India Punjab

ਪਠਾਨਕੋਟ ’ਚ ਮੁੜ ਨਜ਼ਰ ਆਏ ਸ਼ੱਕੀ! ਬਜ਼ੁਰਗ ਔਰਤ ਨੇ ਦੇਖੇ ਹਥਿਆਰਬੰਦ ਵਿਅਕਤੀ

ਬਿਉਰੋ ਰਿਪੋਰਟ: ਪਠਾਨਕੋਟ ਦੇ ਸਰਹੱਦੀ ਖੇਤਰ ਬਮਿਆਲ ਦੇ ਪਿੰਡ ਰਾਮਕਾਲਵਾਂ ਵਿੱਚ ਇੱਕ ਵਾਰ ਫਿਰ ਤਿੰਨ ਸ਼ੱਕੀ ਵਿਅਕਤੀ ਦੇਖੇ ਗਏ ਹਨ। ਹਾਲਾਂਕਿ ਕਈ ਰਿਪੋਰਟਾਂ ਵਿੱਚ ਸ਼ੱਕੀਆਂ ਦੀ ਗਿਣਤੀ 6 ਦੱਸੀ ਜਾ ਰਹੀ ਹੈ। ਇੱਕ ਬੁੱਢੀ ਔਰਤ ਨੇ ਤਿੰਨਾਂ ਨੂੰ ਦੇਖਿਆ ਹੈ। ਇਨ੍ਹਾਂ ਸ਼ੱਕੀਆਂ ਦੀ ਲਗਾਤਾਰ ਤਲਾਸ਼ ਦੇ ਮੱਦੇਨਜ਼ਰ ਪੁਲਿਸ ਵੱਲੋਂ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ।

ਥਾਣਾ ਨਰੋਟ ਜੈਮਲ ਸਿੰਘ ਦੇ ਇੰਚਾਰਜ ਤਜਿੰਦਰ ਸਿੰਘ ਨੇ ਦੱਸਿਆ ਕਿ ਰਾਮਕਲਵਾਂ ਵਿਖੇ 60 ਸਾਲਾ ਔਰਤ ਘਰ ਵਿੱਚ ਇਕੱਲੀ ਰਹਿੰਦੀ ਹੈ ਅਤੇ ਉਸ ਦਾ ਲੜਕਾ ਦਿੱਲੀ ਵਿੱਚ ਪ੍ਰਾਈਵੇਟ ਨੌਕਰੀ ਕਰਦਾ ਹੈ। ਔਰਤ ਨੇ ਬੁੱਧਵਾਰ ਰਾਤ ਕਰੀਬ 12 ਵਜੇ ਆਪਣੇ ਘਰ ਦੇ ਦਰਵਾਜ਼ੇ ’ਤੇ ਤਿੰਨ ਹਥਿਆਰਬੰਦ ਸ਼ੱਕੀਆਂ ਨੂੰ ਦੇਖਿਆ। ਗਲੀ ਵਿੱਚ ਕੁੱਤਿਆਂ ਦੇ ਭੌਂਕਣ ’ਤੇ ਉਹ ਤਿੰਨੋਂ ਭੱਜ ਗਏ।

ਇਸ ਤੋਂ ਬਾਅਦ ਬਜ਼ੁਰਗ ਔਰਤ ਨੇ ਉਕਤ ਸ਼ੱਕੀ ਵਿਅਕਤੀਆਂ ਬਾਰੇ ਆਪਣੇ ਬੇਟੇ ਨੂੰ ਜਾਣਕਾਰੀ ਦਿੱਤੀ। ਔਰਤ ਦੇ ਬੇਟੇ ਨੇ ਸਵੇਰੇ 10 ਵਜੇ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ। ਇਸ ਤੋਂ ਬਾਅਦ ਪੁਲਿਸ ਅਤੇ ਕਮਾਂਡੋ ਤਲਾਸ਼ੀ ਲਈ ਔਰਤ ਦੇ ਪਿੰਡ ਵਿੱਚ ਪਹੁੰਚੇ। ਔਰਤ ਨੇ ਪੁਲਿਸ ਨੂੰ ਇਹ ਵੀ ਦੱਸਿਆ ਕਿ ਉਸਨੇ ਉਨ੍ਹਾਂ ਦੇ ਪੈਰਾਂ ਦੇ ਨਿਸ਼ਾਨ ਵੇਖੇ ਅਤੇ ਤਿੰਨੋਂ ਉਸਦਾ ਦਰਵਾਜ਼ਾ ਖੜਕਾਉਣ ਦੀ ਕੋਸ਼ਿਸ਼ ਕਰਨ ਲੱਗੇ। ਔਰਤ ਨੇ ਡਰ ਕੇ ਦਰਵਾਜ਼ਾ ਨਹੀਂ ਖੋਲ੍ਹਿਆ।

ਸਰਹੱਦ ਤੋਂ ਪੰਜ ਕਿਲੋਮੀਟਰ ਦੂਰ ਹੈ ਪਿੰਡ

ਪਿੰਡ ਰਾਮਕਾਲਵਾਂ ਸਰਹੱਦ ਤੋਂ ਸਿਰਫ਼ ਪੰਜ ਕਿਲੋਮੀਟਰ ਦੂਰ ਹੈ। ਪੁਲਿਸ ਸ਼ੱਕੀ ਵਿਅਕਤੀਆਂ ਦੇ ਪੈਰਾਂ ਦੇ ਨਿਸ਼ਾਨਾਂ ਦੀ ਭਾਲ ਵਿੱਚ ਇਲਾਕੇ ਦੇ ਹਰ ਕੋਨੇ ਵਿੱਚ ਤਲਾਸ਼ ਕਰ ਰਹੀ ਹੈ। ਹਾਲਾਂਕਿ ਪੁਲਿਸ ਅਤੇ ਕਮਾਂਡੋਆਂ ਦੇ ਹੱਥ ਕੁਝ ਨਹੀਂ ਲੱਗਾ ਹੈ। ਪੁਲਿਸ ਵੱਲੋਂ ਇਹ ਤਲਾਸ਼ੀ ਕਰੀਬ ਦੋ ਦਿਨ ਜਾਰੀ ਰਹੇਗੀ ਕਿਉਂਕਿ ਅੱਧੇ ਤੋਂ ਵੱਧ ਸਰਹੱਦੀ ਇਲਾਕਾ ਸੁੰਨਸਾਨ ਹੈ। ਸ਼ੱਕੀਆਂ ਦੀ ਹਰਕਤ ਤੋਂ ਬਾਅਦ ਜ਼ਿਲ੍ਹਾ ਇੱਕ ਵਾਰ ਫਿਰ ਅਲਰਟ ’ਤੇ ਹੈ।

ਸਾਲ 2010 ਵਿਚ ਇਸ ਥਾਂ ਤੋਂ ਕਰੀਬ ਇਕ ਕਿਲੋਮੀਟਰ ਦੀ ਦੂਰੀ ’ਤੇ ਪੰਜਾਬ ਪੁਲਿਸ ਅਤੇ ਅੱਤਵਾਦੀਆਂ ਵਿਚਕਾਰ ਮੁੱਠਭੇੜ ਹੋਈ ਸੀ, ਜਿਸ ਵਿਚ ਦੋ ਅੱਤਵਾਦੀ ਮਾਰੇ ਗਏ ਸਨ। ਜਦੋਂ ਕਿ 26 ਜੁਲਾਈ ਨੂੰ ਇਸ ਦੇ ਨਾਲ ਲੱਗਦੇ ਇਲਾਕੇ ਪਿੰਡ ਕੋਟ ਭੱਟੀਆ ਵਿਖੇ ਹਥਿਆਰਬੰਦ ਸ਼ੱਕੀ ਵਿਅਕਤੀਆਂ ਨੂੰ ਸਭ ਤੋਂ ਪਹਿਲਾਂ ਦੇਖਿਆ ਗਿਆ ਸੀ, ਜਿਨ੍ਹਾਂ ਨੇ ਇੱਕ ਮਜ਼ਦੂਰ ਨੂੰ ਖੇਤਾਂ ਵਿੱਚ ਬੰਧਕ ਬਣਾ ਲਿਆ ਅਤੇ ਖਾਣਾ ਖਾ ਕੇ ਫ਼ਰਾਰ ਹੋ ਗਏ ਸਨ।