ਬਿਊਰੋ ਰਿਪੋਰਟ (16 ਸਤੰਬਰ, 2025): 2028 ਤੱਕ ਅਪੋਲੋ ਟਾਇਰਜ਼ ਹੁਣ ਭਾਰਤੀ ਕ੍ਰਿਕਟ ਟੀਮ ਦੀ ਨਵੀਂ ਸਪਾਂਸਰ ਹੋਵੇਗੀ। ਕੰਪਨੀ ਹਰ ਮੈਚ ਲਈ ਲਗਭਗ 4.5 ਕਰੋੜ ਰੁਪਏ ਖ਼ਰਚੇਗੀ। ਇਹ ਕਾਂਟ੍ਰੈਕਟ 2028 ਤੱਕ ਚੱਲੇਗਾ ਜਿਸ ਦੌਰਾਨ 130 ਮੈਚ ਖੇਡੇ ਜਾਣਗੇ।
BCCI ਨੇ ਆਪਣੇ ਅਧਿਕਾਰਕ ਸੋਸ਼ਲ ਮੀਡੀਆ ਹੈਂਡਲ ਰਾਹੀਂ ਇਸ ਦੀ ਪੁਸ਼ਟੀ ਕੀਤੀ ਹੈ। BCCI ਦੇ ਇੱਕ ਅਧਿਕਾਰੀ ਨੇ ਵੀ ਕਿਹਾ ਕਿ ਅਪੋਲੋ ਟਾਇਰਜ਼ ਨਾਲ ਸਮਝੌਤਾ ਹੋ ਗਿਆ ਹੈ ਤੇ ਇਸ ਦੀ ਘੋਸ਼ਣਾ ਜਲਦੀ ਕੀਤੀ ਜਾਵੇਗੀ।
ਇਸ ਤੋਂ ਪਹਿਲਾਂ ਡ੍ਰੀਮ-11 ਭਾਰਤੀ ਟੀਮ ਦੀ ਟਾਈਟਲ ਸਪਾਂਸਰ ਸੀ। ਕੰਪਨੀ ਹਰ ਮੈਚ ਲਈ BCCI ਨੂੰ 4 ਕਰੋੜ ਰੁਪਏ ਦਿੰਦੀ ਸੀ। ਪਰ ਆਨਲਾਈਨ ਗੇਮਿੰਗ ਐਕਟ 2025 ਲਾਗੂ ਹੋਣ ਤੋਂ ਬਾਅਦ BCCI ਨੇ ਡ੍ਰੀਮ-11 ਨਾਲ ਹੋਇਆ ਕਾਂਟ੍ਰੈਕਟ ਖ਼ਤਮ ਕਰ ਦਿੱਤਾ। ਇਸ ਕਰਕੇ ਭਾਰਤੀ ਟੀਮ ਏਸ਼ੀਆ ਕੱਪ ਬਿਨਾ ਸਪਾਂਸਰਸ਼ਿਪ ਦੇ ਖੇਡ ਰਹੀ ਸੀ।
BCCI ਨੇ 2 ਸਤੰਬਰ ਨੂੰ ਨਵੀਂ ਸਪਾਂਸਰਸ਼ਿਪ ਲਈ ਟੈਂਡਰ ਜਾਰੀ ਕੀਤੇ ਸਨ। ਨਿਯਮਾਂ ਅਨੁਸਾਰ ਸ਼ਰਾਬ, ਤਮਾਕੂ, ਸੱਟੇਬਾਜ਼ੀ, ਰੀਅਲ ਮਨੀ ਗੇਮਿੰਗ (ਫੈਂਟੇਸੀ ਸਪੋਰਟਸ ਤੋਂ ਇਲਾਵਾ), ਕ੍ਰਿਪਟੋਕਰੰਸੀ ਅਤੇ ਅਸ਼ਲੀਲ ਸਮੱਗਰੀ ਨਾਲ ਜੁੜੀਆਂ ਕੰਪਨੀਆਂ ਨੂੰ ਬੋਲੀ ‘ਚ ਸ਼ਾਮਲ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ।
ਡ੍ਰੀਮ-11 ਨੇ 2023 ਵਿੱਚ BCCI ਨਾਲ 358 ਕਰੋੜ ਰੁਪਏ ਦਾ ਤਿੰਨ ਸਾਲਾ ਸਪਾਂਸਰਸ਼ਿਪ ਕਾਂਟ੍ਰੈਕਟ ਕੀਤਾ ਸੀ। ਪਰ ਹਾਲ ਹੀ ਵਿੱਚ ਰੀਅਲ ਮਨੀ ਗੇਮਿੰਗ ਪਲੇਟਫਾਰਮਾਂ ‘ਤੇ ਪਾਬੰਦੀ ਲਗਣ ਕਾਰਨ ਇਹ ਕਾਂਟ੍ਰੈਕਟ ਖਤਮ ਹੋ ਗਿਆ। ਇਸ ਤੋਂ ਪਹਿਲਾਂ ਮਾਰਚ 2023 ਤੱਕ BYJU’S ਟੀਮ ਇੰਡੀਆ ਦਾ ਲੀਡ ਸਪਾਂਸਰ ਸੀ।
ਅਪੋਲੋ ਟਾਇਰਜ਼ ਬਾਰੇ
ਅਪੋਲੋ ਟਾਇਰਜ਼, ਜੋ 1972 ਵਿੱਚ ਸਥਾਪਿਤ ਹੋਈ ਸੀ, ਅੱਜ ਦੁਨੀਆ ਦੀਆਂ ਟੌਪ 20 ਟਾਇਰ ਕੰਪਨੀਆਂ ਵਿੱਚ ਆਪਣੀ ਪਹਿਚਾਣ ਬਣਾ ਚੁੱਕੀ ਹੈ। ਕੰਪਨੀ ਦਾ ਪਹਿਲਾ ਪਲਾਂਟ 1975 ਵਿੱਚ ਤ੍ਰਿਸ਼ੂਰ (ਕੇਰਲ) ਵਿੱਚ ਲੱਗਿਆ ਸੀ।
53 ਸਾਲਾਂ ਵਿੱਚ ਅਪੋਲੋ ਟਾਇਰਜ਼ ਨੇ ਆਪਣਾ ਕਾਰੋਬਾਰ 100 ਤੋਂ ਵੱਧ ਦੇਸ਼ਾਂ ਤੱਕ ਫੈਲਾ ਲਿਆ ਹੈ। ਕੰਪਨੀ ਦੇ ਕੁੱਲ 7 ਪਲਾਂਟ ਹਨ, ਭਾਰਤ ਵਿੱਚ 5, ਨੀਦਰਲੈਂਡ ਵਿੱਚ 1 ਅਤੇ ਹੰਗਰੀ ਵਿੱਚ 1 ਪਲਾਂਟ ਹੈ।
ਕੰਪਨੀ ਦੇ ਚੇਅਰਮੈਨ ਓਂਕਾਰ ਕੰਵਰ ਅਤੇ ਕੋ-ਫਾਊਂਡਰ ਰੌਣਕ ਸਿੰਘ ਦੀ ਅਗਵਾਈ ਹੇਠ ਅਪੋਲੋ ਟਾਇਰਜ਼ ਦਾ ਟਰਨਓਵਰ 20 ਹਜ਼ਾਰ ਕਰੋੜ ਰੁਪਏ ਤੋਂ ਵੱਧ ਹੈ।
ਸ਼ੁਰੂਆਤ ਵਿੱਚ ਇਹ ਕੰਪਨੀ ਸਿਰਫ਼ ਟਰੱਕ ਟਾਇਰ ਬਣਾਉਂਦੀ ਸੀ, ਪਰ ਅੱਜ ਇਹ ਦੁਨੀਆ ਭਰ ਵਿੱਚ ਵੱਖ-ਵੱਖ ਤਰ੍ਹਾਂ ਦੇ ਟਾਇਰਾਂ ਦੀ ਇੱਕ ਵੱਡੀ ਮੈਨੂਫੈਕਚਰਰ ਬਣ ਚੁੱਕੀ ਹੈ।
ਹਾਲ ਹੀ ਵਿੱਚ ਅਪੋਲੋ ਟਾਇਰਜ਼ ਨੇ ਭਾਰਤੀ ਕ੍ਰਿਕਟ ਟੀਮ ਦੀ ਸਪਾਂਸਰਸ਼ਿਪ ਵੀ ਸੰਭਾਲੀ ਹੈ, ਜਿਸ ਨਾਲ ਕੰਪਨੀ ਦੇ ਗਲੋਬਲ ਪ੍ਰਭਾਵ ਵਿੱਚ ਹੋਰ ਵਾਧਾ ਹੋਵੇਗਾ।