Punjab

ਆਪ ਨੇ ਮੁਆਵਜ਼ਾ ਮਿਲਣ ਵਿੱਚ ਹੋ ਰਹੀ ਦੇਰੀ ‘ਤੇ ਕੀਤਾ ਅਫਸੋਸ ਪ੍ਰਗਟ

‘ਦ ਖ਼ਾਲਸ ਬਿਊਰੋ :ਪੰਜਾਬ ਸਰਕਾਰ ਤੇ ਮਾਨਸਾ ਜ਼ਿਲ੍ਹੇ ਨਾਲ ਸਬੰਧ ਰੱਖਣ ਵਾਲੇ ਤਿੰਨਾਂ ਵਿਧਾਇਕਾਂ ਨੇ ਸੋਸ਼ਲ ਮੀਡੀਆ ’ਤੇ ਗੁਲਾਬੀ ਸੁੰਡੀ ਦੇ ਹਮਲੇ ਨਾਲ ਤਬਾਹ ਹੋਈ ਨਰਮੇ ਦੀ ਫ਼ਸਲ ਲਈ 1 ਅਰਬ 39 ਲੱਖ 45 ਹਜ਼ਾਰ 87 ਰੁਪਏ ਦਾ ਮੁਆਵਜ਼ਾ ਜਾਰੀ ਕਰਨ ਦਾ ਦਾਅਵਾ ਕੀਤਾ ਸੀ ਪਰ ਮੁਆਵਜ਼ਾ ਮਿਲਣ ਵਿੱਚ ਦੇਰੀ ਹੋਈ ਜਾਣ ਕਾਰਨ ਕਿਸਾਨਾਂ ਨੇ ਭਾਰਤੀ ਕਿਸਾਨ ਯੂਨੀਅਨ  ਉਗਰਾਹਾਂ ਦੀ ਅਗਵਾਈ ਵਿੱਚ  ਕੈਬਨਿਟ ਮੰਤਰੀ ਡਾ: ਵਿਜੇ ਸਿੰਗਲਾ ਦੀ ਰਿਹਾਇਸ਼ ਦਾ ਘਿਰਾਓ ਕਰਨ ਦਾ ਐਲਾਨ ਕਰ ਦਿਤਾ।

ਜਿਸ ‘ਤੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪੱਧਰੀ ਆਗੂਆਂ ਨੇ ਐੱਸ.ਡੀ.ਐੱਮ. ਦੀ ਹਾਜ਼ਰੀ ‘ਚ ਕਿਸਾਨਾਂ ਨੂੰ ਮੁਆਵਜ਼ਾ ਮਿਲਣ ‘ਚ ਹੋ ਰਹੀ ਦੇਰੀ ‘ਤੇ ਅਫਸੋਸ ਪ੍ਰਗਟ ਕੀਤਾ ਤੇ ਕਿਹਾ ਕਿ ਜਲਦ ਹੀ ਮੁਆਵਜ਼ਾ ਮਿਲ ਜਾਵੇਗਾ ਪਰ ਕਿਸਾਨਾਂ ਨੇ ਕਿਹਾ ਕਿ ਜਦੋਂ ਤੱਕ ਮੁਆਵਜ਼ਾ ਰਾਸ਼ੀ ਨਹੀਂ ਮਿਲਦੀ, ਉਦੋਂ ਤੱਕ ਡੀ.ਸੀ. ਦਫ਼ਤਰ ਦਾ ਘੇਰਾਬੰਦੀ ਜਾਰੀ ਰਹੇਗੀ।

ਕਿਸਾਨਾਂ ਦੇ ਧਰਨੇ ਵਿੱਚ ਪੁੱਜੇ ਮਾਨਸਾ ਦੇ ਐਸ.ਡੀ.ਐਮ ਹਰਜਿੰਦਰ ਸਿੰਘ ਨੇ ਦੱਸਿਆ ਕਿ ਬਿੱਲ ਪਾਸ ਕਰਵਾਉਣ ਲਈ ਕਾਰਵਾਈ ਕੀਤੀ ਜਾ ਰਹੀ ਹੈ ਤੇ ਜਲਦੀ ਹੀ ਸਰਕਾਰ ਵੱਲੋਂ ਇਹ ਰਾਸ਼ੀ ਜਾਰੀ ਕਰ ਦਿੱਤੀ ਜਾਵੇਗੀ ਤੇ ਜਲਦੀ ਕਿਸਾਨਾਂ ਦੇ ਖਾਤਿਆਂ ਵਿੱਚ ਮੁਆਵਜ਼ੇ ਦੀ ਰਾਸ਼ੀ ਤੁਰੰਤ ਜਮ੍ਹਾਂ ਕਰਵਾ ਦਿੱਤੀ ਜਾਵੇਗੀ।

ਡੀ.ਸੀ. ਦਫਤਰ ਦੇ ਬਾਹਰ ਕਿਸਾਨਾਂ ਦੇ ਧਰਨੇ ‘ਚ ਪਹੁੰਚੇ ਆਮ ਆਦਮੀ ਪਾਰਟੀ ਦੇ ਸ਼ਹਿਰੀ ਪ੍ਰਧਾਨ ਕਮਲ ਗੋਇਲ ਨੇ ਕਿਹਾ ਕਿ ਪੰਜਾਬ ‘ਚ ਨਵੀਂ ਸਰਕਾਰ ਸਾਹਮਣੇ ਅਸੀਂ ਕਿਸਾਨਾਂ ਦੇ ਹੋਏ ਨੁਕਸਾਨ ਦੇ ਮੁਆਵਜ਼ੇ ਦਾ ਮੁੱਦਾ ਚੁੱਕਿਆ ਸੀ ,ਜਿਸ ‘ਤੇ ਤੁਰੰਤ ਕਾਰਵਾਈ ਕਰਦੇ ਹੋਏ ਸਰਕਾਰ ਨੇ ਕਿਸਾਨਾਂ ਦੇ ਖਾਤੇ ‘ਚ ਮੁਆਵਜ਼ਾ ਰਾਸ਼ੀ ਪਾਉਣ ਦਾ ਐਲਾਨ ਕੀਤਾ।

ਇਸ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਸਾਡੇ ਵਿਧਾਇਕਾਂ ਨੇ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਪਾਈ ਸੀ ਜੋ ਬਿਲਕੁੱਲ ਸੱਚ ਸੀ ਪਰ ਸਰਕਾਰ ਬਣਨ ਕਾਰਨ ਜ਼ਿੰਮੇਵਾਰੀ ਸੰਭਾਲਣ ਵਿੱਚ ਸਮਾਂ ਲੱਗਦਾ ਹੀ ਹੈ।