ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 17 ਜਨਵਰੀ 2024 ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਕੌਮੀ ਪੱਧਰ ’ਤੇ ਮਨਾਏ ਜਾ ਰਹੇ ਪ੍ਰਕਾਸ਼ ਗੁਰਪੁਰਬ ਦੇ ਸਬੰਧ ਵਿਚ ‘ਆਪੇ ਗੁਰੁ ਚੇਲਾ’ ਵਿਸ਼ਾਲ ਨਗਰ ਕੀਰਤਨ ਦੀ ਸ਼ੁਰੂਆਤ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਤੋਂ ਖ਼ਾਲਸਾਈ ਜਾਹੋ-ਜਲਾਲ ਨਾਲ ਕੀਤੀ ਗਈ। ਇਹ ਨਗਰ ਕੀਰਤਨ ਸ੍ਰੀ ਗੁਰੂ ਗੋਬਿੰਦ ਸਿੰਘ ਮਾਰਗ ’ਤੇ ਵੱਖ-ਵੱਖ ਪੜਾਵਾਂ ਤੋਂ ਹੁੰਦਾ ਹੋਇਆ 16 ਜਨਵਰੀ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਪੁੱਜ ਕੇ ਸੰਪੂਰਨ ਹੋਵੇਗਾ। ਨਗਰ ਕੀਰਤਨ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਵੱਲੋਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।
ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਮੇਤ ਸਮੁੱਚੀ ਅਕਾਲੀ ਦਲ ਲੀਡਰਸ਼ਿਪ ਨੇ ਹਾਜ਼ਰੀ ਭਰੀ। ਇਹ ਨਗਰ ਕੀਤਰਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਆਰੰਭ ਹੋ ਕੇ ਗੁਰਦੁਆਰਾ ਸ੍ਰੀ ਕੀਰਤਪੁਰ ਸਾਹਿਬ, ਬੁੰਗਾ ਸਾਹਿਬ, ਭਰਤਗੜ੍ਹ, ਗੁਰਦੁਆਰਾ ਸ੍ਰੀ ਪਰਿਵਾਰ ਵਿਛੋੜਾ, ਘਨੌਲੀ, ਗੁਰਦੁਆਰਾ ਭੱਠਾ ਸਾਹਿਬ, ਕਾਬੜਾ, ਬੂਰ ਮਾਜਰਾ, ਜੱਸੜ, ਡੁੱਗਰੀ ਤੋਂ ਹੁੰਦਾ ਹੋਇਆ ਰਾਤ ਦਾ ਵਿਸ਼ਰਾਮ ਗੁਰਦੁਆਰਾ ਕਤਲਗੜ੍ਹ ਸਾਹਿਬ, ਸ੍ਰੀ ਚਮਕੌਰ ਸਾਹਿਬ ਵਿਖੇ ਹੋਵੇਗਾ।
11 ਜਨਵਰੀ ਨੂੰ ਸ੍ਰੀ ਚਮਕੌਰ ਸਾਹਿਬ ਤੋਂ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਆਲਮਗੀਰ, 12 ਜਨਵਰੀ ਨੂੰ ਆਲਮਗੀਰ ਤੋਂ ਗੁਰਦੁਆਰਾ ਸ੍ਰੀ ਮੈਹਦੇਆਣਾ ਸਾਹਿਬ, 13 ਜਨਵਰੀ ਨੂੰ ਮੈਹਦੇਆਣਾ ਸਾਹਿਬ ਤੋਂ ਗੁਰਦੁਆਰਾ ਸ੍ਰੀ ਗੰਗਸਰ ਸਾਹਿਬ ਜੈਤੋ, 14 ਜਨਵਰੀ ਨੂੰ ਜੈਤੋ ਤੋਂ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਸ੍ਰੀ ਮੁਕਤਸਰ ਸਾਹਿਬ, 15 ਜਨਵਰੀ ਨੂੰ ਸ੍ਰੀ ਮੁਕਤਸਰ ਸਾਹਿਬ ਤੋਂ ਗੁਰਦੁਆਰਾ ਸ੍ਰੀ ਹਾਜੀਰਤਨ ਬਠਿੰਡਾ ਅਤੇ 16 ਜਨਵਰੀ ਬਠਿੰਡਾ ਤੋਂ ਚੱਲ ਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਪੁੱਜੇਗਾ।