‘ਦ ਖ਼ਾਲਸ ਬਿਊਰੋ :- ਫ਼ੌਜ ਦੀ ਭਰਤੀ ਲਈ ਹੋਣ ਵਾਲੀ ਲਿਖਤੀ ਪ੍ਰੀਖਿਆ ਅਗਲੇ ਹੁਕਮਾਂ ਤੱਕ ਮੁਲਤਵੀ ਕਰ ਦਿੱਤੀ ਗਈ ਹੈ। ਪਹਿਲਾਂ ਇਹ ਪ੍ਰੀਖਿਆ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿੱਚ 25 ਜੁਲਾਈ ਨੂੰ ਹੋਣੀ ਸੀ ਪਰ ਕੋਵਿਡ-19 ਅਤੇ ਮੀਂਹ ਕਾਰਨ ਅਗਲੇ ਹੁਕਮਾਂ ਤੱਕ ਪ੍ਰੀਖਿਆ ਨੂੰ ਮੁਲਤਵੀ ਕੀਤਾ ਗਿਆ ਹੈ। ਇਸ ਪ੍ਰੀਖਿਆ ਵਿੱਚ ਪੰਜ ਜ਼ਿਲ੍ਹਿਆਂ ਦੇ ਉਮੀਦਵਾਰਾਂ ਨੇ ਹਿੱਸਾ ਲੈਣਾ ਸੀ। ਇਨ੍ਹਾਂ ਜ਼ਿਲ੍ਹਿਆਂ ਵਿੱਚ ਪਟਿਆਲਾ, ਸੰਗਰੂਰ, ਮਾਨਸਾ, ਬਰਨਾਲਾ ਅਤੇ ਫ਼ਤਿਹਗੜ੍ਹ ਸਾਹਿਬ ਸ਼ਾਮਿਲ ਹੈ।
ਭਾਰਤੀ ਫ਼ੌਜ ਦੇ ਪਟਿਆਲਾ ਸਥਿਤ ਆਰਮੀ ਭਰਤੀ ਡਾਇਰੈਕਟਰ ਕਰਨਲ ਆਰ.ਆਰ. ਚੰਦੇਲ ਨੇ ਦੱਸਿਆ ਕਿ ਆਰਮੀ ਭਰਤੀ ਦੇ ਡਾਇਰੈਕਟਰ ਜਨਰਲ, ਰੱਖਿਆ ਮੰਤਰਾਲਾ ਵੱਲੋਂ ਭਰਤੀ ਰੈਲੀ ‘ਚ ਫਿਜ਼ੀਕਲ ਟੈਸਟ ਪਾਸ ਕਰ ਚੁੱਕੇ ਉਮੀਦਵਾਰਾਂ ਦਾ ਲਿਖਤੀ ਇਮਤਿਹਾਨ 25 ਜੁਲਾਈ 2021 ਨੂੰ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਲੈਣਾ ਨਿਰਧਾਰਤ ਕੀਤਾ ਗਿਆ ਸੀ। ਪਰ ਆਰਮੀ ਹੈਡਕੁਆਰਟਰ ਤੋਂ ਪ੍ਰਾਪਤ ਹੋਏ ਦਿਸ਼ਾ-ਨਿਰਦੇਸ਼ਾਂ ਤਹਿਤ ਕੋਵਿਡ-19 ਤੇ ਦੇਸ਼ ਦੇ ਵੱਖ-ਵੱਖ ਖੇਤਰਾਂ ‘ਚ ਮੀਂਹ ਕਾਰਨ ਬਣੀ ਹੜ੍ਹਾਂ ਦੀ ਸਥਿਤੀ ਕਾਰਨ ਇਸ ਨੂੰ ਅਗਲੇ ਹੁਕਮਾਂ ਤੱਕ ਮੁਲਤਵੀ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਵੀ ਇਹ ਇਮਤਿਹਾਨ ਮੁੜ ਲੈਣਾ ਨਿਰਧਾਰਤ ਹੋਇਆ ਤਾਂ ਉਮੀਦਵਾਰਾਂ ਨੂੰ ਸੂਚਿਤ ਕੀਤਾ ਜਾਵੇਗਾ।


 
																		 
																		 
																		 
																		 
																		