International Punjab

ਅਮਰੀਕਾ ‘ਚ ਇੱਕ ਹੋਰ ਟਰੱਕ ਡਰਾਈਵਰ ਨੇ ਲਈ ਕਈਆਂ ਦੀ ਜਾਨ

ਅਮਰੀਕਾ ਵਿੱਚ ਹਾਲੇ ਹਰਜਿੰਦਰ ਸਿੰਘ ਦੇ ਯੂ-ਟਰਨ ਐਕਸੀਡੈਂਟ ਦਾ ਮਾਮਲਾ ਅਜੇ ਠੰਢਾ ਨਹੀਂ ਪਿਆ ਸੀ ਕਿ ਇੱਕ ਹੋਰ 21 ਸਾਲਾ ਪੰਜਾਬੀ ਡਰਾਇਵਰ ਜਸ਼ਨਪ੍ਰੀਤ ਨੇ ਅਮਰੀਕਾ ਵਿੱਚ ਤਿੰਨ ਬੇਕਸੂਰ ਲੋਕਾਂ ਦੀ ਜਾਨ ਲੈ ਕੇ ਪੰਜਾਬੀ ਡਰਾਇਵਰ ਭਾਈਚਾਰੇ ਲਈ ਨਵੀਂ ਮੁਸੀਬਤ ਖੜ੍ਹੀ ਕਰ ਦਿੱਤੀ।

ਇਸ ਘਟਨਾ ਨੇ ਨਸਲਵਾਦੀ ਲੋਕਾਂ ਨੂੰ ਭਾਰਤੀਆਂ ਵਿਰੁੱਧ ਨਫ਼ਰਤ ਫੈਲਾਉਣ ਦਾ ਮੌਕਾ ਦੇ ਦਿੱਤਾ। ਯੂਬਾ ਸਿਟੀ ਦਾ ਜਸ਼ਨਪ੍ਰੀਤ, ਜੋ 2022 ਵਿੱਚ ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਵੜਿਆ ਸੀ, ਨੂੰ ਨਸ਼ੇ ਵਿੱਚ ਸੈਮੀ-ਟਰੱਕ ਚਲਾਉਣ ਅਤੇ ਵਾਹਨਾਂ ਨਾਲ ਤਬਾਹੀ ਮਚਾਉਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ।

ਮੰਗਲਵਾਰ ਨੂੰ ਓਨਟਾਰੀਓ, ਕੈਲੀਫੋਰਨੀਆ ਦੇ 10 ਫ੍ਰੀਵੇਅ ’ਤੇ ਵਾਪਰੇ ਇਸ ਭਿਆਨਕ ਹਾਦਸੇ ਵਿੱਚ ਟਰੱਕ ਨੇ ਇੱਕ SUV ਨੂੰ ਪਿੱਛੇ ਟੱਕਰ ਮਾਰੀ ਅਤੇ ਫਿਰ ਲੇਨ ਵਿੱਚ ਆਉਂਦੇ ਕਈ ਵਾਹਨਾਂ ਨੂੰ ਧੱਕਦਾ ਰਿਹਾ। ਬ੍ਰੇਕ ਨਾ ਲੱਗਣ ਜਾਂ ਨਾ ਲਗਾਉਣ ਕਾਰਨ ਟਰੱਕ ਨੇ ਅਨੇਕਾਂ ਗੱਡੀਆਂ ਨੂੰ ਕੁਚਲਿਆ, ਕਈਆਂ ਨੂੰ ਅੱਗ ਲੱਗੀ ਅਤੇ ਅਖੀਰ ਵਿੱਚ ਵਿਰੋਧੀ ਲੇਨ ਵਿੱਚ ਖੜ੍ਹੇ ਇੱਕ ਟਰੱਕ ਨਾਲ ਟਕਰਾ ਕੇ ਰੁਕਿਆ। ਡੈਸ਼ਕੈਮ ਵੀਡੀਓ ਵਿੱਚ ਪੂਰੀ ਘਟਨਾ ਕੈਦ ਹੋ ਗਈ।

ਹਾਦਸੇ ਵਿੱਚ ਤਿੰਨ ਲੋਕ ਮਾਰੇ ਗਏ ਅਤੇ ਚਾਰ ਜ਼ਖ਼ਮੀ ਹੋਏ। ਮ੍ਰਿਤਕਾਂ ਵਿੱਚੋਂ ਇੱਕ ਦੀ ਪਛਾਣ ਅੱਪਲੈਂਡ ਦੇ 54 ਸਾਲਾ ਵਿਅਕਤੀ ਵਜੋਂ ਹੋਈ, ਪਰ ਨਾਮ ਜਾਰੀ ਨਹੀਂ ਕੀਤਾ। ਬਾਕੀ ਦੋ ਬੁਰੀ ਤਰ੍ਹਾਂ ਸੜ ਜਾਣ ਕਾਰਨ ਅਜੇ ਪਛਾਣੇ ਨਹੀਂ ਜਾ ਸਕੇ। ਕੈਲੀਫੋਰਨੀਆ ਹਾਈਵੇਅ ਪੈਟਰੋਲ ਅਫਸਰ ਰੋਡਰਿਜੋ ਜੀਮੇਨਜ਼ ਨੇ ਮੈਡੀਕਲ ਜਾਂਚ ਤੋਂ ਬਾਅਦ ਜਸ਼ਨਪ੍ਰੀਤ ਦੇ ਨਸ਼ੇ ਵਿੱਚ ਹੋਣ ਦੀ ਪੁਸ਼ਟੀ ਕੀਤੀ। ਟਰੱਕ ਵਿੱਚ ਤਕਨੀਕੀ ਖ਼ਰਾਬੀ ਦੀ ਵੀ ਜਾਂਚ ਚੱਲ ਰਹੀ ਹੈ।