‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):- 9 ਲੱਖ ਰੁਪਏ ਖਰਚਣ ਤੇ ਇੱਕ ਸਾਲ ਕੈਨੇਡਾ ਤੋਂ ਭਾਰਤ ਦੇ ਗੇੜੇ ਕੱਢਣ ਮਗਰੋਂ ਆਖਰਕਾਰ ਅਨੁਪ੍ਰੀਤ ਕੌਰ ਦੀ ਸੁਣੀ ਗਈ ਤੇ ਉਸ ਨੂੰ ਮੈਰਿਜ ਸਰਟੀਫਿਕੇਟ ਮਿਲ ਗਿਆ।
ਮੀਡੀਆ ਵਿੱਚ ਖ਼ਬਰਾਂ ਆਉਣ ਮਗਰੋਂ ਦੋ ਦਿਨਾਂ ਵਿੱਚ ਹੀ ਸਾਰੀ ਕਾਗਜ਼ੀ ਕਾਰਵਾਈ ਪੂਰੀ ਹੋ ਗਈ। ਡਿਪਟੀ ਕਲੈਕਟਰ ਨੇ ਕੈਨੇਡਾ ਦੇ ਹਾਈ ਕਮਿਸ਼ਨਰ ਨਾਲ ਵੀ ਗੱਲ ਕਰ ਲਈ ਤੇ ਹੋਰ ਵੀ ਸਾਰੀ ਫਾਰਮੈਲਟੀ ਮੁਕੰਮਲ ਕਰਨ ਮਗਰੋਂ ਅਨੁਪ੍ਰੀਤ ਕੌਰ ਨੂੰ ਮੈਰਿਜ ਸਰਟੀਕਿਟ ਸੌਂਪ ਦਿੱਤਾ।
ਹੁਣ ਅਨੁਪ੍ਰੀਤ ਆਪਣੇ ਪਤੀ ਨਵਜੋਤ ਸਿੰਘ ਰੰਧਾਵਾ ਨੂੰ ਵੀ ਆਪਣੇ ਨਾਲ ਕੈਨੇਡਾ ਲਿਜਾ ਸਕੇਗੀ। ਦਰਅਸਲ ਇਹ ਮਾਮਲਾ ਮੱਧ ਪ੍ਰਦੇਸ਼ ਦੇ ਗਵਾਲੀਅਰ ਦਾ ਹੈ, ਜਿੱਥੇ ਕੈਨੇਡਾ ਦੀ ਨਾਗਰਿਕਤਾ ਪ੍ਰਾਪਤ ਐਨਆਰਆਈ ਔਰਤ ਅਨੁਪ੍ਰੀਤ ਕੌਰ ਪਿਛਲੇ ਸਵਾ ਸਾਲ ਤੋਂ ਮੈਰਿਜ ਸਰਟੀਫਿਕੇਟ ਲਈ ਧੱਕੇ ਖਾ ਰਹੀ ਸੀ। ਉਹ ਗਵਾਲੀਅਰ ਕਲੈਟ੍ਰੇਟ ਦੇ ਅਧਿਕਾਰੀਆਂ ਦੇ ਚੱਕਰ ਕੱਟ ਕੇ ਥੱਕ ਚੁੱਕੀ ਸੀ, ਪਰ ਇੱਕ ਸਾਲ ਤੋਂ ਵੱਧ ਸਮਾਂ ਬੀਤਣ ਤੇ 9 ਲੱਖ ਖਰਚਣ ਦੇ ਬਾਵਜੂਦ ਹੁਣ ਤੱਕ ਉਸ ਨੂੰ ਮੈਰਿਜ ਸਰਟੀਫਿਕੇਟ ਨਸੀਬ ਨਹੀਂ ਹੋਇਆ ਸੀ
ਅਸਲ ’ਚ ਪੰਜਾਬ ਦੇ ਜਲੰਧਰ ਦੀ ਵਾਸੀ ਅਨੁਪ੍ਰੀਤ ਕੌਰ ਕੈਨੇਡਾ ਦੀ ਸਿਟੀਜ਼ਨ ਹੈ ਤੇ ਉਸ ਨੇ ਗਵਾਲੀਅਰ ਦੇ ਵਾਸੀ ਨਵਜੋਤ ਸਿੰਘ ਰੰਧਾਵਾ ਨਾਲ ਲਵਮੈਰਿਜ ਕਰਵਾਈ ਸੀ। ਉਨ੍ਹਾਂ ਨੇ 7 ਨਵੰਬਰ 2020 ਨੂੰ ਗਵਾਲੀਅਰ ਦੇ ਗੁਰਦੁਆਰਾ ਸਾਹਿਬ ਵਿੱਚ ਲਾਵਾਂ ਲਈਆਂ ਸਨ। ਇਸ ਤੋਂ ਬਾਅਦ ਅਨੁਪ੍ਰੀਤ ਕੌਰ ਨੇ ਮੈਰਿਜ ਸਰਟੀਫਿਕੇਟ ਬਣਵਾਉਣ ਲਈ ਗਵਾਲੀਅਰ ਕਲੈਕਟ੍ਰੇਟ ’ਚ ਅਰਜ਼ੀ ਦੇ ਦਿੱਤੀ ਸੀ, ਪਰ ਐਡੀਸ਼ਨਲ ਕਲੈਕਟ੍ਰੇਟ ਦਫ਼ਤਰ ਵਿੱਚ ਤੈਨਾਤ ਕਰਮਚਾਰੀਆਂ ਨੇ ਉਸ ਦੀ ਹਾਲਤ ਨੂੰ ਨਾ ਸਮਝਦੇ ਹੋਏ ਲਾਪਰਵਾਹੀ ਵਾਲਾ ਰਵੱਈਆ ਅਪਣਾਇਆ ਹੋਇਆ ਸੀ।
ਅਨੁਪ੍ਰੀਤ ਪਿਛਲੇ ਸਵਾ ਸਾਲ ਤੋਂ ਮੈਰਿਜ ਸਰਟੀਫਿਕੇਟ ਲਈ ਗਵਾਲੀਅਰ ਕਲੈਕਟ੍ਰੇਟ ਦੇ ਅਧਿਕਾਰੀਆਂ ਦੇ ਚੱਕਰ ਲਗਾ ਰਹੀ ਹੈ। ਇਸ ਵਿਚਾਲੇ ਤਿੰਨ ਐਸਡੀਐਮ ਬਦਲੇ, ਫਿਰ ਵੀ ਉਸ ਦੀ ਸਮੱਸਿਆ ਦਾ ਹੁਣ ਤੱਕ ਹੱਲ ਨਹੀਂ ਨਿਕਲਿਆ। ਬੀਤੇ ਦਿਨ ਕਲੈਕਟ੍ਰੇਟ ਵਿੱਚ ਸ਼ਹਿਰੀ ਹਵਾਬਾਜ਼ੀ ਮੰਤਰੀ ਜਿਓਤੀਰਾਦਿੱਤਿਆ ਸਿੰਧਿਆ ਦੀ ਮੌਜੂਦਗੀ ਵਿੱਚ ਬੈਠਕ ਚੱਲ ਰਹੀ ਸੀ। ਬੈਠਕ ਤੋਂ ਤੁਰੰਤ ਬਾਅਦ ਐਨਆਰਆਈ ਅਨੁਪ੍ਰੀਤ ਆਪਣੇ ਪਤੀ ਨਵਜੋਤ ਸਿੰਘ ਰੰਧਾਵਾ ਤੇ ਛੋਟੀ ਬੱਚੀ ਸਣੇ ਕਲੈਕਟ੍ਰੇਟ ਵਿੱਚ ਦਾਖ਼ਲ ਹੋ ਗਈ ਸੀ। ਇਸ ਦੌਰਾਨ ਉੱਥੇ ਮੌਜੂਦ ਏਐਸਪੀ ਹਿਤਿਕਾ ਵਾਸਲ ਅਤੇ ਡਿਪਟੀ ਕਲੈਕਟਰ ਐਚਬੀ ਸ਼ਰਮਾ ਦੇ ਸਾਹਮਣੇ ਉਸ ਨੇ ਆਪਣਾ ਦਰਦ ਬਿਆਨ ਕੀਤਾ। ਹਾਲਾਤ ਨੂੰ ਸਮਝਦੇ ਹੋਏ ਇਨ੍ਹਾਂ ਦੋਵਾਂ ਸਰਕਾਰੀ ਅਧਿਕਾਰੀਆਂ ਨੇ ਜਲਦ ਸਰਟੀਫਿਕੇਟ ਬਣਾਉਣ ਦਾ ਭਰੋਸਾ ਦਿੱਤਾ। ਇਸ ਤੋਂ ਬਾਅਦ ਡਿਪਟੀ ਕਲੈਕਟਰ ਨੇ ਕੈਨੇਡਾ ਦੇ ਹਾਈ ਕਮਿਸ਼ਨਰ ਕੋਲੋਂ ਵੀ ਤੁਰੰਤ ਰਿਪੋਰਟ ਮੰਗਵਾ ਲਈ ਅਤੇ ਹੋਰ ਸਾਰੀ ਫਾਰਮੈਲਟੀ ਵੀ ਮੁਕੰਮਲ ਕਰਕੇ ਮੈਰਿਜ ਸਰਟੀਫਿਕੇਟ ਅਨੁਪ੍ਰੀਤ ਨੂੰ ਸੌਂਪ ਦਿੱਤਾ।