‘ਦ ਖਾਲਸ ਬਿਊਰੋ : ਕਿਸੇ ਵੀ ਕਲਾ ਨੂੰ ਜਿੰਦਗੀ ਵਿੱਚ ਸ਼ਾਮਲ ਕਰ ਕੇ ਤੁਹਾਡੀ ਦਸ ਸਾਲ ਤੱਕ ਉਮਰ ਵੱਧ ਸਕਦੀ ਹੈ। ਜੀ ਹਾਂ,ਇਹ ਹੈਰਾਨਕੁਨ ਖੁਲਾਸਾ ਲੰਡਨ ਯੂਨੀਵਰਸਿਟੀ ਵਿੱਚ ਹੋਏ ਇੱਕ ਅਧਿਐਨ ਤੋਂ ਹੋਇਆ ਹੈ।
ਕਲਾ ਹੀ ਜੀਵਨ ਦਾ ਆਧਾਰ ਹੈ ਅਤੇ ਇਸਨੂੰ ਆਪਣੀ ਜ਼ਿੰਦਗੀ ਵਿੱਚ ਸ਼ਾਮਲ ਕਰਨਾ ਬੁਹਤ ਜ਼ਰੂਰੀ ਹੈ। ਇਸ ਦੇ ਕਈ ਫ਼ਾਇਦੇ ਹਨ, ਜਿਸ ਵਿੱਚੋਂ ਇੱਕ ਇਹ ਹੈ ਕਿ ਇਸ ਨਾਲ ਤਨਾਅ ਘਟਦਾ ਹੈ। ਇਸ ਤੋਂ ਇਲਾਵਾ ਮਨ ਦੇ ਭਾਵ ਵੀ ਕਾਬੂ ਵਿੱਚ ਆਉਂਦੇ ਹਨ ਤੇ ਮੂਡ ਵੀ ਠੀਕ ਹੁੰਦਾ ਹੈ। ਇਸ ਦਾ ਇੱਕ ਫਾਇਦਾ ਇਹ ਵੀ ਹੈ ਕਿ ਰੋਜਾਨਾ ਜ਼ਿੰਦਗੀ ਵਿੱਚ ਸਿਰਫ਼ 20 ਮਿੰਟ ਦੇਣ ਨਾਲ ਬੰਦੇ ਦੀ ਉਮਰ ਵੀ ਵਧਦੀ ਹੈ।
ਖੋਜ ਕਰਤਾਵਾਂ ਨੇ ਇਹ ਦੱਸਿਆ ਹੈ ਕਿ ਜਿੰਦਗੀ ਵਿੱਚ ਕਿਸੇ ਵੀ ਕਲਾ ਨੂੰ ਸ਼ਾਮਲ ਕਰ ਲੈਣ ਨਾਲ 10 ਸਾਲ ਤੱਕ ਜਿੰਦਗੀ ਨੂੰ ਵਧਾਇਆ ਜਾ ਸਕਦਾ ਹੈ। ਹਰ ਦਿਨ 20 ਮਿੰਟ ਦੀ ਕਲਾ ਸਰਗਰਮੀ ਅੱਠ ਘੰਟਿਆਂ ਦੀ ਨੀਂਦ ਦੇ ਬਰਾਬਰ ਫਾਇਦਾ ਦਿੰਦੀ ਹੈ।
ਇਸ ਨੂੰ ਕਿਸੇ ਵੀ ਤਰੀਕੇ ਨਾਲ ਆਪਣੀ ਰੁਟੀਨ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ। ਡਾਂਸ, ਖਾਣਾ ਬਣਾਉਣਾ, ਚਿੱਤਰਕਾਰੀ, ਸਿਲਾਈ ਜਾ ਕਿਸੇ ਕਲਾ ਕ੍ਰਿਤੀ ਨੂੰ ਦੇਖਣ ਜਾਣਾ ਵਰਗੇ ਆਸਾਨ ਤਰੀਕੇ ਵੀ ਅਪਨਾਏ ਜਾ ਸਕਦੇ ਹਨ।
ਆਮ ਤੌਰ ਤੇ ਕਲਾ ਨੂੰ ਛੋਟੇ ਬੱਚਿਆਂ ਤੱਕ ਸੀਮਤ ਕਰ ਕੇ ਦੇਖਿਆ ਜਾਂਦਾ ਹੈ ਪਰ ਵੱਡੀ ਉਮਰ ਦੇ ਲੋਕ ਵੀ ਇਸ ਤੋਂ ਫਾਇਦਾ ਲੈ ਸਕਦੇ ਹਨ। ਇਸ ਨਾਲ ਦਿਮਾਗ ਨੂੰ ਬਹੁਤ ਫਾਇਦੇ ਹਨ।