇ ਬਠਿੰਡਾ ਦੇ ਲੱਗਣਗੇ। ਮੈਂ ਤੁਹਾਨੂੰ ਕਦੇ ਮੁਆਫ਼ ਕਰਨ ਵਾਲਿਆਂ ਵਿੱਚੋਂ ਨਹੀਂ ਹਾਂ। ਪਹਿਲਾਂ ਵੀ ਤੁਸੀਂ ਇੱਕ ਲੀਡਰ ਦੇ ਰਿਸ਼ਤੇਦਾਰ ਤੋਂ ਮੁਆਫੀ ਮੰਗ ਚੁੱਕੇ ਹੋ ਅਤੇ ਉਸ ਰਿਸ਼ਤੇਦਾਰ ਨੇ ਮੁਆਫ ਕਰ ਦਿੱਤਾ ਸੀ ਪਰ ਇਹ ਰਿਸ਼ਤੇਦਾਰ ਮੁਆਫ ਕਰਨ ਵਾਲਾ ਨਹੀਂ ਹੈ।