India

ਦਿੱਲੀ ਧਮਾਕੇ ਦੇ ਮੁੱਖ ਮੁਲਜ਼ਮ ਉਮਰ ਦੀ ਇਕ ਹੋਰ ਵੀਡੀਓ ਵਾਇਰਲ

ਦਿੱਲੀ ਦੇ ਲਾਲ ਕਿਲ੍ਹੇ ਨੇੜੇ 10 ਨਵੰਬਰ ਨੂੰ ਹੋਏ ਭਿਆਨਕ ਆਤਮਘਾਤੀ ਬੰਬ ਧਮਾਕੇ ਦੇ ਮੁੱਖ ਮੁਲਜ਼ਮ ਅੱਤਵਾਦੀ ਡਾਕਟਰ ਉਮਰ ਦਾ ਇੱਕ ਚੌਂਕਾਊਣ ਵਾਲਾ ਵੀਡੀਓ ਸਾਹਮਣੇ ਆਇਆ ਹੈ। ਇਹ ਵੀਡੀਓ ਧਮਾਕੇ ਤੋਂ ਲਗਭਗ ਦੋ ਮਹੀਨੇ ਪਹਿਲਾਂ ਰਿਕਾਰਡ ਕੀਤਾ ਗਿਆ ਸੀ। ਵੀਡੀਓ ਵਿੱਚ ਉਮਰ ਇੱਕ ਬੰਦ ਕਮਰੇ ਵਿੱਚ ਇਕੱਲਾ ਬੈਠਾ ਹੈ। ਉਹ ਬੜੀ ਸ਼ੁੱਧ ਅੰਗਰੇਜ਼ੀ ਵਿੱਚ ਬੋਲਦਾ ਹੈ ਤੇ ਆਤਮਘਾਤੀ ਹਮਲਿਆਂ ਨੂੰ ਇਸਲਾਮੀ ਸਿਧਾਂਤਾਂ ਦੇ ਅਧਾਰ ’ਤੇ ਜਾਇਜ਼ ਠਹਿਰਾਉਣ ਦੀ ਕੋਸ਼ਿਸ਼ ਕਰਦਾ ਹੈ।

ਵੀਡੀਓ ਵਿੱਚ ਉਮਰ ਕਹਿੰਦਾ ਹੈ ਕਿ ਸਭ ਤੋਂ ਵੱਧ ਗਲਤ ਸਮਝਿਆ ਜਾਣ ਵਾਲਾ ਸੰਕਲਪ ‘ਆਤਮਘਾਤੀ ਬੰਬ ਧਮਾਕਾ’ ਹੈ। ਇਸ ਨੂੰ ਅਸਲ ਵਿੱਚ ‘ਸ਼ਹਾਦਤ ਮਿਸ਼ਨ’ ਕਿਹਾ ਜਾਂਦਾ ਹੈ। ਇਹ ਉਦੋਂ ਹੁੰਦਾ ਹੈ ਜਦੋਂ ਕੋਈ ਵਿਅਕਤੀ ਪੱਕਾ ਯਕੀਨ ਰੱਖਦਾ ਹੈ ਕਿ ਉਹ ਇੱਕ ਖਾਸ ਜਗ੍ਹਾ ਤੇ ਖਾਸ ਸਮੇਂ ’ਤੇ ਸ਼ਹੀਦ ਹੋਵੇਗਾ। ਇਸ ਦੇ ਵਿਰੋਧ ਵਿੱਚ ਬਹੁਤ ਸਾਰੀਆਂ ਦਲੀਲਾਂ ਦਿੱਤੀਆਂ ਜਾਂਦੀਆਂ ਹਨ, ਪਰ ਅਸਲ ਵਿੱਚ ਇਹ ਇਸਲਾਮ ਵਿੱਚ ਜਾਇਜ਼ ਹੈ।”

ਵੀਡੀਓ ਵਿੱਚ ਉਮਰ ਆਪਣੀ ਟੀ-ਸ਼ਰਟ ‘ਤੇ ਲੈਪਲ ਲਗਾ ਕੇ ਬੈਠਾ ਹੋਇਆ ਹੈ ਅਤੇ ਅੰਗਰੇਜ਼ੀ ਵਿੱਚ ਬੋਲਦੇ ਹੋਏ ਆਤਮਘਾਤੀ ਬੰਬ ਧਮਾਕੇ ਨੂੰ ਇੱਕ “ਗਲਤ ਸਮਝਿਆ ਸੰਕਲਪ” ਵਜੋਂ ਦਰਸਾਉਂਦਾ ਹੈ, ਜਿਸਨੂੰ ਲੋਕ ਸਮਝਣ ਵਿੱਚ ਅਸਫਲ ਰਹਿੰਦੇ ਹਨ। ਉਹ ਅੱਗੇ ਕਹਿੰਦਾ ਹੈ, “ਜਦੋਂ ਕੋਈ ਵਿਅਕਤੀ ਇਹ ਮੰਨ ਲੈਂਦਾ ਹੈ ਕਿ ਉਸ ਦੀ ਮੌਤ ਇੱਕ ਖਾਸ ਸਮੇਂ ਅਤੇ ਸਥਾਨ ‘ਤੇ ਹੋਵੇਗੀ ਤਾਂ ਉਹ ਇੱਕ ਮਨੋਵਿਗਿਆਨਕ ਤੌਰ ‘ਤੇ ਖ਼ਤਰਨਾਕ ਸਥਿਤੀ ਵਿੱਚ ਦਾਖਲ ਹੋ ਜਾਂਦਾ ਹੈ, ਇਹ ਮੰਨਦੇ ਹੋਏ ਕਿ ਮੌਤ ਉਸਦੀ ਆਖਰੀ ਮੰਜ਼ਿਲ ਹੈ। ਪਰ ਅਜਿਹੀ ਸੋਚ ਕਿਸੇ ਵੀ ਲੋਕਤੰਤਰੀ ਜਾਂ ਮਨੁੱਖੀ ਪ੍ਰਣਾਲੀ ਵਿੱਚ ਸਵੀਕਾਰਯੋਗ ਨਹੀਂ ਹੋ ਸਕਦੀ। ਇਹ ਜੀਵਨ, ਸਮਾਜ ਅਤੇ ਕਾਨੂੰਨ ਦੇ ਮੂਲ ਸਿਧਾਂਤਾਂ ਦੀ ਉਲੰਘਣਾ ਕਰਦੀ ਹੈ।”

ਵੀਡੀਓ ਵਿੱਚ ਉਮਰ ਨਬੀ ਸ਼ਾਂਤ ਅਤੇ ਆਤਮਵਿਸ਼ਵਾਸੀ ਦਿਖਾਈ ਦੇ ਰਿਹਾ ਹੈ ਅਤੇ ਆਪਣੀ ਗੱਲ ਸਮਝਾਉਣ ਦੀ ਕੋਸ਼ਿਸ਼ ਕਰਦੇ ਹੋਏ ਆਪਣਾ ਸਿਰ ਹਿਲਾ ਰਿਹਾ ਹੈ। ਹਾਲਾਂਕਿ, ਵੀਡੀਓ ਵਿਚ ਆਤਮਘਾਤੀ ਬੰਬ ਧਮਾਕੇ ਬਾਰੇ ਉਸਦੇ ਹੋਰ ਵਿਚਾਰਾਂ ਦਾ ਖੁਲਾਸਾ ਨਹੀਂ ਕਰਦਾ ਹੈ।

ਜਾਂਚ ਏਜੰਸੀਆਂ ਨੇ ਦੱਸਿਆ ਕਿ ਉਮਰ ਦੇ ਆਪਣੇ ਮਾਡਿਊਲ ਦੇ ਕਈ ਮੈਂਬਰਾਂ ਨੇ ਵੀ ਆਤਮਘਾਤੀ ਹਮਲੇ ਦਾ ਸਖ਼ਤ ਵਿਰੋਧ ਕੀਤਾ ਸੀ ਤੇ ਯੋਜਨਾ ਨੂੰ ਰੱਦ ਕਰਨ ਦੀ ਮੰਗ ਕੀਤੀ ਸੀ, ਪਰ ਉਮਰ ਨੇ ਇਕੱਲਿਆਂ ਹੀ ਅੱਗੇ ਵਧਣ ਦਾ ਫੈਸਲਾ ਕੀਤਾ। ਦਿੱਲੀ ਪੁਲਿਸ ਦੀ ਵਿਸ਼ੇਸ਼ ਸੈੱਲ ਨੂੰ ਇਹ ਵੀਡੀਓ ਇੱਕ ਗੁਮਨਾਮ ਸਰੋਤ ਤੋਂ ਮਿਲਿਆ ਹੈ। ਇਹ ਫਰੀਦਾਬਾਦ ਅੱਤਵਾਦੀ ਮਾਡਿਊਲ ਨਾਲ ਜੁੜਿਆ ਮਾਮਲਾ ਹੈ। 10 ਨਵੰਬਰ ਨੂੰ ਹੋਏ ਧਮਾਕੇ ਵਿੱਚ ਹੁਣ ਤੱਕ 14 ਲੋਕ ਮਾਰੇ ਜਾ ਚੁੱਕੇ ਹਨ।

ਵੀਡੀਓ ਦੀ ਸਾਹਮਣੇ ਆਉਣ ਤੋਂ ਬਾਅਦ ਜਾਂਚ ਏਜੰਸੀਆਂ ਦਾ ਮੰਨਣਾ ਹੈ ਕਿ ਇਹ ਉਮਰ ਦਾ “ਆਤਮਘਾਤੀ ਵਸੀਹਤਨਾਮਾ” ਹੈ, ਜਿਸ ਵਿੱਚ ਉਹ ਆਪਣੇ ਕਾਰੇ ਨੂੰ ਧਾਰਮਿਕ ਰੰਗ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ। ਜਾਂਚ ਜਾਰੀ ਹੈ ਤੇ ਇਸ ਵੀਡੀਓ ਨੂੰ ਸਬੂਤ ਵਜੋਂ ਵੀ ਵਰਤਿਆ ਜਾਵੇਗਾ।