‘ਦ ਖ਼ਾਲਸ ਬਿਊਰੋ :- ਇਸਲਾਮ ਬਾਰੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋ ਵੱਲੋਂ ਕੀਤੀ ਇੱਕ ਟਿੱਪਣੀ ਕਰਨ ਮਗਰੋਂ ਕਈ ਮੁਸਲਮ ਦੇਸ਼ ਨਰਾਜ਼ਗੀ ਜਤਾ ਰਹੇ ਹਨ। ਉੱਥੇ ਹੀ ਉੱਤਰ ਪ੍ਰਦੇਸ਼ ਦੇ ਭਾਜਪਾ ਪ੍ਰਧਾਨ ਸਵਤੰਤਰ ਦੇਵ ਸਿੰਘ ਨੇ ਚੀਨ ਤੇ ਪਾਕਿਸਤਾਨ ਬਾਰੇ ਭਾਰਤੀ ਨੀਤੀ ਦੇ ਮੁਤੱਲਕ ਵਿਵਾਦਿਤ ਬਿਆਨ ਦਿੱਤਾ ਹੈ।
ਦਰਅਸਲ ਫਰਾਂਸ ਦੇ ਇੱਕ ਅਧਿਆਪਕ ਵੱਲੋਂ ਪੈਗੰਬਰ ਮੁਹੰਮਦ ਦਾ ਕਾਰਟੂਨ ਦਿਖਾਉਣ ‘ਤੇ ਕਤਲ ਕਰਨ ਤੋਂ ਬਾਅਦ ਰਾਸ਼ਟਰਪਤੀ ਇਮੈਨੁਅਲ ਮੈਕਰੋ ਦੇ ਬਿਆਨਾਂ ਨੇ ਕਈ ਮੁਸਲਿਮ ਦੇਸ਼ਾਂ ਨੂੰ ਨਰਾਜ਼ ਕੀਤਾ ਹੈ। ਮੈਕਰੋ ਨੇ ਆਪਣੇ ਬਿਆਨ ਵਿੱਚ ਕੱਟੜਪੰਥੀ ਇਸਲਾਮ ਦੀ ਅਲੋਚਨਾ ਕੀਤੀ ਸੀ, ਅਤੇ ਅਧਿਆਪਕ ਦੇ ਕਤਲ ਨੂੰ ‘ਇਸਲਾਮੀ ਅੱਤਵਾਦੀ ਹਮਲਾ’ ਕਰਾਰ ਦਿੱਤਾ ਸੀ।
ਕਈ ਅਰਬ ਦੇਸ਼ਾਂ ਨੇ ਫਰਾਂਸ ਦੇ ਸਮਾਨ ਦਾ ਬਾਈਕਾਟ ਕਰਨਾ ਸ਼ੁਰੂ ਕਰ ਦਿੱਤਾ ਹੈ। ਕੁਵੈਤ, ਜੌਰਡਨ ਤੇ ਕਤਰ ਦੀਆਂ ਕੁੱਝ ਦੁਕਾਨਾਂ ਤੋਂ ਫਰਾਂਸ ਦੇ ਸਮਾਨ ਹਟਾ ਦਿੱਤੇ ਗਏ ਹਨ। ਉੱਥੇ ਹੀ ਲੀਬੀਆ, ਸੀਰੀਆ ਤੇ ਗਾਜ਼ਾ ਪੱਟੀ ਵਿੱਚ ਫਰਾਂਸ ਦੇ ਖਿਲਾਫ਼ ਪ੍ਰਦਰਸ਼ਨ ਹੋਏ ਹਨ। ਫਰਾਂਸ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ‘ਬਾਈਕਾਟ ਦੀਆਂ ਬੇਬੁਨਿਆਦ ਗੱਲਾਂ’ ਘੱਟ-ਗਿਣਤੀ ਭਾਈਚਾਰੇ ਦਾ ਸਿਰਫ਼ ਇੱਕ ਕੱਟੜ ਵਰਗ ਹੀ ਕਰ ਰਿਹਾ ਹੈ।
ਰਾਸ਼ਟਰਪਤੀ ਪੈਗੰਬਰ ਮੁਹੰਮਦ ਦੇ ਵਿਵਾਦਤ ਕਾਰਟੂਨ ਦਿਖਾਉਣ ਦਾ ਇਹ ਕਹਿ ਕੇ ਬਚਾਅ ਕਰ ਰਹੇ ਹਨ ਕਿ ਇਹ ਕਿਸੇ ਵਿਸ਼ੇਸ਼ ਭਾਈਚਾਰੇ ਦੀਆਂ ਭਾਵਨਾਵਾਂ ਕਾਰਨ ਪ੍ਰਗਟਾਵੇ ਦੀ ਆਜ਼ਾਦੀ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ।


 
																		 
																		 
																		 
																		 
																		