Punjab

ਬਠਿੰਡਾ ਛਾਉਣੀ ‘ਚ ਫੌਜ ਦੇ ਅਧਿਕਾਰੀਆਂ ਨੇ ਜਾਸੂਸੀ ਮੋਚੀ ਨੂੰ ਕੀਤਾ ਗ੍ਰਿਫ਼ਤਾਰ

ਬਠਿੰਡਾ ਕੈਂਟ ਵਿੱਚ ਫੌਜ ਦੇ ਅਧਿਕਾਰੀਆਂ ਨੇ ਇੱਕ 26 ਸਾਲ ਦੇ ਨੌਜਵਾਨ ਸੁਨੀਲ ਕੁਮਾਰ ਰਾਮ ਨੂੰ ਪਾਕਿਸਤਾਨ ਲਈ ਜਾਸੂਸੀ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਹੈ। ਸੁਨੀਲ, ਜੋ ਬਿਹਾਰ ਦੇ ਸਮਸਤੀਪੁਰ ਦਾ ਰਹਿਣ ਵਾਲਾ ਹੈ, ਪਿਛਲੇ 10 ਸਾਲਾਂ ਤੋਂ ਬਠਿੰਡਾ ਦੇ ਬੇਅੰਤ ਨਗਰ ਵਿੱਚ ਰਹਿ ਕੇ ਮੋਚੀ ਦਾ ਕੰਮ ਕਰ ਰਿਹਾ ਸੀ। ਆਰਮੀ ਇੰਟੈਲੀਜੈਂਸ ਵਿੰਗ ਨੇ ਉਸ ਦੀ ਪੁੱਛਗਿੱਛ ਤੋਂ ਬਾਅਦ ਉਸ ਨੂੰ ਕੈਂਟ ਪੁਲਿਸ ਸਟੇਸ਼ਨ ਦੇ ਹਵਾਲੇ ਕਰ ਦਿੱਤਾ, ਜਿਥੇ ਪੁਲਿਸ ਨੇ ਉਸ ਨੂੰ ਹਿਰਾਸਤ ਵਿੱਚ ਲੈ ਕੇ ਮਾਮਲੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ।

ਸੁਨੀਲ ਦੇ ਮੋਬਾਈਲ ਫੋਨ ਦੀ ਜਾਂਚ ਦੌਰਾਨ ਵਟਸਐਪ ਚੈਟ ਤੋਂ ਖੁਲਾਸਾ ਹੋਇਆ ਕਿ ਉਹ ਬਠਿੰਡਾ ਕੈਂਟ ਦੀ ਜਾਣਕਾਰੀ ਪਾਕਿਸਤਾਨ ਦੀ ਇੱਕ ਕੁੜੀ ਨੂੰ ਭੇਜ ਰਿਹਾ ਸੀ। ਇਹ ਗੱਲਬਾਤ 2023 ਦੀ ਹੈ, ਜਿਸ ਵਿੱਚ ਸੁਨੀਲ ਨੇ ਦੱਸਿਆ ਕਿ ਉਸ ਦੀ ਉਸ ਕੁੜੀ ਨਾਲ ਦੋਸਤੀ ਹੋ ਗਈ ਸੀ, ਜਿਸ ਨੇ ਉਸ ਨੂੰ ਪੈਸਿਆਂ ਦਾ ਲਾਲਚ ਦਿੱਤਾ। ਉਸ ਨੇ ਕਈ ਵਾਰ ਪੈਸੇ ਵੀ ਭੇਜੇ ਸਨ।

ਇਹ ਘਟਨਾ ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਦੇਸ਼ ਭਰ ਵਿੱਚ ਫੌਜੀ ਕੈਂਪਾਂ ਵਿੱਚ ਨਿੱਜੀ ਤੌਰ ‘ਤੇ ਕੰਮ ਕਰਨ ਵਾਲੇ ਲੋਕਾਂ ਦੀ ਜਾਂਚ ਦਾ ਹਿੱਸਾ ਹੈ। ਬਠਿੰਡਾ ਛਾਉਣੀ ਵਿੱਚ ਵੀ ਫੌਜ ਦੀ ਖੁਫੀਆ ਸ਼ਾਖਾ ਨੇ ਕਈ ਦਿਨਾਂ ਤੋਂ ਅਜਿਹੇ ਲੋਕਾਂ ‘ਤੇ ਨਜ਼ਰ ਰੱਖੀ ਹੋਈ ਸੀ। ਇਸ ਜਾਂਚ ਦੌਰਾਨ ਸੁਨੀਲ ਦੀ ਗਤੀਵਿਧੀਆਂ ਸਾਹਮਣੇ ਆਈਆਂ, ਜਿਸ ਤੋਂ ਬਾਅਦ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ।