India International Punjab

ਕੈਨੇਡਾ ’ਚ ਅਰਸ਼ ਡੱਲਾ ਨੂੰ ਜ਼ਮਾਨਤ! 30000 ਡਾਲਰ ਦੇ ਮੁਚਲਕੇ ’ਤੇ ਰਿਹਾਅ, ਭਾਰਤ ਕਰ ਰਿਹਾ ਸੀ ਹਵਾਲਗੀ ਦੀ ਤਿਆਰੀ

ਬਿਉਰੋ ਰਿਪੋਰਟ: ਭਾਰਤ ਸਰਕਾਰ ਵੱਲੋਂ ਅੱਤਵਾਦੀ ਐਲਾਨੇ ਗਏ ਅਰਸ਼ਦੀਪ ਸਿੰਘ ਗਿੱਲ ਉਰਫ ਅਰਸ਼ ਡੱਲਾ ਨੂੰ ਕੈਨੇਡਾ ਦੀ ਅਦਾਲਤ ਨੇ ਜ਼ਮਾਨਤ ਦੇ ਦਿੱਤੀ ਹੈ। ਹਾਲਟਨ ’ਚ ਗੋਲ਼ੀਬਾਰੀ ਮਾਮਲੇ ’ਚ ਅਰਸ਼ ਡੱਲਾ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਅਰਸ਼ ਡੱਲਾ ਦੀ ਜ਼ਮਾਨਤ ਲਈ 30,000 ਕੈਨੇਡੀਅਨ ਡਾਲਰ (18 ਲੱਖ 11 ਹਜ਼ਾਰ ਰੁਪਏ) ਦੀ ਜ਼ਮਾਨਤ ਰਾਸ਼ੀ ਜਮ੍ਹਾਂ ਕਰਵਾਈ ਗਈ ਹੈ।

ਅਰਸ਼ ਡੱਲਾ ਨੂੰ 28 ਅਕਤੂਬਰ ਨੂੰ ਕੈਨੇਡਾ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਤੋਂ ਬਾਅਦ ਭਾਰਤ ਸਰਕਾਰ ਵੱਲੋਂ ਡੱਲਾ ਦੀ ਹਵਾਲਗੀ ਲਈ ਗੱਲਬਾਤ ਲਈ ਵੀ ਯਤਨ ਕੀਤੇ ਜਾ ਰਹੇ ਸਨ। ਪਰ ਇਸ ਤੋਂ ਪਹਿਲਾਂ ਕਿ ਭਾਰਤ ਕੁਝ ਕਰਦਾ, ਡੱਲਾ ਨੂੰ ਕੈਨੇਡਾ ਵਿੱਚ ਜ਼ਮਾਨਤ ਮਿਲ ਗਈ ਹੈ। ਮਾਮਲੇ ਦੀ ਅਗਲੀ ਸੁਣਵਾਈ 24 ਫਰਵਰੀ 2025 ਨੂੰ ਹੋਵੇਗੀ।

ਭਾਰਤ ਨੇ ਅੱਤਵਾਦੀ ਐਲਾਨਿਆ ਹੈ ਡੱਲਾ

ਭਾਰਤ ਨੇ 2 ਸਾਲ ਪਹਿਲਾਂ ਡੱਲਾ ਨੂੰ ਅੱਤਵਾਦੀ ਘੋਸ਼ਿਤ ਕੀਤਾ ਸੀ, ਗੈਂਗਸਟਰ ਅਤੇ ਖਾਲਿਸਤਾਨ ਟਾਈਗਰ ਫੋਰਸ (ਕੇਟੀਐਫ) ਦੇ ਆਪਰੇਟਿਵ ਅਰਸ਼ਦੀਪ ਸਿੰਘ ਗਿੱਲ ਉਰਫ਼ ਅਰਸ਼ਦੀਪ ਡੱਲਾ ਨੂੰ ਕੇਂਦਰੀ ਗ੍ਰਹਿ ਮੰਤਰਾਲੇ ਨੇ ਅੱਤਵਾਦੀ ਘੋਸ਼ਿਤ ਕੀਤਾ ਸੀ। ਦੇਸ਼-ਵਿਦੇਸ਼ ’ਚ ਕਤਲ, ਜਬਰੀ ਵਸੂਲੀ ਅਤੇ ਘਿਨਾਉਣੇ ਅਪਰਾਧਾਂ ਤੋਂ ਇਲਾਵਾ ਪੰਜਾਬ ਦੇ ਮੋਗਾ ਤੋਂ ਕੈਨੇਡਾ ’ਚ ਲੁਕਿਆ ਅਰਸ਼ ਅੱਤਵਾਦੀ ਗਤੀਵਿਧੀਆਂ ’ਚ ਵੀ ਸ਼ਾਮਲ ਪਾਇਆ ਗਿਆ ਸੀ।

ਨੈਸ਼ਨਲ ਇਨਵੈਸਟੀਗੇਟਿੰਗ ਏਜੰਸੀ (ਐਨਆਈਏ) ਨੇ ਅਰਸ਼ਦੀਪ ਨੂੰ ਕਤਲ, ਦਹਿਸ਼ਤ ਲਈ ਫੰਡ ਇਕੱਠਾ ਕਰਨ, ਕਤਲ ਦੀ ਕੋਸ਼ਿਸ਼, ਫਿਰਕੂ ਮੁੱਦਿਆਂ ਨੂੰ ਹੱਲਾਸ਼ੇਰੀ ਦੇਣ ਅਤੇ ਪੰਜਾਬ ਵਿੱਚ ਲੋਕਾਂ ਵਿੱਚ ਦਹਿਸ਼ਤ ਪੈਦਾ ਕਰਨ ਦੇ ਮਾਮਲਿਆਂ ਵਿੱਚ ਦੋਸ਼ੀ ਪਾਇਆ ਹੈ।

ਕੇਂਦਰੀ ਗ੍ਰਹਿ ਮੰਤਰਾਲੇ ਮੁਤਾਬਕ ਅਰਸ਼ਦੀਪ UAPA ਤਹਿਤ ਲੋੜੀਂਦੇ ਹਰਦੀਪ ਸਿੰਘ ਨਿੱਝਰ ਦੇ ਬਹੁਤ ਕਰੀਬ ਸੀ। ਉਸ ਦੀ ਤਰਫੋਂ ਅੱਤਵਾਦੀ ਮਾਡਿਊਲ ਚਲਾਉਂਦਾ ਹੈ। ਅੱਤਵਾਦੀ ਗਤੀਵਿਧੀਆਂ, ਕਤਲ, ਜਬਰੀ ਵਸੂਲੀ ਤੋਂ ਇਲਾਵਾ ਉਹ ਵੱਡੇ ਪੱਧਰ ’ਤੇ ਨਸ਼ਿਆਂ ਅਤੇ ਹਥਿਆਰਾਂ ਦੀ ਤਸਕਰੀ ’ਚ ਵੀ ਸ਼ਾਮਲ ਹੈ।