ਅਮਰੀਕਾ : ਭਾਰਤੀ ਸੰਗੀਤਕਾਰ ਏ.ਆਰ. ਰਹਿਮਾਨ ਨੇ ਕਮਲਾ ਹੈਰਿਸ ਦੇ ਸਮਰਥਨ ਵਿੱਚ 30 ਮਿੰਟ ਦਾ ਵੀਡੀਓ ਰਿਕਾਰਡ ਕੀਤਾ ਹੈ। ਇਹ ਵੀਡੀਓ ਏਸ਼ੀਅਨ ਅਮਰੀਕਨ ਐਂਡ ਪੈਸੀਫਿਕ ਆਈਲੈਂਡਰਜ਼ (ਏ.ਏ.ਪੀ.ਆਈ.) ਵਿਕਟਰੀ ਫੰਡ ਸੰਸਥਾ ਵੱਲੋਂ ਰਿਕਾਰਡ ਕੀਤਾ ਗਿਆ ਹੈ। ਇਹ ਵੀਡੀਓ 13 ਅਕਤੂਬਰ ਨੂੰ ਰਾਤ 8 ਵਜੇ (14 ਅਕਤੂਬਰ ਨੂੰ ਸਵੇਰੇ 5 ਵਜੇ ਭਾਰਤੀ ਸਮੇਂ ਅਨੁਸਾਰ) AAPI ਦੇ YouTube ਚੈਨਲ ‘ਤੇ ਲਾਈਵ ਕੀਤਾ ਜਾਵੇਗਾ।
ਏ.ਆਰ ਰਹਿਮਾਨ ਨੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਦੇ ਸਮਰਥਨ ’ਚ ਅਪਣੇ ਕੰਸਰਟ ਦਾ 30 ਮਿੰਟ ਦਾ ਵੀਡੀਉ ਰਿਕਾਰਡ ਕੀਤਾ ਹੈ, ਜਿਸ ਨਾਲ 5 ਨਵੰਬਰ ਨੂੰ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਉਨ੍ਹਾਂ (ਹੈਰਿਸ) ਦੀ ਮੁਹਿੰਮ ਨੂੰ ਵੱਡਾ ਹੁਲਾਰਾ ਮਿਲਣ ਦੀ ਉਮੀਦ ਹੈ। ਰਹਿਮਾਨ (57) ਭਾਰਤੀ-ਅਫ਼ਰੀਕੀ ਮੂਲ ਦੀ ਹੈਰਿਸ ਦਾ ਸਮਰਥਨ ਕਰਨ ਵਾਲੇ ਦੱਖਣੀ ਏਸ਼ੀਆ ਦੇ ਪਹਿਲੇ ਪ੍ਰਮੁੱਖ ਅੰਤਰਰਾਸ਼ਟਰੀ ਕਲਾਕਾਰ ਹਨ।
ਏਸ਼ੀਅਨ ਅਮਰੀਕਨ ਪੈਸੀਫ਼ਿਕ ਆਈਲੈਂਡਰਜ਼ (ਏ.ਏ.ਪੀ.ਆਈ.) ਵਿਕਟਰੀ ਫ਼ੰਡ ਦੇ ਪ੍ਰਧਾਨ ਸ਼ੇਖਰ ਨਰਸਿਮਹਨ ਨੇ ਕਿਹਾ,‘‘ਇਸ ਪ੍ਰਦਰਸ਼ਨ ਨਾਲ, ਏ.ਆਰ. ਰਹਿਮਾਨ ਉਨ੍ਹਾਂ ਨੇਤਾਵਾਂ ਅਤੇ ਕਲਾਕਾਰਾਂ ਦੇ ਇਕ ਵੱਧ ਰਹੇ ਸਮੂਹ ਵਿਚ ਸ਼ਾਮਲ ਹੁੰਦੇ ਹਨ ਜੋ ਅਮਰੀਕਾ ਵਿਚ ਪ੍ਰਗਤੀ ਅਤੇ ਪ੍ਰਤੀਨਿਧਤਾ ਨੂੰ ਅੱਗੇ ਵਧਾ ਰਹੇ ਹਨ।’’
ਅਮਰੀਕਾ ‘ਚ 5 ਨਵੰਬਰ ਨੂੰ ਰਾਸ਼ਟਰਪਤੀ ਚੋਣਾਂ ਹੋਣ ਜਾ ਰਹੀਆਂ ਹਨ। ਭਾਰਤੀ ਮੂਲ ਦੀ ਕਮਲਾ ਇਸ ਚੋਣ ਵਿੱਚ ਡੈਮੋਕ੍ਰੇਟਿਕ ਪਾਰਟੀ ਵੱਲੋਂ ਉਮੀਦਵਾਰ ਹੈ। ਉਹ ਅਮਰੀਕਾ ਦੀ ਪਹਿਲੀ ਮਹਿਲਾ ਰਾਸ਼ਟਰਪਤੀ ਬਣਨ ਦੀ ਦਾਅਵੇਦਾਰ ਹੈ।