India Punjab

ਕਿਸਾਨੀ ਅੰਦੋਲਨ ਕਾਰਨ ਪੰਜਾਬ ‘ਚ ਵਧੀ ਹਥਿਆਰਾਂ ਦੀ ਆਮਦ – ਕੈਪਟਨ ਅਮਰਿੰਦਰ ਸਿੰਘ

‘ਦ ਖ਼ਾਲਸ ਬਿਊਰੋ :- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨੀ ਅੰਦੋਲਨ ਬਾਰੇ ਬੋਲਦਿਆਂ ਕਿਹਾ ਕਿ ‘ਖੇਤੀ ਕਾਨੂੰਨਾਂ ਉੱਤੇ 18 ਤੋਂ 24 ਮਹੀਨਿਆਂ ਤੱਕ ਰੋਕ ਲਗਾਉਣ ਨਾਲ ਇਸ ਸੰਕਟ ਤੋਂ ਬਾਹਰ ਨਿਕਲਣਾ ਸੰਭਵ ਹੋ ਸਕਦਾ ਹੈ ਕਿਉਂਕਿ ਅਗਲੇ ਮਹੀਨੇ ਕਿਸਾਨਾਂ ਨੂੰ ਕਣਕ ਦੀ ਵਾਢੀ ਲਈ ਆਪਣੇ ਘਰਾਂ ਨੂੰ ਵਾਪਸ ਪਰਤਣਾ ਪਏਗਾ।

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ‘ਦ ਇੰਡੀਅਨ ਐਕਸਪ੍ਰੈੱਸ ਨੂੰ ਇੰਟਰਵਿਊ ਦਿੰਦਿਆਂ ਕਿਹਾ ਕਿ ਜਦੋਂ ਤੋਂ ਕਿਸਾਨ ਅੰਦੋਲਨ ਸ਼ੁਰੂ ਹੋਇਆ ਹੈ, ਪੰਜਾਬ ਵਿੱਚ ਹਥਿਆਰਾਂ ਦਾ ਆਮਦ ਵਧੀ ਹੈ। ਉਨ੍ਹਾਂ ਕਿਹਾ ਕਿ 24 ਮਹੀਨਿਆਂ ਦੌਰਾਨ ਇਹ ਸਮਝੌਤਾ ਹੋ ਸਕਦਾ ਹੈ ਕਿ ਕੁੱਝ ਕਿਸਾਨਾਂ ਦੇ ਸਮੂਹ ਖੇਤੀ ਕਾਨੂੰਨਾਂ ‘ਤੇ ਰੋਕ ਨੂੰ ਤਿੰਨ ਸਾਲਾਂ ਤੱਕ ਵਧਾਉਣ ਦੀ ਮੰਗ ਕਰ ਸਕਦੇ ਹਨ।

ਕੈਪਟਨ ਨੇ ਕਿਹਾ ਕਿ “ਇਸ ਅੰਦੋਲਨ ਵਿੱਚ ਬਹੁਤ ਸਾਰੇ ਵੱਡੇ ਕਿਸਾਨ ਨਹੀਂ ਹਨ ਭਾਵ ਜ਼ਿਆਦਾ ਜ਼ਮੀਨਾਂ ਦੀ ਮਾਲਕੀ ਵਾਲੇ ਕਿਸਾਨ ਇਸ ਅੰਦੋਲਨ ਵਿੱਚ ਸ਼ਾਮਿਲ ਨਹੀਂ ਹਨ। ਇਹ ਅੰਦੋਲਨ ਛੋਟੇ ਕਿਸਾਨ ਚਲਾ ਰਹੇ ਹਨ, ਜੋ ਅੱਧੀ ਏਕੜ, ਦੋ ਏਕੜ, ਤਿੰਨ ਏਕੜ ਦੇ ਮਾਲਕ ਹਨ। ਇਨ੍ਹਾਂ ਲੋਕਾਂ ਨੂੰ ਵਾਢੀ ਸਮੇਂ ਆਪਣੇ ਘਰਾਂ ਨੂੰ ਵਾਪਸ ਪਰਤਣਾ ਪਵੇਗਾ। ”

ਕੈਪਟਨ ਨੇ ਕਿਹਾ ਕਿ, “ਅਕਤੂਬਰ ਵਿੱਚ ਜਦੋਂ ਤੋਂ ਕਿਸਾਨ ਅੰਦੋਲਨ ਸ਼ੁਰੂ ਹੋ ਰਿਹਾ ਹੈ, ਪੰਜਾਬ ਵਿੱਚ ਹਥਿਆਰ ਆ ਰਹੇ ਹਨ। ਕੈਪਟਨ ਨੇ ਵਾਤਾਵਰਣ ਕਾਰਕੁੰਨ ਗਰੇਟਾ ਥਨਬਰਗ ਬਾਰੇ ਬੋਲਦਿਆਂ ਕਿਹਾ ਕਿ,” 18 ਵਰ੍ਹਿਆਂ ਦੀ ਗਰੇਟਾ ਥਨਬਰਗ ਵੱਲੋਂ ਇੱਕ ਬਿਆਨ ਦੇਣ ‘ਤੇ ਉਸਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸਦਾ ਕੀ ਤਰਕ ਬਣਦਾ ਹੈ? ਅਤੇ ਇਹ ਦੂਸਰੇ ਬੱਚੇ (ਦਿਸ਼ਾ ਰਵੀ ਅਤੇ ਹੋਰ ਜਿਨ੍ਹਾਂ ਦੇ ਨਾਮ ਪੁਲਿਸ ਦੁਆਰਾ ਦਿੱਤੇ ਗਏ ਹਨ) ਜਿਨ੍ਹਾਂ ਨੂੰ ਦਿੱਲੀ ‘ਚ ਚੁੱਕਿਆ ਗਿਆ ਹੈ, ਇਸਦਾ ਕੀ ਫਾਇਦਾ ਹੋਵੇਗਾ।