ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸ. ਬਿਕਰਮ ਸਿੰਘ ਮਜੀਠੀਆ ਦੇ ਘਰ ਵਿਜੀਲੈਂਸ ਵਿਭਾਗ ਦੀ ਅਨੈਤਿਕ ਕਾਰਵਾਈ ਦੀ ਸਖ਼ਤ ਨਿੰਦਾ ਕੀਤੀ ਹੈ।
ਉਨ੍ਹਾਂ ਇਸ ਨੂੰ ਪੰਜਾਬ ਸਰਕਾਰ ਦੀ ਸਿਆਸੀ ਬਦਲਾਖੋਰੀ ਅਤੇ ਬੁਖਲਾਹਟ ਵਾਲਾ ਕਦਮ ਕਰਾਰ ਦਿੱਤਾ। ਧਾਮੀ ਨੇ ਕਿਹਾ ਕਿ ਲੋਕਤੰਤਰ ਵਿੱਚ ਕਿਸੇ ਜਨਤਕ ਆਗੂ ਨੂੰ ਧੱਕੇਸ਼ਾਹੀ ਨਾਲ ਗ੍ਰਿਫਤਾਰ ਕਰਨਾ ਨਿੰਦਣਯੋਗ ਹੈ। ਸ. ਮਜੀਠੀਆ ਸਿਆਸੀ, ਪਰਿਵਾਰਕ ਅਤੇ ਸਮਾਜਿਕ ਤੌਰ ’ਤੇ ਵਧੀਆ ਪਛਾਣ ਰੱਖਦੇ ਹਨ, ਅਤੇ ਉਨ੍ਹਾਂ ਦੀ ਪਤਨੀ ਬੀਬੀ ਗਨੀਵ ਕੌਰ ਮਜੀਠੀਆ ਚੁਣੀ ਹੋਈ ਵਿਧਾਇਕ ਹਨ। ਫਿਰ ਵੀ, ਬਿਨਾਂ ਨੋਟਿਸ ਦੇ ਮਜੀਠੀਆ ਪਰਿਵਾਰ ਦੇ ਘਰ ਘੁਸਪੈਠ ਕਰਨਾ ਸਰਕਾਰ ਦੀ ਘਟੀਆ ਸੋਚ ਨੂੰ ਦਰਸਾਉਂਦਾ ਹੈ।
ਧਾਮੀ ਨੇ ਕਿਹਾ ਕਿ ਧੀਆਂ-ਭੈਣਾਂ ਨੂੰ ਡਰਾਉਣਾ ਅਤੇ ਚੁਣੀ ਹੋਈ ਪ੍ਰਤੀਨਿਧੀ ਨਾਲ ਬੇਅਦਬੀ ਵਾਲਾ ਵਿਵਹਾਰ ਪੰਜਾਬੀ ਸੱਭਿਆਚਾਰ ਦੇ ਖਿਲਾਫ ਹੈ। ਜਾਂਚ ਲਈ ਕਾਨੂੰਨੀ ਢੰਗ ਅਪਣਾਉਣਾ ਚਾਹੀਦਾ ਸੀ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਰਾਜ ਵਿੱਚ ਕਾਨੂੰਨ ਦੀ ਪਾਲਣਾ ਹੋਣੀ ਚਾਹੀਦੀ, ਨਾ ਕਿ ਵਿਅਕਤੀਗਤ ਰੰਜਿਸ਼ਾਂ ਦੀ ਆੜ ਵਿੱਚ ਅਧਿਕਾਰਾਂ ਦਾ ਦੁਰਉਪਯੋਗ।