Punjab

“ਚੰਨੀ ਦਿੱਲੀ ਸਲਤਨਤ ਅੱਗੇ ਝੁਕਣ ਵਾਲੇ ਨਹੀਂ”

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਚੋਣਾਂ ਲਈ ਕਾਂਗਰਸ ਦੇ ਆਬਜ਼ਰਵਰ ਅਰਜੁਨ ਮੋਢਵਾਡੀਆ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਸੋਹਲੇ ਗਾਏ। ਉਨ੍ਹਾਂ ਨੇ ਕਿਹਾ ਕਿ ਚੰਨੀ ਦਿੱਲੀ ਸਲਤਨਤ ਦੇ ਅੱਗੇ ਝੁਕਣ ਵਾਲੇ ਨਹੀਂ ਹਨ। ਚਾਹੇ ਕਿੰਨੀਆਂ ਹੀ ਏਜੰਸੀਆਂ, ਝੂਠ, ਫਰੇਬ ਆ ਜਾਵੇ, ਉਸ ਨਾਲ ਕੋਈ ਫਰਕ ਨਹੀਂ ਪੈਣ ਵਾਲਾ ਕਿਉਂਕਿ ਚੰਨੀ ਸਿੱਧਾ, ਡਟ ਕੇ ਅਤੇ ਦਿੱਲੀ ਸਲਤਨਤ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਖੜੇ ਹਨ। ਭਾਰਤੀ ਜਨਤਾ ਪਾਰਟੀ ਦਾ ਮਹਾਂ ਠਗਬੰਧਨ ਹੈ। ਇਨਕਮ ਟੈਕਸ, ਸੀਬੀਆਈ, ਈਡੀ ਸਮੇਤ ਤਮਾਮ ਏਜੰਸੀਆਂ ਦੇ ਨਾਲ ਭਾਜਪਾ ਸਰਗਰਮ ਹੋ ਗਈ ਹੈ। ਭਾਜਪਾ ਜੇ ਸੋਚਦੀ ਹੈ ਕਿ ਉਹ ਚੰਨੀ ਨੂੰ ਡਰਾ ਦੇਵੇਗੀ ਤਾਂ ਇਹ ਉਨ੍ਹਾਂ ਦੀ ਬਹੁਤ ਵੱਡੀ ਗਲਤਫਹਿਮੀ ਹੈ।

ਉਨ੍ਹਾਂ ਕਿਹਾ ਕਿ ਹਰ ਪਾਰਟੀ ਵਿੱਚੋਂ ਕੁੱਝ ਲੋਕ ਜਾਂਦੇ ਹਨ ਅਤੇ ਕੁੱਝ ਲੋਕ ਜੁੜ ਜਾਂਦੇ ਹਨ। ਉੱਤਰਾਖੰਡ ਵਿੱਚ ਤਾਂ ਇਹ ਸਥਿਤੀ ਹੈ ਕਿ ਪ੍ਰਧਾਨ ਮੰਤਰੀ ਆਪਣੀ ਵਰਚੁਅਲ ਰੈਲੀ ਮੌਸਮ ਖਰਾਬ ਹੋਣ ਦਾ ਬਹਾਨਾ ਲਾ ਕੇ ਰੱਦ ਕਰ ਦਿੰਦੇ ਹਨ। ਪ੍ਰਧਾਨ ਮੰਤਰੀ ਨੂੰ ਕੋਈ ਦੱਸ ਦੇਵੇ ਕਿ ਮੌਸਮ ਖਰਾਬ ਨਹੀਂ ਹੈ, ਬੀਜੇਪੀ ਦਾ ਭਵਿੱਖ ਖਰਾਬ ਹੈ। ਉਨ੍ਹਾਂ ਨੇ ਕਾਂਗਰਸ ਦੇ ਚੋਣ ਮੈਨੀਫੈਸਟੋ ਬਾਰੇ ਦੱਸਦਿਆਂ ਕਿਹਾ ਕਿ ਅਸੀਂ ਬਹੁਤ ਜ਼ਿੰਮੇਵਾਰੀ ਦੇ ਨਾਲ ਆਪਣਾ ਮੈਨੀਫੈਸਟੋ ਬਣਾ ਰਹੇ ਹਾਂ ਅਤੇ ਬਹੁਤ ਜਲਦ ਅਸੀਂ ਆਪਣਾ ਮੈਨੀਫੈਸਟੋ ਲੋਕਾਂ ਦੇ ਸਾਹਮਣੇ ਰੱਖਾਂਗੇ।

ਉਨ੍ਹਾਂ ਨੇ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਪੰਜਾਬ ਮਾਡਲ ਦੀ ਤਰੀਫ਼ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਪੰਜਾਬ ਮਾਡਲ ਦੀ ਸਭ ਨੇ ਤਾਰੀਫ਼ ਕੀਤੀ ਹੈ। ਆਮ ਜਨਤਾ ਦੇ ਮੂੰਹ ਵਿੱਚ ਵੀ ਪੰਜਾਬ ਮਾਡਲ ਸ਼ਬਦ ਚੜਿਆ ਹੋਇਆ ਹੈ। ਕਾਂਗਰਸ ਦੇ ਮੈਨੀਫੈਸਟੋ ਵਿੱਚ ਹਰ ਪੰਨੇ ‘ਤੇ ਤੁਹਾਨੂੰ ਪੰਜਾਬ ਮਾਡਲ ਦਿਸੇਗਾ।