ਬਿਉਰੋ ਰਿਪੋਰਟ: ਭਾਰਤ ਸਰਕਾਰ ਵੱਲੋਂ ਅੱਤਵਾਦੀ ਐਲਾਨੇ ਗਏ ਅਰਸ਼ਦੀਪ ਡੱਲਾ ਨੂੰ ਕੈਨੇਡਾ ਵਿੱਚ ਹਿਰਾਸਤ ’ਚ ਲਿਆ ਗਿਆ ਹੈ। ਅਰਸ਼ਦੀਪ ਹਰਦੀਪ ਸਿੰਘ ਨਿੱਝਰ ਦਾ ਕਰੀਬੀ ਹੈ। NDTV ਨੇ ਸੂਤਰਾਂ ਦੇ ਹਵਾਲੇ ਨਾਲ ਆਪਣੀ ਰਿਪੋਰਟ ਵਿੱਚ ਲਿਖਿਆ ਹੈ ਕਿ ਕੈਨੇਡਾ ਵਿੱਚ 27-28 ਅਕਤੂਬਰ ਨੂੰ ਹੋਈ ਗੋਲੀਬਾਰੀ ਤੋਂ ਬਾਅਦ ਅਰਸ਼ਦੀਪ ਨੂੰ ਹਿਰਾਸਤ ’ਚ ਲਿਆ ਗਿਆ ਹੈ।
ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਉਸ ਨੂੰ ਹਿਰਾਸਤ ਤੋਂ ਬਾਅਦ ਰਿਹਾਅ ਕੀਤਾ ਗਿਆ ਹੈ ਜਾਂ ਨਹੀਂ। ਡੱਲਾ ਦੀ ਹਿਰਾਸਤ ਨੂੰ ਲੈ ਕੇ ਕੋਈ ਅਧਿਕਾਰਿਤ ਬਿਆਨ ਨਹੀਂ ਦਿੱਤਾ ਗਿਆ ਹੈ। ਕੈਨੇਡਾ ਅਤੇ ਭਾਰਤ ਵਿਚਾਲੇ ਕੂਟਨੀਤਕ ਗੱਲਬਾਤ ਫਿਲਹਾਲ ਬੰਦ ਹੈ। ਅਜਿਹੇ ’ਚ ਦੋਹਾਂ ਦੇਸ਼ਾਂ ਵਿਚਾਲੇ ਜਾਣਕਾਰੀ ਸਾਂਝੀ ਨਹੀਂ ਕੀਤੀ ਜਾ ਰਹੀ ਹੈ।
ਭਾਰਤ ਨੇ 2 ਸਾਲ ਪਹਿਲਾਂ ਡੱਲਾ ਨੂੰ ਅੱਤਵਾਦੀ ਘੋਸ਼ਿਤ ਕੀਤਾ ਸੀ, ਗੈਂਗਸਟਰ ਅਤੇ ਖਾਲਿਸਤਾਨ ਟਾਈਗਰ ਫੋਰਸ (ਕੇਟੀਐਫ) ਦੇ ਆਪਰੇਟਿਵ ਅਰਸ਼ਦੀਪ ਸਿੰਘ ਗਿੱਲ ਉਰਫ਼ ਅਰਸ਼ਦੀਪ ਡੱਲਾ ਨੂੰ ਕੇਂਦਰੀ ਗ੍ਰਹਿ ਮੰਤਰਾਲੇ ਨੇ ਅੱਤਵਾਦੀ ਘੋਸ਼ਿਤ ਕੀਤਾ ਸੀ। ਦੇਸ਼-ਵਿਦੇਸ਼ ’ਚ ਕਤਲ, ਜਬਰੀ ਵਸੂਲੀ ਅਤੇ ਘਿਨਾਉਣੇ ਅਪਰਾਧਾਂ ਤੋਂ ਇਲਾਵਾ ਪੰਜਾਬ ਦੇ ਮੋਗਾ ਤੋਂ ਕੈਨੇਡਾ ’ਚ ਲੁਕਿਆ ਅਰਸ਼ ਅੱਤਵਾਦੀ ਗਤੀਵਿਧੀਆਂ ’ਚ ਵੀ ਸ਼ਾਮਲ ਪਾਇਆ ਗਿਆ ਸੀ।
ਨੈਸ਼ਨਲ ਇਨਵੈਸਟੀਗੇਟਿੰਗ ਏਜੰਸੀ (ਐਨਆਈਏ) ਨੇ ਅਰਸ਼ਦੀਪ ਨੂੰ ਕਤਲ, ਦਹਿਸ਼ਤ ਲਈ ਫੰਡ ਇਕੱਠਾ ਕਰਨ, ਕਤਲ ਦੀ ਕੋਸ਼ਿਸ਼, ਫਿਰਕੂ ਮੁੱਦਿਆਂ ਨੂੰ ਹੱਲਾਸ਼ੇਰੀ ਦੇਣ ਅਤੇ ਪੰਜਾਬ ਵਿੱਚ ਲੋਕਾਂ ਵਿੱਚ ਦਹਿਸ਼ਤ ਪੈਦਾ ਕਰਨ ਦੇ ਮਾਮਲਿਆਂ ਵਿੱਚ ਦੋਸ਼ੀ ਪਾਇਆ ਹੈ।
ਕੇਂਦਰੀ ਗ੍ਰਹਿ ਮੰਤਰਾਲੇ ਮੁਤਾਬਕ ਅਰਸ਼ਦੀਪ UAPA ਤਹਿਤ ਲੋੜੀਂਦੇ ਹਰਦੀਪ ਸਿੰਘ ਨਿੱਝਰ ਦੇ ਬਹੁਤ ਕਰੀਬ ਸੀ। ਉਸ ਦੀ ਤਰਫੋਂ ਅੱਤਵਾਦੀ ਮਾਡਿਊਲ ਚਲਾਉਂਦਾ ਹੈ। ਅੱਤਵਾਦੀ ਗਤੀਵਿਧੀਆਂ, ਕਤਲ, ਜਬਰੀ ਵਸੂਲੀ ਤੋਂ ਇਲਾਵਾ ਉਹ ਵੱਡੇ ਪੱਧਰ ’ਤੇ ਨਸ਼ਿਆਂ ਅਤੇ ਹਥਿਆਰਾਂ ਦੀ ਤਸਕਰੀ ’ਚ ਵੀ ਸ਼ਾਮਲ ਹੈ।