Punjab

“ਫੌਜ ਦਾ ਬਿਆਨ ਜ਼ਖ਼ਮਾਂ ‘ਤੇ ਲੂਣ ਛਿੜਕਣ ਵਰਗਾ”

"Army's statement is like rubbing salt in wounds"

ਮਾਨਸਾ :  ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਸ਼ਹੀਦ ਹੋਏ ਫੌਜੀ ਅੰਮ੍ਰਿਤਪਾਲ ਸਿੰਘ ਦੇ ਮਾਨਸਾ ਦੇ ਪਿੰਡ ਕੋਟਲੀ ਸਥਿਤ ਘਰ ਪਹੁੰਚੇ। ਮਾਨ ਨੇ ਪਰਿਵਾਰ ਨਾਲ ਦੁੱਖ ਵੰਡਾਉਂਦਿਆਂ ਪਰਿਵਾਰ ਲਈ ਅਹਿਮ ਐਲਾਨ ਕੀਤੇ। ਮਾਨ ਨੇ ਸ਼ਹੀਦ ਅੰਮ੍ਰਿਤਪਾਲ ਸਿੰਘ ਨੂੰ ਸ਼ਰਧਾਂਜਲੀ ਦੇਣ ਤੋਂ ਬਾਅਦ ਪਰਿਵਾਰ ਨੂੰ 1 ਕਰੋੜ ਰੁਪਏ ਦਾ ਚੈੱਕ ਸੌਂਪਿਆ ਅਤੇ ਪਰਿਵਾਰ ਦੇ ਇੱਕ ਜੀਅ ਨੂੰ ਸਰਕਾਰੀ ਨੌਕਰੀ ਦੇਣ ਦਾ ਦਾਅਵਾ ਕੀਤਾ। ਮਾਨ ਨੇ ਫੌਜ ਵੱਲੋਂ ਸ਼ਹੀਦ ਅੰਮ੍ਰਿਤਪਾਲ ਸਿੰਘ ਨਾਲ ਕੀਤੇ ਗਏ ਵਤੀਰੇ ਦੀ ਨਿੰਦਾ ਕਰਦਿਆਂ ਕਿਹਾ ਕਿ ਫੌਜ ਲਈ ਇਹ ਵਤੀਰਾ ਘਾਤਕ ਸਾਬਿਤ ਹੋ ਸਕਦਾ ਹੈ।

ਸ਼ਹੀਦਾਂ ਦੇ ਪਰਿਵਾਰਾਂ ਨੂੰ ਸੰਭਾਲਣਾ ਸਰਕਾਰਾਂ ਦਾ ਕੰਮ ਹੈ। ਮਾਨ ਨੇ ਇਹ ਮੁੱਦਾ ਕੇਂਦਰੀ ਗ੍ਰਹਿ ਮੰਤਰਾਲੇ ਅੱਗੇ ਚੁੱਕਣ ਦਾ ਵੀ ਦਾਅਵਾ ਕੀਤਾ। ਮਾਨ ਨੇ ਐਲਾਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਅੰਮ੍ਰਿਤਪਾਲ ਨੂੰ ਸ਼ਹੀਦ ਦਾ ਦਰਜ ਦਿੱਤਾ ਜਾਵੇਗਾ। ਮਾਨ ਨੇ ਕਿਹਾ ਕਿ ਸ਼ਹੀਦ ਦੇ ਨਾਮ ‘ਤੇ ਪਿੰਡ ਵਿੱਚ ਇੱਕ ਖੇਡ ਸਟੇਡੀਅਮ ਬਣਾਇਆ ਜਾਵੇਗਾ ਅਤੇ ਬੁੱਤ ਵੀ ਲਗਵਾਇਆ ਜਾਵੇਗਾ।

ਮਾਨ ਨੇ ਕੇਂਦਰ ਸਰਕਾਰ ਅਤੇ ਫੌਜ ਨੂੰ ਇਸ ਘਟਨਾ ਨੂੰ ਖੁਦਕੁਸ਼ੀ ਨਾ ਕਹਿਣ ਦੀ ਸਲਾਹ ਦਿੱਤੀ ਹੈ। ਉਨ੍ਹਾਂ ਕਿਹਾ ਕਿ ਅਜਿਹਾ ਕਹਿ ਕੇ ਅਗਨੀਵੀਰ ਅਤੇ ਨੌਜਵਾਨਾਂ ਦਾ ਮਨੋਬਲ ਨਾ ਤੋੜੋ। ਅੰਮ੍ਰਿਤਪਾਲ 7 ਭੈਣਾਂ ਦੀ ਜ਼ਿੰਮੇਵਾਰੀ ਲੈ ਕੇ ਬੈਠਾ ਸੀ। ਸਾਰਾ ਪਰਿਵਾਰ ਉਸ ਦੇ ਮੋਢਿਆਂ ‘ਤੇ ਸੀ। ਇੱਕ ਭੈਣ ਦਾ ਵਿਆਹ ਸੀ, ਉਹ ਵਿਆਹ ਵਿੱਚ ਆਉਣ ਲਈ ਤਿਆਰ ਸੀ। ਮਾਨ ਨੇ ਕਿਹਾ ਕਿ ਜੋ ਆਦਮੀ ਫੌਜ ਜਾਣ ਦਾ ਜਿਗਰਾ ਰੱਖਦਾ ਹੋਵੇ ਉਹ ਕਦੇ ਵੀ ਖੁਦਕੁਸ਼ੀ ਨਹੀਂ ਕਰ ਸਕਦਾ। ਮਾਨ ਨੇ ਕਿਹਾ ਕਿ ਫੌਜ ਦਾ ਅਜਿਹਾ ਵਿਵਹਾਰ ਫੌਜ ਲਈ ਘਾਤਕ ਸਿੱਧ ਹੋਵੇਗਾ। ਮਾਨ ਨੇ ਕਿਹਾ ਕਿ ਫੌਜ ਦਾ ਬਿਆਨ ਜ਼ਖ਼ਮਾਂ ‘ਤੇ ਲੂਣ ਛਿੜਕਣ ਵਰਗਾ ਹੈ। ਖੁਦਕੁਸ਼ੀ ਵਾਲੀ ਗੱਲ ਕਹਿ ਕਿ ਫੌਜ ਬਹਾਨੇ ਬਣਾ ਰਹੀ ਹੈ।

ਮਾਨ ਨੇ ਕੇਂਦਰ ਸਰਕਾਰ ਉੱਤੇ ਵਰਦਿਆਂ ਕਿਹਾ ਕਿ ਕੱਚੇ ਅਧਿਆਪਕ ਜਾਂ ਕੱਚੇ ਹੋਰ ਮੁਲਾਜ਼ਮ ਤਾਂ ਸੁਣੇ ਸਨ ਪਰ ਕੀ ਸਾਡੀ ਹੁਣ ਫੌਜ ਵੀ ਕੱਚਿਆਂ ਦੇ ਵਿੱਚ ਰੱਖੀ ਜਾਵੇਗੀ। ਉਹਨਾਂ ਕਿਹਾ ਕਿ ਅੰਮ੍ਰਿਤਪਾਲ ਦੇਸ਼ ਦੀ ਰਾਖੀ ਕਰਦੇ ਹੋਏ ਹੀ ਸ਼ਹੀਦ ਹੋਇਆ ਹੈ ਅਤੇ ਇਸ ਨੂੰ ਕੇਂਦਰ ਸਰਕਾਰ ਸ਼ਹੀਦ ਮੰਨੇ। ਮਾਨ ਨੇ ਕਿਹਾ ਕਿ ਇਨ੍ਹਾਂ ਨੇ ਸ਼ਹੀਦੀ ਦੇ ਵੀ ਰੈਂਕ ਬਣਾ ਦਿੱਤੇ ਹਨ ਕਿ ਇਸ ਰੈਂਕ ਦੀ ਸ਼ਹੀਦੀ ਇਹ ਹੈ, ਇਸ ਰੈਂਕ ਦੀ ਸ਼ਹੀਦੀ ਇਹ ਹੈ। ਮਾਨ ਨੇ ਕਿਹਾ ਕਿ ਇਹ ਤਾਂ ਹੱਦ ਹੀ ਹੋ ਗਈ, ਇਨ੍ਹਾਂ ਨੇ ਦੁਨੀਆ ਤੋਂ ਗਏ ਨੂੰ ਸਲੂਟ ਵੀ ਨਹੀਂ ਮਾਰਿਆ।

ਫੌਜ ਨੇ ਉਹੀ ਵਰਦੀ ਦਿੱਤੀ, ਉਹੀ ਹਥਿਆਰ ਦਿੱਤੇ, ਫਿਰ ਸ਼ਹੀਦੀਆਂ ਵਿੱਚ ਫਰਕ ਕਿਉਂ ਕੀਤੇ ਜਾ ਰਹੇ ਹਨ। ਜਿਉਂ ਦੀ ਅਗਨੀਵੀਰ ਸ਼ੁਰੂ ਕੀਤੀ ਹੈ, ਇਹ ਉਸ ਤੋਂ ਬਾਅਦ ਪਹਿਲੀ ਮੌਤ ਹੈ। ਹੁਣ ਪਤਾ ਲੱਗਿਆ ਹੈ ਕਿ ਅਗਨੀਵੀਰਾਂ ਦੀ ਜਾਨ ਦੀ ਕੀ ਕੀਮਤ ਹੈ। ਮੈਂ ਕੇਂਦਰ ਸਰਕਾਰ ਨੂੰ ਮੰਗ ਕਰਦਾ ਹਾਂ ਕਿ ਜਾਂ ਤਾਂ ਅਗਨੀਵੀਰ ਨੂੰ ਰੈਗੂਲਰ ਫੌਜ ਵਿੱਚ ਕਰੋ ਜਾਂ ਫਿਰ ਉਨ੍ਹਾਂ ਨੂੰ ਵਿਹਲੇ ਕਰਕੇ ਘਰ ਭੇਜੋ, ਘੱਟੋ ਘੱਟ ਉਹ ਕੋਈ ਹੋਰ ਕੰਮ ਤਾਂ ਕਰ ਲੈਣ।

ਸ਼ਹੀਦ ਅੰਮ੍ਰਿਤਪਾਲ ਸਿੰਘ ਦੀ ਮਾਤਾ ਲਖਵਿੰਦਰ ਕੌਰ ਨੇ ਕਿਹਾ ਕਿ ਮੇਰਾ ਬੱਚਾ ਖੁਦਕੁਸ਼ੀ ਕਰਨ ਵਾਲਾ ਨਹੀਂ ਸੀ। ਉਸਨੂੰ ਭਰਤੀ ਹੋਏ ਨੂੰ ਅਜੇ 11 ਮਹੀਨੇ ਹੀ ਹੋਏ ਸਨ। ਉਸ ਨਾਲ ਮੇਰੀ ਦੋ ਦਿਨ ਪਹਿਲਾਂ ਹੀ ਗੱਲ ਹੋਈ ਸੀ। ਮਾਨ ਸਰਕਾਰ ਦਾਅਵਾ ਕਰਕੇ ਗਈ ਹੈ ਕਿ ਉਹ ਸਾਡੇ ਬੱਚੇ ਨੂੰ ਸ਼ਹੀਦ ਦਾ ਦਰਜਾ ਦੇਵੇਗੀ। ਜੋ ਬੱਚੇ ਸਾਡੇ ਦੇਸ਼ ਦੀ ਰਾਖੀ ਕਰ ਰਹੇ ਹਨ, ਸਰਕਾਰ ਨੂੰ ਉਨ੍ਹਾਂ ਬੱਚਿਆਂ ਨੂੰ ਆਪਣੇ ਮਾਂ ਬਾਪ ਤੱਕ ਮਾਣ ਸਨਮਾਨ ਨਾਲ ਲੈ ਕੇ ਆਉਣਾ ਚਾਹੀਦਾ ਹੈ। ਅਸੀਂ ਕੇਂਦਰ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਸਾਡੇ ਬੱਚੇ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇ।

ਅੰਮ੍ਰਿਤਪਾਲ ਸਿੰਘ ਦੇ ਪਿਤਾ ਨੇ ਮਾਨ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਸਾਨੂੰ ਦਾਅਵਾ ਕਰਕੇ ਗਈ ਹੈ ਕਿ ਸਰਕਾਰ ਹਰ ਮੁਸੀਬਤ ਵਿੱਚ ਉਨ੍ਹਾਂ ਦੇ ਨਾਲ ਖੜੀ ਹੈ। ਸਰਕਾਰ ਸਾਡੇ ਪੁੱਤ ਦੇ ਨਾਮ ਉੱਤੇ ਸਟੇਡੀਅਮ ਬਣਾਉਣ ਦਾ ਐਲਾਨ ਵੀ ਕਰਕੇ ਗਈ ਹੈ। ਜਦੋਂ ਕੋਈ ਫੌਜੀ ਵਰਦੀ ਹੀ ਪਾ ਲੈਂਦਾ ਹੈ ਤਾਂ ਉਹ ਬੱਚਾ ਤਾਂ ਸਰਕਾਰ ਦਾ ਹੋ ਜਾਂਦਾ ਹੈ। ਇਸ ਲਈ ਉਹ ਤਾਂ ਡਿਊਟੀ ਵਿੱਚ ਸ਼ਹੀਦ ਹੋਇਆ ਸੀ, ਇਸ ਲਈ ਉਹ ਸ਼ਹੀਦ ਹੈ, ਤੇ ਉਸਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇ।