‘ਦ ਖ਼ਾਲਸ ਬਿਊਰੋ (ਪੁਨੀਤ ਕੌਰ) : ਪੰਜਾਬ ਵਿੱਚ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਨੌਜਵਾਨ ਮੁਖੀ ਅੰਮ੍ਰਿਤਪਾਲ ਸਿੰਘ ਦੀ ਪੰਜਾਬ ਪੁਲਿਸ ਵੱਲੋਂ ਅੱਜ ਪੰਜਵੇਂ ਦਿਨ ਵੀ ਭਾਲ ਕੀਤੀ ਜਾ ਰਹੀ ਹੈ। ਪੰਜਾਬ ਦੇ ਇਸ ਗੰਭੀਰ ਮੁੱਦੇ ਦੀ ਆਵਾਜ਼ ਅੰਤਰਰਾਸ਼ਟਰੀ ਧਰਤੀ ਤੱਕ ਵੀ ਪਹੁੰਚੀ ਹੈ ਅਤੇ ਪਿਛਲੇ ਕੁਝ ਦਿਨਾਂ ਤੋਂ ਅਸੀਂ ਵਿਦੇਸ਼ ਦੀ ਧਰਤੀ ਤੋਂ ਵੱਖ ਵੱਖ ਧਰਨਿਆਂ, ਮੁਜ਼ਾਹਰਿਆਂ ਦੀਆਂ ਖਬਰਾਂ ਪੜਦੇ-ਸੁਣਦੇ ਆ ਰਹੇ ਹਾਂ। ਇਸ ਦੌਰਾਨ ਬ੍ਰਿਟੇਨ ਵਿੱਚ ਭਾਰਤ ਦੇ ਹਾਈ ਕਮਿਸ਼ਨਰ ਵਿਕਰਮ ਦੋਰਾਇਸਵਾਮੀ ਨੇ ਸੋਸ਼ਲ ਮੀਡੀਆ ਲਈ ਇੱਕ ਖ਼ਾਸ ਸੰਦੇਸ਼ ਦਿੱਤਾ ਹੈ। ਆਪਣੇ ਇੱਕ ਵੀਡੀਓ ਸੰਦੇਸ਼ ਵਿੱਚ ਦੋਰਾਇਸਵਾਮੀ ਨੇ ਸੋਸ਼ਲ ਮੀਡੀਆ ਉੱਤੇ ਫੈਲਾਏ ਜਾ ਰਹੇ ਸਨਸਨੀਖੇਜ਼ ਦਾਅਵਿਆਂ ਨੂੰ ਝੂਠਾ ਕਰਾਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਯਾਤਰਾ ਦੇ ਲਈ ਸਥਿਤੀ ਆਮ ਵਾਂਗ ਹੈ ਅਤੇ ਬ੍ਰਿਟੇਨ ਸਮੇਤ ਸਾਰੇ ਦੇਸ਼ਾਂ ਵਿੱਚ ਯਾਤਰੀ ਸੁਰੱਖਿਅਤ ਹਨ।
ਦੋਰਾਇਸਵਾਮੀ ਨੇ ਕਿਹਾ ਕਿ ਮੈਂ ਸਾਰਿਆਂ ਨੂੰ ਭਰੋਸਾ ਦੇਣਾ ਚਾਹੁੰਦਾ ਹਾਂ, ਖ਼ਾਸ ਤੌਰ ਉੱਤੇ ਉਨ੍ਹਾਂ ਲੋਕਾਂ ਨੂੰ, ਜਿਨ੍ਹਾਂ ਦੇ ਰਿਸ਼ਤੇਦਾਰ ਪੰਜਾਬ ਵਿੱਚ ਰਹਿੰਦੇ ਹਨ। ਦੋਰਾਇਸਵਾਮੀ ਨੇ ਕਿਹਾ ਕਿ ਮੌਜੂਦਾ ਸਥਿਤੀ ਉਹ ਨਹੀਂ ਹੈ ਜੋ ਸੋਸ਼ਲ ਮੀਡੀਆ ਉੱਤੇ ਦੱਸੀ ਜਾ ਰਹੀ ਹੈ। ਪੰਜਾਬ ਦੇ ਚੁਣੇ ਹੋਏ ਮੁੱਖ ਮੰਤਰੀ ਅਤੇ ਸਥਾਨਕ ਪੁਲਿਸ ਨੇ ਟੀਵੀ ਚੈਨਲਾਂ ਉੱਤੇ ਇੰਟਰਵਿਊ ਸਮੇਤ ਸਾਰੀ ਜ਼ਰੂਰੀ ਜਾਣਕਾਰੀ ਆਮ ਲੋਕਾਂ ਨੂੰ ਮੁਹੱਈਆ ਕਰਵਾਈ ਹੈ। ਇਸ ਲਈ ਸਿਰਫ਼ ਉਸ ਉੱਤੇ ਹੀ ਯਕੀਨ ਕੀਤਾ ਜਾਵੇ। ਉਨ੍ਹਾਂ ਲੋਕਾਂ ਉੱਤੇ ਭਰੋਸਾ ਨਾ ਕਰੋ ਜੋ ਸਿਰਫ਼ ਮਨਘੜਤ ਅਤੇ ਅਫ਼ਵਾਹ ਵਾਲੀਆਂ ਜਾਣਕਾਰੀਆਂ ਫੈਲਾ ਰਹੇ ਹਨ।
HC @VDoraiswami addressing on the situation in Punjab. @MEAIndia @sujitjoyghosh @ANI @ndtv @CGI_Bghm pic.twitter.com/KA4kOBUQ8d
— India in the UK (@HCI_London) March 21, 2023
ਉਨ੍ਹਾਂ ਨੇ ਕਿਹਾ ਕਿ ਹੁਣ ਤੱਕ ਪੁਲਿਸ ਕਾਰਵਾਈ ਵਿੱਚ 100 ਤੋਂ ਜ਼ਿਆਦਾ ਲੋਕਾਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ। ਇੰਟਰਨੈੱਟ ਸੇਵਾਵਾਂ ਵੀ ਮੰਗਲਵਾਰ ਤੋਂ ਬਹਾਲ ਕੀਤੀਆਂ ਗਈਆਂ ਹਨ, ਸਿਰਫ਼ ਚਾਰ ਜ਼ਿਲ੍ਹਿਆਂ ਵਿੱਚ ਪਾਬੰਦੀ ਹੈ। ਉਨ੍ਹਾਂ ਨੇ ਕਿਹਾ ਕਿ ਮੀਡੀਆ ਕਵਰੇਜ ਉੱਤੇ ਵੀ ਕਿਸੇ ਤਰ੍ਹਾਂ ਦੀ ਪਾਬੰਦੀ ਨਹੀਂ ਹੈ, ਇਸ ਤੋਂ ਸਾਫ਼ ਹੈ ਕਿ ਸਥਿਤੀ ਆਮ ਵਾਂਗ ਹੈ।