ਚੰਡੀਗੜ੍ਹ : ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਜਿੱਤੇ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਨਾਲ ਉਨ੍ਹਾਂ ਦੇ ਮਾਤਾ-ਪਿਤਾ ਨੇ ਆਸਾਨ ਦੇ ਡਿਬਰੂਗੜ੍ਹ ਜੇਲ੍ਹ ‘ਚ ਮੁਲਾਕਾਤ ਕੀਤੀ। ਜਿਸ ਤੋਂ ਬਾਅਦ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਅੰਮ੍ਰਿਤਪਾਲ ਦੇ ਮਾਤਾ – ਪਿਤਾ ਅਤੇ ਮਨੁੱਖੀ ਅਧਿਕਾਰਾਂ ਦੇ ਰਾਖੇ ਭਾਈ ਜਸਵੰਤ ਸਿੰਘ ਖਾਲੜਾ ਦੀ ਪਤਨੀ ਬੀਬੀ ਪਰਮਜੀਤ ਕੌਰ ਖਾਲੜਾ ਨੇ ਅਗਲੀ ਰਣਨਿਤੀ ਦਾ ਖੁਲਾਸਾ ਕੀਤਾ ਹੈ।
ਅੰਮ੍ਰਿਤਪਾਲ ਦੇ ਪਿਤਾ ਨੇ ਮੀਡੀਆ ਨਾਲ ਗੱਲ ਕਰਦਿਆਂ ਮੀਡੀਆ ਅਤੇ ਸੋਸ਼ਲ ਮੀਡੀਆ ਉੱਤੇ ਚੱਲ ਰਹੇ ਭੜਕਾਊ ਕਿਸਮ ਦੇ ਪ੍ਰਚਾਰ ਨੂੰ ਰੱਦ ਕੀਤਾ ਕਿ ਅਮ੍ਰਿਤਪਾਲ ਦੀ ਜਿੱਤ ਨਾਲ ਸੂਬੇ ਵਿੱਚ ਫਿਰਕਾਪ੍ਰਸਤੀ ਵਧੇਗੀ।
ਅਸੀਂ ਪੰਜਾਬ ਵਿੱਚ ਸਾਰੇ ਭਾਈਚਾਰਿਆਂ ਵਿੱਚ ਏਕਤਾ ਅਤੇ ਸ਼ਾਂਤੀ ਚਾਹੁੰਦੇ ਹਾਂ : ਤਰਸੇਮ ਸਿੰਘ
ਉਨ੍ਹਾਂ ਨੇ ਕਿਹਾ ਮੈਨੂੰ ਲੱਗਦਾ ਹੈ ਕਿ ਨੈਸ਼ਨਲ ਮੀਡੀਆ ਨੂੰ ਆਪਣਾ ਰੋਲ ਸਹੀ ਤਰੀਕੇ ਨਾਲ ਨਿਭਾਉਣਾ ਚਾਹੀਦਾ ਹੈ ਅਤੇ ਪੰਜਾਬ ਦੇ ਮੀਡੀਆ ਨੂੰ ਇਸ ਬਾਰੇ ਡਟ ਸਟੈਂਡ ਲੈਣਾ ਚਾਹੀਦਾ ਹੈ ਕਿ ਪੰਜਾਬ ਨੂੰ ਇਸ ਤਰੀਕੇ ਨਾਲ ਬਦਨਾਮ ਨਾ ਕੀਤਾ ਜਾਵੇ। ਤਰਸੇਮ ਸਿੰਘ ਨੇ ਕਿਹਾ ਅਸੀਂ ਪੰਜਾਬ ਵਿੱਚ ਸਾਰੇ ਭਾਈਚਾਰਿਆਂ ਵਿੱਚ ਏਕਤਾ ਅਤੇ ਸ਼ਾਂਤੀ ਚਾਹੁੰਦੇ ਹਾਂ। ਅਸੀਂ ਹਿੰਦੂ ਅਤੇ ਹੋਰ ਸਾਰੇ ਭਾਈਚਾਰਿਆਂ ਨੂੰ ਭਰੋਸਾ ਦੁਆਉਂਦੇ ਹਾਂ ਕਿ ਅਜਿਹੀ ਕੋਈ ਗੱਲ ਨਹੀਂ ਹੋਵੇਗੀ ਕਿਉਂਕਿ ਸਿੱਖ ਦੀ ਸੋਚ ਕਦੇ ਵੀ ਫਿਰਕੂ ਨਹੀਂ ਹੋ ਸਕਦੀ।
ਸੋਸ਼ਲ ਮੀਡੀਆ ‘ਤੇ ਕੀਤਾ ਜਾ ਰਿਹਾ ਗਲਤ ਪ੍ਰਚਾਰ : ਤਰਸੇਮ ਸਿੰਘ
ਉਨ੍ਹਾਂ ਨੇ ਕਿਹਾ ਸੋਸ਼ਲ ਮੀਡੀਆ ਉੱਤੇ ਕੁਝ ਲੋਕ ਆਪਣੀ ਮਰਜੀ ਨਾਲ ਗਲਤ ਢੰਗ ਨਾਲਪੋਸਟਾਂ ਪਾ ਰਹੇ ਹਨ ਉਸ ਨਾਲ ਸਾਡਾ ਉਨ੍ਹਾਂ ਨਾਲ ਕੋਈ ਸਬੰਧ ਨਹੀਂ, ਅਸੀਂ ਉਸ ਦੀ ਨਿੰਦਾ ਕਰਦੇ ਹਾਂ। ਉਨ੍ਹਾਂ ਨੇ ਕਿਹਾ ਕਿ ਬੀਬੀ ਖਾਲੜਾ ਅਤੇ ਸਾਡੇ ਦੋਵਾਂ ਦੇ ਬਿਆਨਾਂ ਨੂੰ ਸਹੀ ਮੰਨਿਆ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਕੋਈ ਹੋਰ ਅਜਿਹੇ ਬਿਆਨ ਦਿੰਦਾ ਹੈ ਤਾਂ ਉਹ ਉਸ ਦਾ ਨਿੱਜੀ ਬਿਆਨ ਹੋਵੇਗਾ। ਤਰਸੇਮ ਸਿੰਘ ਨੇ ਕਿਹਾ ਕਿ ਅਮ੍ਰਿਤਪਾਲ ਅਤੇ ਉਨ੍ਹਾਂ ਦੇ ਨਾਂ ਹੇਠ ਗੁਮਰਾਹਕੁਨ ਪ੍ਰਚਾਰ ਕਰਨ ਵਾਲਿਆਂ ਖ਼ਿਲਾਫ਼ ਉਹ ਪੁਲਿਸ ਕੋਲ ਕੇਸ ਵੀ ਦਰਜ ਕਰਵਾਉਣਗੇ।
ਨਵੇਂ ਚੁਣੇ ਗਏ ਸੰਸਦ ਮੈਂਬਰ ਦੇ ਸਹੁੰ ਚੁੱਕਣ ਦਾ ਪ੍ਰਬੰਧ ਕਰਵਾਉਣ ਲੋਕ ਸਭਾ ਦੇ ਸਪੀਕਰ : ਬੀਬੀ ਖਾਲੜਾ
ਬੀਬੀ ਖਾਲੜਾ ਨੇ ਕਿਹਾ ਕਿ ਉਹ ਅਜੇ ਉਡੀਕ ਕਰਨਗੇ ਕਿ ਲੋਕ ਸਭਾ ਦੇ ਸਪੀਕਰ ਕੀ ਕਾਰਵਾਈ ਕਰਦੇ ਹਨ। ਜੇਕਰ ਕੋਈ ਦਿੱਕਤ ਆਉਂਦੀ ਹੈ ਤਾਂ ਕਾਨੂੰਨੀ ਕਾਰਵਾਈ ਬਾਰੇ ਸੋਚਿਆ ਜਾਵੇਗਾ। ਅਮ੍ਰਿਤਪਾਲ ਦੇ ਕਾਨੂੰਨੀ ਟੀਮ ਨੇ ਉਨ੍ਹਾਂ ਨੂੰ ਦੱਸਿਆ ਹੈ ਕਿ ਲੋਕ ਸਭਾ ਵਿੱਚ ਸਹੁੰ ਚੁੱਕਵਾਉਣ ਲਈ ਅਧਿਕਾਰਤ ਉੱਤੇ ਕਾਰਵਾਈ ਹੋਵੇਗੀ। ਬੀਬੀ ਖਾਲੜਾ ਨੇ ਕਿਹਾ ਕਿ ਲੋਕ ਸਭਾ ਸਪੀਕਰ ਦੀ ਇਹ ਜਿੰਮੇਵਾਰੀ ਹੈ ਕਿ ਉਹ ਨਵੇਂ ਚੁਣੇ ਗਏ ਸੰਸਦ ਮੈਂਬਰ ਦੇ ਸਹੁੰ ਚੁੱਕਣ ਦਾ ਪ੍ਰਬੰਧ ਕਰਵਾਉਣ। ਬੀਬੀ ਖਾਲੜਾ ਨੇ ਕਿਹਾ ਕਿ ਅਮ੍ਰਿਤਪਾਲ ਨੇ ਜਦੋਂ ਚੋਣ ਲੜਨ ਦਾ ਐਲਾਨ ਕੀਤਾ ਸੀ ਤਾਂ ਕਿੰਨੀਆਂ ਹੀ ਦਿੱਕਤਾਂ ਪਈਆਂ। ਹਾਈਕੋਰਟ ਨੇ ਉਨ੍ਹਾਂ ਦੇ ਪੇਪਰ ਦਾਖ਼ਲ ਕਰਵਾਉਣ ਤੋਂ ਲੈ ਕੇ ਸਾਰੀ ਪ੍ਰਕਿਰਿਆ ਦਾ ਪ੍ਰਬੰਧ ਕਰਵਾਇਆ।
ਕਾਨੂੰਨ ਅਨੁਸਾਰ ਅੰਮ੍ਰਿਤਪਾਲ ਨੂੰ ਛੱਡਣਾ ਬਣਦਾ : ਬੀਬੀ ਖਾਲੜਾ
ਉਨ੍ਹਾਂ ਨੇ ਕਿਹਾ,ਹੁਣ ਅਮ੍ਰਿਤਪਾਲ ਜਿੱਤ ਗਏ ਹਨ। ਅਸੀਂ ਪੂਰੇ ਹਾਂ ਪੱਖੀਂ ਹਾਂ ਕਿ ਉਨ੍ਹਾਂ ਨੂੰ ਕਾਨੂੰਨ ਅਨੁਸਾਰ ਛੱਡਣਾ ਬਣਦਾ ਹੈ। ਅਸੀਂ ਉਡੀਕ ਕਰਦੇ ਹਾਂ ਅਤੇ ਜੇਕਰ ਅੱਗੇ ਕੋਈ ਸਮੱਸਿਆ ਆਈ ਤਾਂ ਅਸੀਂ ਹੱਲ ਕਰ ਸਕਦੇ ਹਾਂ। ਬੀਬੀ ਖਾਲੜਾ ਨੇ ਕਿਹਾ ਕਿ ਸਾਡੇ ਕੋਲ ਵੀ ਵਕੀਲਾਂ ਦੀਆਂ ਟੀਮਾਂ ਹਨ। ਜਿਹੜੇ ਸੰਵਿਧਾਨ ਨਾਲ ਉਹ ਸਾਨੂੰ ਖਰਾਬ ਕਰ ਰਹੇ ਹਨ, ਉਸ ਮੁਤਾਬਕ ਵੀ ਇਹ ਸੰਭਾਵਨਾ ਨਹੀਂ ਹੈ, ਮੇਰਾ ਮੰਨਣਾ ਹੈ ਕਿ ਉਨ੍ਹਾਂ ਨੂੰ ਐੱਨਐੱਸਏ ਤਹਿਤ ਜੋ ਗ੍ਰਿਫ਼ਤਾਰ ਕੀਤਾ ਗਿਆ ਹੈ, ਉਹ ਵੀ ਸੰਵਿਧਾਨ ਦੇ ਖਿਲਾਫ਼ ਹੈ।
ਖਾਲੜਾ ਨੇ ਕਿਹਾ ਪਹਿਲਾਂ ਵੀ ਹਾਈਕੋਰਟ ਨੇ ਸਾਡੀ ਮਦਦ ਕੀਤੀ ਹੈ ਅਤੇ ਅਸੀਂ ਅਜੇ ਵੀ ਉਡੀਕ ਕਰ ਰਹੇ ਹਾਂ। ਦੇਖ ਰਹੇ ਹਾਂ। ਜੇਕਰ ਕੋਈ ਸਮੱਸਿਆ ਆਵੇਗੀ ਤਾਂ ਉਸ ਦਾ ਵੀ ਸਾਡੇ ਕੋਲ਼ ਰਾਹ ਹੈ। ਇਹ ਚਾਰ ਲੱਖ ਤੋਂ ਵੱਧ ਲੋਕ, ਜਿਨ੍ਹਾਂ ਅਮ੍ਰਿਤਪਾਲ ਨੂੰ ਵੋਟਾਂ ਪਾ ਕੇ ਜਿਤਾਇਆ ਹੈ, ਉਨ੍ਹਾਂ ਦੀਆਂ ਭਾਵਨਾਵਾਂ ਦਾ ਸਵਾਲ ਹੈ। ਜਿਹੜੇ ਸਿਆਸਤਦਾਨ ਹਨ, ਉਹ ਵੀ ਚੋਣ ਲੜਦੇ ਹਨ। ਜੇਕਰ ਉਹ ਸਿਆਣੇ ਹੋਣ ਤਾਂ ਉਨ੍ਹਾਂ ਨੂੰ ਇਸ ਫਤਵੇ ਦੀ ਕਦਰ ਕਰਨੀ ਚਾਹੀਦੀ ਹੈ।
ਇਸਦੇ ਨਾਲ ਹੀ ਬੀਬੀ ਖਾਲੜਾ ਅਤੇ ਤਰਸੇਮ ਸਿੰਘ ਨੇ ਖਡੂਰ ਸਾਹਿਬ ਤੋਂ ਚੋਣ ਹਾਰੇ ਪੰਜਾਬ ਦੇ ਮੰਤਰੀ ਲਾਲਜੀਤ ਭੁੱਲਰ ਉੱਤੇ ਆਪਣੇ ਵੋਟਰਾਂ ਨੂੰ ਤੰਗ ਪ੍ਰੇਸ਼ਾਨ ਕਰਨ ਦਾ ਇਲਜ਼ਾਮ ਲਾਇਆ। ਤਰਸੇਮ ਸਿੰਘ ਨੇ ਕਿਹਾ ਅਸੀਂ ਅਪੀਲ ਕਰਦੇ ਹਾਂ ਕਿ ਮੰਤਰੀ ਅਜਿਹੇ ਰਵੱਈਏ ਤੋਂ ਬਾਜ਼ ਆਉਣ ਨਹੀਂ ਤਾਂ ਸਾਨੂੰ ਲੋਕਾਂ ਦੇ ਹੱਕ ਵਿੱਚ ਧਰਨੇ ਮੁਜ਼ਾਹਰੇ ਉੱਤੇ ਬੈਠਣਾ ਪਵੇਗਾ।
ਇਹ ਵੀ ਪੜ੍ਹੋ – ਹੁਸ਼ਿਆਰਪੁਰ ‘ਚ ਟੈਂਕਰ ਪਲਟਣ ਨਾਲ 3 ਦੀ ਮੌਤ, ਖੁਰਾਲਗੜ੍ਹ ਸਾਹਿਬ ਤੋਂ ਮੱਥਾ ਟੇਕ ਕੇ ਪਰਤ ਰਹੀ ਸੀ ਸੰਗਤ