India

ਦੇਵੇਂਦਰ ਤੋਮਰ ਵਿਵਾਦ ‘ਤੇ ਇੱਕ ਹੋਰ ਵੀਡੀਓ ਆਇਆ, ਹੁਣ ਮਨਜਿੰਦਰ ਸਿਰਸਾ ’ਤੇ ਲੱਗੇ ਗੰਭੀਰ ਇਲਜ਼ਾਮ..

Manjinder Sirsa, Devendra Tomar controversy, bjp, congress

ਨਵੀਂ ਦਿੱਲੀ : ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਨਰਿੰਦਰ ਸਿੰਘ ਤੋਮਰ ਦੇ ਪੁੱਤਰ ਦੇਵੇਂਦਰ ਪ੍ਰਤਾਪ ਸਿੰਘ ਤੋਮਰ ਦਾ ਕਥਿਤ ਤੋਰ ਉੱਤੇ ਇੱਕ ਵੀਡੀਓ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਵੀਡੀਓ ‘ਚ ਦੇਵੇਂਦਰ ਪ੍ਰਤਾਪ ਕਥਿਤ ਤੌਰ ‘ਤੇ ਲੈਣ ਦੇਣ ਦੇ ਮਾਮਲੇ ਵਿੱਚ 500 ਕਰੋੜ ਰੁਪਏ ਦੀ ਗੱਲ ਕਰਦੇ ਨਜ਼ਰ ਆ ਰਹੇ ਹਨ। ਹੁਣ ਇਸ ਮਾਮਲੇ ਵਿੱਚ ਇੱਕ ਹੋਰ ਵੀਡੀਓ ਜਾਰੀ ਹੋਇਆ ਹੈ। ਇਸ ਨਵੀਂ ਵੀਡੀਓ ‘ਚ ਦੋਸ਼ ਲਾਉਣ ਵਾਲਾ ਵਿਅਕਤੀ, ਆਪਣੇ ਆਪ ਨੂੰ ਦੇਵੇਂਦਰ ਤੋਮਰ ਦਾ ਦੋਸਤ ਦੱਸ ਰਿਹਾ ਹੈ ਅਤੇ ਇਹ ਵੀ ਦੱਸ ਰਿਹਾ ਹੈ ਕਿ ਕਿਵੇਂ ਪੈਸੇ ਦਾ ਲੈਣ-ਦੇਣ ਕੀਤਾ ਗਿਆ। ਇੰਨਾ ਹੀ ਨਹੀਂ ਉਸ ਨੇ ਇਹ ਵੀ ਦਾਅਵਾ ਕੀਤਾ ਕਿ ਤੋਮਰ ਪਰਿਵਾਰ ਭੰਗ ਅਤੇ ਗਾਂਜੇ ਦੀ ਖੇਤੀ ਨਾਲ ਜੁੜਿਆ ਹੋਇਆ ਹੈ। ਇਸ ਵੀਡੀਓ ‘ਚ ਦਿਖਾਈ ਦੇਣ ਵਾਲੇ ਵਿਅਕਤੀ ਨੇ ਦੇਵੇਂਦਰ ਤੋਮਰ ਤੋਂ ਇਲਾਵਾ ਭਾਜਪਾ ਆਗੂ  ਮਨਜਿੰਦਰ ਸਿੰਘ ਸਿਰਸਾ ਅਤੇ ਗੁਰਦੁਆਰਾ ਕਮੇਟੀ ਦਾ ਨਾਂ ਵੀ ਲਿਆ ਹੈ।

ਇਸ ਮਾਮਲੇ ਵਿੱਚ ਆਲ ਇੰਡੀਆ ਕਾਂਗਰਸ ਕਮੇਟੀ ਦੇ ਕੋਆਰਡੀਨੇਟਰ ਗੌਰਵ ਪਾਂਧੀ ਨੇ ਆਪਣੇ ਟਵਿੱਟਰ ਅਕਾਉਂਟ ਉੱਤੇ ਇਹ ਵੀਡੀਓ ਸ਼ੇਅਰ ਕੀਤਾ ਹੈ। ਜਿਸ ਵਿੱਚ ਟਵੀਟ ਕਰਦਿਆਂ ਉਨ੍ਹਾਂ ਨੇ ਲਿਖਿਆ ਹੈ ਕਿ ਨਰਿੰਦਰ ਤੋਮਰ ਦੇ ਬੇਟੇ ਦਾ ਵੀਡੀਓ ਰਿਕਾਰਡ ਕਰਨ ਵਾਲਾ ਵਿਅਕਤੀ ਖੁੱਲ੍ਹ ਕੇ ਸਾਹਮਣੇ ਆਇਆ ਹੈ। ਜਿਸ ਨੇ ਦਾਅਵਾ ਹੈ ਕਿ ਮਨਜਿੰਦਰ ਸਿੰਘ ਸਿਰਸਾ ਗੁਰਦੁਆਰਿਆਂ ਦੀ ਵਰਤੋਂ ਭਾਜਪਾ ਦੇ ਗੰਦੇ ਪੈਸੇ ਨੂੰ ਸਫੇਦ ਕਰਨ ਲਈ ਕਰ ਰਹੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਇਹ ਲੈਣ-ਦੇਣ ਕੁਝ ਸੌ ਕਰੋੜ ਰੁਪਏ ਦਾ ਨਹੀਂ ਹੈ, ਸਗੋਂ ਗੁਰਦੁਆਰਿਆਂ ਦੀ ਵਰਤੋਂ ਕਰਕੇ ਹਵਾਲਾ ਰਾਹੀਂ ਭਾਜਪਾ ਆਗੂਆਂ ਨੂੰ 1 ਬਿਲੀਅਨ ਡਾਲਰ ਤੋਂ ਵੱਧ ਦਾ ਨਾਜਾਇਜ਼ ਪੈਸਾ ਦਿੱਤਾ ਗਿਆ ਹੈ। ਤੁਸੀਂ ਦੇਖੋਗੇ ਕਿ ਪੀਐਮ ਮੋਦੀ, ਜਾਂਚ ਏਜੰਸੀਆਂ ਅਤੇ ਗੋਦੀ ਮੀਡੀਆ ਇਸ ਪੂਰੇ ਮਾਮਲੇ ‘ਤੇ ਕਿਵੇਂ ਚੁੱਪ ਰਹਿਣਗੇ। ਇਹ ਸਾਰੇ ਭ੍ਰਿਸ਼ਟ ਵਿਅਕਤੀ ਜਿਨ੍ਹਾਂ ਨੇ ਹਜ਼ਾਰਾਂ ਕਰੋੜ ਰੁਪਏ ਦੇ ਗੰਦੇ ਸੌਦੇ ਕੀਤੇ ਹਨ, ਉਹ ਅਸਲ ਦੇਸ਼ ਵਿਰੋਧੀ ਹਨ ਅਤੇ ਇਨ੍ਹਾਂ ਸਾਰਿਆਂ ਨੂੰ ਸਲਾਖਾਂ ਪਿੱਛੇ ਡੱਕਿਆ ਜਾਣਾ ਚਾਹੀਦਾ ਹੈ!

ਮਨਜਿੰਦਰ ਸਿਰਸਾ ਨੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ

ਇਸ ਵਿਵਾਦ ਦਰਮਿਆਨ ਮਨਜਿੰਦਰ ਸਿੰਘ ਸਿਰਸਾ ਨੇ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਹੈ। ਉਸ ਦਾ ਕਹਿਣਾ ਹੈ ਕਿ ਉਹ ਨਾ ਤਾਂ ਵੀਡੀਓ ਵਿਚ ਦਿਖਾਈ ਦੇਣ ਵਾਲੇ ਵਿਅਕਤੀ ਨੂੰ ਜਾਣਦਾ ਹੈ ਅਤੇ ਨਾ ਹੀ ਉਨ੍ਹਾਂ ਦੀ ਕਦੇ ਮੰਤਰੀ ਤੋਮਰ ਨਾਲ ਖਾਸ ਮੁਲਾਕਾਤ ਹੋਈ ਹੈ। ਪ੍ਰਧਾਨ ਵਜੋਂ ਮੇਰੇ ਕਾਰਜਕਾਲ ਦੌਰਾਨ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬੈਂਕ ਖਾਤਿਆਂ ਵਿੱਚ ਕਦੇ ਵੀ 20 ਲੱਖ ਰੁਪਏ ਤੋਂ ਵੱਧ ਦਾ ਲੈਣ-ਦੇਣ ਨਹੀਂ ਹੋਇਆ।

 

ਕੀ ਹੈ ਸਾਰਾ ਮਾਮਲਾ

ਮੰਗਲਵਾਰ ਨੂੰ ਮੱਧ ਪ੍ਰਦੇਸ਼ ਕਾਂਗਰਸ ਦੇ ਦਫਤਰ ‘ਚ ਪਾਰਟੀ ਦੀ ਰਾਸ਼ਟਰੀ ਬੁਲਾਰੇ ਸੁਪ੍ਰਿਆ ਸ਼੍ਰੀਨੇਤ ਨੇ ਦੇਵੇਂਦਰ ਨਾਲ ਲੈਣ-ਦੇਣ ‘ਤੇ ਚਰਚਾ ਕਰਨ ਵਾਲੇ ਵਿਅਕਤੀ ਦਾ ਵੀਡੀਓ ਦਿਖਾਇਆ। ਇਸ ‘ਚ ਉਹ ਦਾਅਵਾ ਕਰਦੇ ਹੋਏ ਨਜ਼ਰ ਆ ਰਹੇ ਹਨ, ‘ਪਿਛਲੇ ਕੁਝ ਦਿਨਾਂ ਤੋਂ ਚੱਲ ਰਹੀ ਵੀਡੀਓ ‘ਚ ਜੋ ਵਿਅਕਤੀ ਦੇਵੇਂਦਰ ਤੋਮਰ ਨਾਲ ਗੱਲ ਕਰ ਰਿਹਾ ਹੈ, ਉਹ ਮੈਂ ਹਾਂ।’

ਕਾਂਗਰਸ ਹੈੱਡਕੁਆਰਟਰ ‘ਚ ਪ੍ਰੈੱਸ ਕਾਨਫ਼ਰੰਸ ‘ਚ ਸ਼੍ਰੀਨੇਤ ਨੇ ਕਿਹਾ- ਸੱਚਾਈ ਦਾ ਪਤਾ ਲਗਾਉਣਾ ਜਾਂਚ ਏਜੰਸੀਆਂ ਦਾ ਕੰਮ ਹੈ ਪਰ ਸਰਕਾਰ ਕਿਸ ਗੱਲ ਦੀ ਉਡੀਕ ਕਰ ਰਹੀ ਹੈ? ਇਨ੍ਹਾਂ ਲੋਕਾਂ ਨੇ ਕੈਨੇਡਾ ਵਿੱਚ 100 ਏਕੜ ਬੇਨਾਮੀ ਜ਼ਮੀਨ ਖਰੀਦੀ ਹੈ। ਇਸ ਦੇ ਛਿੱਟੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੱਕ ਪਹੁੰਚ ਰਹੇ ਹਨ। ਤੋਮਰ ਪਰਿਵਾਰ ਭੰਗ ਦੀ ਖੇਤੀ ਨਾਲ ਜੁੜਿਆ ਹੋਇਆ ਹੈ। ਉਹ ਇਸ ਵਿੱਚ ਹੋਰ ਪੈਸਾ ਲਗਾਉਣਾ ਚਾਹੁੰਦਾ ਹੈ।

ਸੁਪ੍ਰੀਆ ਸ਼੍ਰੀਨੇਤ ਨੇ ਦੋਸ਼ ਲਾਇਆ ਕਿ ਗੁਰਦੁਆਰੇ ਵਰਗੇ ਪਵਿੱਤਰ ਸਥਾਨ ਦੀ ਪੈਸੇ ਦੇ ਲੈਣ-ਦੇਣ ਲਈ ਦੁਰਵਰਤੋਂ ਕੀਤੀ ਗਈ ਹੈ। ਇਸ ਵਿੱਚ ਪੈਸਾ ਘੁੰਮਦਾ ਹੈ। ਮਨਜਿੰਦਰ ਸਿੰਘ ਸਿਰਸਾ ਉਸ ਸਮੇਂ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸਨ। ਉਨ੍ਹਾਂ ਨੂੰ ਨਕਦੀ ਦਿੱਤੀ ਗਈ ਅਤੇ ਬੈਂਕ ਵਿੱਚ ਗੁਰਦੁਆਰੇ ਦੇ ਪੈਸੇ ਦਾ ਕੋਈ ਰਿਕਾਰਡ ਨਹੀਂ ਸੀ। ਇਹ ਮਾਮਲਾ ਸੀਬੀਆਈ, ਈਡੀ ਅਤੇ ਨਾਰਕੋਟਿਕਸ ਵਿਭਾਗ ਦਾ ਹੈ।

ਸ਼੍ਰੀਨੇਤ ਨੇ ਕਿਹਾ, ‘ਪੂਰੀ ਕੇਂਦਰ ਸਰਕਾਰ ਅਤੇ ਭਾਜਪਾ ਇਸ ‘ਚ ਸ਼ਾਮਲ ਹੈ। ਤੁਸੀਂ ਬਿੱਲੀ ਨੂੰ ਦੁੱਧ ਦੀ ਰਾਖੀ ਕਰਨ ਲਈ ਨਹੀਂ ਕਹਿ ਸਕਦੇ। ਹੁਣ ਜੇਕਰ ਕੇਂਦਰੀ ਏਜੰਸੀਆਂ ਇਸ ਮਾਮਲੇ ਦੀ ਜਾਂਚ ਨਹੀਂ ਕਰਦੀਆਂ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਭ੍ਰਿਸ਼ਟਾਚਾਰ ਦੀ ਗੱਲ ਨਹੀਂ ਕਰਨੀ ਚਾਹੀਦੀ। ਵੀਡੀਓ ‘ਚ ਅਮਿਤ ਸ਼ਾਹ ਦੇ ਕਰੀਬੀ ਸਿਰਸਾ ਦਾ ਨਾਂ ਸਾਹਮਣੇ ਆਇਆ ਹੈ। ਇਹ ਦੇਸ਼ਧ੍ਰੋਹ ਦਾ ਮਾਮਲਾ ਹੈ। ਫਿਰ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਜਾ ਰਹੀ? ਦੇਵੇਂਦਰ ਤੋਮਰ ਖੁੱਲ੍ਹੇਆਮ ਘੁੰਮ ਰਹੇ ਹਨ।

ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਦਾ ਆਇਆ ਇਹ ਬਿਆਨ

ਇਸ ਮਾਮਲੇ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਨਰਿੰਦਰ ਸਿੰਘ ਤੋਮਰ ਨੇ ਟਵੀਟ ਕੀਤਾ। ਉਨ੍ਹਾਂ ਨੇ ਲਿਖਿਆ, ‘ਅੱਜ ਮੇਰੇ ਬੇਟੇ ਨਾਲ ਜੁੜੀ ਇਕ ਫਰਜ਼ੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਹੈ। ਇਹ ਵਿਰੋਧੀ ਧਿਰ ਵੱਲੋਂ ਚੋਣਾਂ ਸਮੇਂ ਜਨਤਾ ਨੂੰ ਗੁੰਮਰਾਹ ਕਰਨ ਦੇ ਮਕਸਦ ਨਾਲ ਰਚੀ ਜਾ ਰਹੀ ਸੋਚੀ ਸਮਝੀ ਸਾਜ਼ਿਸ਼ ਦਾ ਹਿੱਸਾ ਹੈ। ਇਸ ਤੋਂ ਪਹਿਲਾਂ ਮੇਰੇ ਪੁੱਤਰ ਦੇਵੇਂਦਰ ਪ੍ਰਤਾਪ ਸਿੰਘ ਤੋਮਰ ਨੇ ਵੀ ਅਜਿਹੀਆਂ ਝੂਠੀਆਂ ਵੀਡੀਓਜ਼ ਸਬੰਧੀ ਪੁਲਿਸ ਨੂੰ ਜਾਂਚ ਲਈ ਦਰਖਾਸਤ ਦਿੱਤੀ ਸੀ। ਅੱਜ ਫਿਰ ਮੈਂ CFSL ਏਜੰਸੀਆਂ ਤੋਂ ਇਸ ਵੀਡੀਓ ਦੀ ਜਾਂਚ ਕਰਨ ਦੀ ਮੰਗ ਕਰਦਾ ਹਾਂ, ਤਾਂ ਜੋ ਸੱਚਾਈ ਸਾਹਮਣੇ ਆ ਸਕੇ ਅਤੇ ਸਾਜ਼ਿਸ਼ ਦਾ ਪਰਦਾਫਾਸ਼ ਕੀਤਾ ਜਾ ਸਕੇ।


ਉੱਥੇ ਹੀ ਦੂਜੇ ਪਾਸੇ ਕੇਂਦਰੀ ਮੰਤਰੀ ਨਰਿੰਦਰ ਸਿੰਘ ਤੋਮਰ ਦੇ ਪੁੱਤਰ ਦੇਵੇਂਦਰ ਸਿੰਘ ਤੋਮਰ ਨੇ ਦਾਅਵਾ ਕੀਤਾ ਹੈ ਕਿ ਇਹ ਵੀਡੀਓ ਫਰਜ਼ੀ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਐਫਆਈਆਰ ਵੀ ਦਰਜ ਕੀਤੀ ਗਈ ਹੈ।

ਰਾਹੁਲ ਨੇ ਵੀ ਭਾਜਪਾ ‘ਤੇ ਸਾਧਿਆ ਨਿਸ਼ਾਨਾ

ਦੱਸਣਯੋਗ ਹੈ ਕਿ ਅਜਿਹੇ ਵੀਡੀਓਜ਼ ਨੂੰ ਲੈ ਕੇ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਭਾਜਪਾ ‘ਤੇ ਵੀ ਨਿਸ਼ਾਨਾ ਸਾਧਿਆ ਹੈ। ਇਸ ਤੋਂ ਪਹਿਲਾਂ ਦੇ ਵੀਡੀਓ ਬਾਰੇ ਰਾਹੁਲ ਗਾਂਧੀ ਨੇ ਕਿਹਾ ਸੀ, ‘ਅੱਜ ਮੱਧ ਪ੍ਰਦੇਸ਼ ਭ੍ਰਿਸ਼ਟਾਚਾਰ ਦੀ ਰਾਜਧਾਨੀ ਹੈ। ਤੁਸੀਂ ਭਾਜਪਾ ਨੇਤਾ ਨਰਿੰਦਰ ਸਿੰਘ ਤੋਮਰ ਜੀ ਦੇ ਬੇਟੇ ਦੀ ਵੀਡੀਓ ਦੇਖੀ ਹੋਵੇਗੀ। ਉਹ ਤੁਹਾਡਾ ਪੈਸਾ ਲੁੱਟ ਰਹੇ ਹਨ, ਚੋਰੀ ਕਰ ਰਹੇ ਹਨ। ਭਾਜਪਾ ਆਗੂਆਂ ਦੀ ਲੁੱਟ ਕਾਰਨ ਸੂਬੇ ਦੀ ਜਨਤਾ ਦਾ ਨੁਕਸਾਨ ਹੋ ਰਿਹਾ ਹੈ।

ਖਬਰ ਏਜੰਸੀ ਪੀਟੀਆਈ ਦੀ ਰਿਪੋਰਟ ਮੁਤਾਬਕ ਰਾਹੁਲ ਨੇ ਸਵਾਲ ਕੀਤਾ ਕਿ ਈਡੀ (ਇਨਫੋਰਸਮੈਂਟ ਡਾਇਰੈਕਟੋਰੇਟ), ਸੀਬੀਆਈ ਅਤੇ ਆਈਟੀ (ਇਨਕਮ ਟੈਕਸ ਵਿਭਾਗ) ਇਨ੍ਹਾਂ ਮਾਮਲਿਆਂ ਦੀ ਜਾਂਚ ਕਿਉਂ ਨਹੀਂ ਸ਼ੁਰੂ ਕਰ ਰਹੇ ਹਨ।