ਕੇਂਦਰ ਸਰਕਾਰ ਦੁਆਰੇ ਤਿੰਨ ਕਾਲੇ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ਼ ਲਾਏ ਗਏ ਦਿੱਲੀ ਕਿਸਾਨ ਮੋਰਚੇ ਵਿੱਚ ਸ਼ਾਮਲ ਰਹੇ ਪਿੰਡ ਦੌਧਰ ਦੇ ਕਿਸਾਨ ਕੁਲਦੀਪ ਸਿੰਘ ਖਾਲਸਾ ਖ਼ਿਲਾਫ਼ ਦਿੱਲੀ ਦੀ ਪਟਿਆਲਾ ਹਾਊਸ ਅਦਾਲਤ ਵੱਲੋਂ ਗ੍ਰਿਫ਼ਤਾਰੀ ਦੇ ਵਾਰੰਟ ਜਾਰੀ ਕੀਤੇ ਗਏ ਹਨ।
ਅਦਾਲਤ ਵੱਲੋਂ ਇਹ ਹੁਕਮ 17 ਸਤੰਬਰ ਜਾਰੀ ਕੀਤੇ ਗਏ ਸਨ ਜਦਕਿ ਸੁਣਵਾਈ ਦੀ ਤਰੀਕ 26 ਨਵੰਬਰ ਹੈ। ਕੁਲਦੀਪ ਸਿੰਘ ਮੁਤਾਬਕ ਉਸ ਨੂੰ ਇਹ ਵਾਰੰਟ 14 ਨਵੰਬਰ ਨੂੰ ਹੀ ਪ੍ਰਾਪਤ ਹੋਏ ਹਨ।
ਕੁਲਦੀਪ ਸਿੰਘ ਖਾਲਸਾ ਦੌਧਰ ਨੇ ਦੱਸਿਆ ਕਿ ਦਿੱਲੀ ਕਿਸਾਨੀ ਸੰਘਰਸ਼ ਦੌਰਾਨ ਉਹ ਆਪਣੀਆਂ ਚਾਰ ਧੀਆਂ ਤੇ ਪਤਨੀ ਸਮੇਤ ਲਗਪਗ 13 ਮਹੀਨੇ ਸਿੰਘੂ ਬਾਰਡਰ ’ਤੇ ਕਿਸਾਨੀ ਮੋਰਚੇ ਵਿੱਚ ਸ਼ਾਮਲ ਰਿਹਾ ਸੀ, ਜਿਸ ਕਰ ਕੇ ਦਿੱਲੀ ਪੁਲੀਸ ਵੱਲੋਂ ਉਨ੍ਹਾਂ ਖਿਲਾਫ਼ ਤਕਰੀਬਨ ਨੌਂ ਕੇਸ ਦਰਜ ਕੀਤੇ ਗਏ ਸਨ।
ਉਨ੍ਹਾਂ ਨੇ ਦੱਸਿਆ ਕਿ ਅੱਠ ਕੇਸਾਂ ਵਿੱਚ ਉਹ ਪੇਸ਼ ਹੋ ਚੁੱਕੇ ਹਨ। ਕੁਲਦੀਪ ਸਿੰਘ ਨੇ ਦੱਸਿਆ ਕਿ ਜਦੋਂ ਉਹ ਗੁਰਦੁਆਰਾ ਰਕਾਬ ਗੰਜ ਤੋਂ ਸੰਸਦ ਭਵਨ ਤੱਕ ਰੋਸ ਮਾਰਚ ਕੱਢਣ ਲੱਗੇ ਸਨ ਤਾਂ ਦਿੱਲੀ ਪੁਲੀਸ ਨੇ ਉਨ੍ਹਾਂ ਨੂੰ ਉੱਥੋਂ ਹੀ ਗ੍ਰਿਫ਼ਤਾਰ ਕਰ ਕੇ ਕੇਸ ਦਰਜ ਕਰ ਦਿੱਤਾ ਸੀ।
ਉਨ੍ਹਾਂ ਨੇ ਕਿਹਾ ਕਿ ਬੇਸ਼ੱਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕਿਸਾਨਾਂ ਉੱਪਰ ਦਰਜ ਸਾਰੇ ਕੇਸ ਵਾਪਸ ਲੈਣ ਦਾ ਐਲਾਨ ਕੀਤਾ ਗਿਆ ਸੀ ਪਰ ਹਾਲੇ ਤੱਕ ਕੋਈ ਵੀ ਕੇਸ ਰੱਦ ਨਹੀਂ ਕੀਤਾ ਗਿਆ ਹੈ।
ਇਸ ਮੌਕੇ ਕੁਲਦੀਪ ਸਿੰਘ ਖਾਲਸਾ ਨੇ ਇੱਕ ਸਵਾਲ ਦਾ ਜਵਾਬ ਦਿੰਦਿਆਂ ਭਰੇ ਮਨ ਨਾਲ ਕਿਹਾ ਕਿ ਕਿਸੇ ਵੀ ਕਿਸਾਨ ਜਥੇਬੰਦੀ ਦੇ ਆਗੂ ਨੇ ਉਨ੍ਹਾਂ ਨਾਲ ਗ੍ਰਿਫ਼ਤਾਰੀ ਵਾਰੰਟ ਬਾਰੇ ਕੋਈ ਗੱਲ ਨਹੀਂ ਕੀਤੀ ਹੈ ਜਦਕਿ ਉਹ ਗ੍ਰਿਫ਼ਤਾਰੀ ਵਾਰੰਟਾਂ ਦੀ ਕਾਪੀ ਕਈ ਵਾਰ ਸੋਸ਼ਲ ਮੀਡੀਆ ’ਤੇ ਸਾਂਝੀ ਕਰ ਚੁੱਕਾ ਹੈ।