Punjab

ਇੱਕ ਹੋਰ ਟੋਲ ਪਲਾਜ਼ਾ ਜਨਤਾ ਲਈ ਖੁੱਲਿਆ, ਕੰਪਨੀ ਲਈ ਹੋਇਆ ਬੰਦ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੀਰਤਪੁਰ ਸਹਿਬ-ਸ੍ਰੀ ਅਨੰਦਪੁਰ ਸਾਹਿਬ – ਨੰਗਲ – ਊਨਾ ਵਾਲੇ ਟੋਲ ਪਲਾਜ਼ਾ ਨੂੰ ਅੱਜ ਲੋਕਾਂ ਦੇ ਲਈ ਮੁਫ਼ਤ ਕਰਵਾ ਦਿੱਤਾ ਹੈ। ਇਸ ਨਾਲ ਲੋਕਾਂ ਦੇ ਇੱਕ ਦਿਨ ਦੇ 10 ਲੱਖ 12 ਹਜ਼ਾਰ ਰੁਪਏ ਬਚਣਗੇ। ਕੰਪਨੀ ਵੱਲੋਂ 582 ਦਿਨ ਮਿਆਦ ਵਧਾਉਣ ਦੀ ਅਰਜ਼ੀ ਨੂੰ ਖਾਰਜ ਕੀਤਾ ਗਿਆ ਹੈ ਕਿਉਂਕਿ ਕੰਪਨੀ ਨੇ ਕਈ ਵਾਰ ਐਗਰੀਮੈਂਟ ਦੀ ਕੀਤੀ ਉਲੰਘਣਾ ਕੀਤੀ ਹੈ। ਸੀਐੱਮ ਮਾਨ ਨੇ ਕਿਹਾ ਕਿ ਲੋਕਾਂ ਦੇ ਪੈਸੇ ਦੀ ਲੁੱਟ ਬਰਦਾਸ਼ਤ ਨਹੀਂ ਕਰਾਂਗੇ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਅੱਜ ਤੋਂ ਇਹ ਟੋਲ ਪਲਾਜ਼ਾ ਜਨਤਾ ਲਈ ਖੋਲ੍ਹ ਦਿੱਤਾ ਹੈ ਜਦਕਿ ਕੰਪਨੀ ਲਈ ਬੰਦ ਕਰ ਦਿੱਤਾ ਗਿਆ ਹੈ।

ਹੁਣ ਤੱਕ 8 ਟੋਲ ਪਲਾਜ਼ੇ ਕਰਵਾਏ ਬੰਦ

ਮਾਨ ਨੇ ਹੁਣ ਤੱਕ ਬੰਦ ਕੀਤੇ ਗਏ ਟੋਲ ਪਲਾਜ਼ਿਆਂ ਦਾ ਵੇਰਵਾ ਵੀ ਦਿੱਤਾ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹੁਣ ਤੱਕ ਪੰਜਾਬ ਦੇ 7 ਟੋਲ ਬੰਦ ਕਰਵਾਏ ਹਨ ਤੇ ਅੱਜ ਉਹਨਾਂ ਨੇ 8ਵਾਂ ਟੋਲ ਪਲਾਜ਼ਾ ਬੰਦ ਕਰਵਾਇਆ ਹੈ। ਇਸ ਤੋਂ ਪਹਿਲਾਂ ਸੰਗਰੂਰ-ਲੁਧਿਆਣਾ ਰੋਡ ਉਤੇ  2 ਟੋਲ ਪਲਾਜ਼ਾ ਬੰਦ ਕੀਤੇ ਹਨ। ਹੁਸ਼ਿਆਰਪੁਰ ਟਾਂਡਾ ਰੋਡ ਉਤੇ 1 ਟੋਲ ਪਲਾਜ਼ਾ ਬੰਦ ਕੀਤਾ ਹੈ। ਬਲਾਚੌਰ- ਗੜ੍ਹਸ਼ੰਕਰ- ਹੁਸ਼ਿਆਰਪੁਰ ਰੋਡ ਉਤੇ 3 ਟੋਲ ਪਲਾਜ਼ਾ ਬੰਦ ਕੀਤੇ ਹਨ। ਹਾਈ ਲੈਵਲ ਬ੍ਰਿਜ ਮੱਖੂ ਉਤੇ  1 ਟੋਲ ਬੰਦ ਕੀਤਾ ਹੈ। ਅੱਜ ਕੀਰਤਪੁਰ ਸਾਹਿਬ- ਨੰਗਲ- ਉਨਾ ਰੋਡ ਟੋਲ ਪਲਾਜ਼ਾ ਬੰਦ ਕਰਵਾਇਆ ਹੈ।

ਚਾਚੇ-ਭਤੀਜੇ ਦੀ ਮਿਲੀਭੁਗਤ ਕਰਕੇ ਨਹੀਂ ਬੰਦ ਹੋਏ ਸਨ ਟੋਲ ਪਲਾਜ਼ੇ – ਮਾਨ

ਸੀਐੱਮ ਭਗਵੰਤ ਮਾਨ ਨੇ ਵਿਰੋਧੀਆਂ ਉਤੇ ਨਿਸ਼ਾਨਾ ਕਸਦਿਆਂ ਕਿਹਾ ਕਿ ਇਹ ਟੋਲ ਪਲਾਜ਼ਾ ਪਿਛਲੀ ਕਾਂਗਰਸ ਸਰਕਾਰ ਵੇਲੇ ਲੱਗਿਆ ਸੀ ਅਤੇ 2014 ਵਿਚ ਅਕਾਲੀ ਸਰਕਾਰ ਵੇਲੇ ਬੰਦ ਹੋਣਾ ਸੀ, ਜਿਸ ਨੂੰ ਬੰਦ ਨਹੀਂ ਕੀਤਾ ਗਿਆ। ਫਿਰ ਬਾਅਦ ਵਿਚ 2017 ਵਿਚ ਵੀ ਕਾਂਗਰਸ ਦੀ ਸਰਕਾਰ ਨੂੰ ਇਹ ਟੋਲ ਪਲਾਜ਼ਾ ਬੰਦ ਕਰਨ ਦਾ ਮੌਕਾ ਸੀ ਜਦਕਿ ਇਸ ਨੂੰ ਫਿਰ ਵੀ ਬੰਦ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਚਾਚੇ-ਭਤੀਜੇ ਦੀ ਮਿਲੀਭੁਗਤ ਨਾਲ ਹੀ ਇਸ ਨੂੰ ਬੰਦ ਨਹੀਂ ਕੀਤਾ ਗਿਆ।

ਕਿਸਾਨਾਂ ਲਈ ਵੱਡਾ ਐਲਾਨ

ਬੇਮੌਸਮੀ ਮੀਂਹ ਕਾਰਨ ਕਿਸਾਨਾਂ ਦੇ ਹੋਏ ਨੁਕਸਾਨ ਬਾਰੇ ਜ਼ਿਕਰ ਕਰਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪ੍ਰਭਾਵਿਤ ਕਿਸਾਨਾਂ ਨੂੰ ਵਿਸਾਖੀ ਤੱਕ 15 ਹਜ਼ਾਰ ਰੁਪਏ ਦੇ ਚੈੱਕ ਮਿਲ ਜਾਣਗੇ। ਸਪੈਸ਼ਲ ਗਿਰਦਾਵਰੀ ਕਰਵਾਈ ਜਾਵੇਗੀ। ਇਹ ਗਿਰਦਾਵਰੀ ਕਿਸੇ ਖ਼ਾਸ ਬੰਦੇ ਦੇ ਘਰ ਵਿੱਚ ਬੈਠ ਕੇ ਨਹੀਂ ਹੋਵੇਗੀ, ਗਿਰਦਾਵਰੀ ਪਿੰਡ ਦੇ ਕਿਸੇ ਗੁਰਦੁਆਰਾ ਸਾਹਿਬ ਵਿਖੇ ਜਾਂ ਕਿਸੇ ਸੱਥ ਜਾਂ ਸਾਂਝੀ ਜਗ੍ਹਾ ‘ਤੇ ਬੈਠ ਕੇ ਕੀਤੀ ਜਾਵੇਗੀ। ਢਹਿ ਚੁੱਕੇ ਘਰਾਂ ਲਈ ਵੀ ਅਸੀਂ ਕਦਮ ਚੁੱਕੇ ਹਨ। ਨਵੇਂ ਘਰ ਪਾਉਣ ਲਈ 1 ਲੱਖ 20 ਹਜ਼ਾਰ ਅਤੇ ਪ੍ਰਭਾਵਿਤ ਘਰਾਂ ਦੀ ਮੁਰੰਮਤ ਲਈ 5400 ਰੁਪਏ ਦਿੱਤੇ ਜਾਣਗੇ।

RDF ਦੀ ਕੇਂਦਰ ਤੋਂ ਮੰਗ

ਆਰਡੀਐੱਫ਼ ਬਾਰੇ ਬੋਲਦਿਆਂ ਸੀਐੱਮ ਮਾਨ ਨੇ ਕਿਹਾ ਕਿ ਅਸੀਂ ਕੇਂਦਰ ਸਰਕਾਰ ਨੂੰ ਕਈ ਵਾਰ ਆਰਡੀਐੱਫ਼ ਦਾ ਪੈਸਾ ਦੇਣ ਲਈ ਕਹਿ ਚੁੱਕੇ ਹਾਂ। ਜੇਕਰ ਕੇਂਦਰ ਇਹ ਪੈਸਾ ਨਹੀਂ ਦਿੰਦਾ ਤਾਂ ਫਿਰ ਅਸੀਂ ਕੋਈ ਕਾਨੂੰਨੀ ਤੌਰ ਉੱਤੇ ਹੱਕ ਲੈਣ ਲਈ ਚਾਰਾਜ਼ੋਈ ਕਰਾਂਗੇ। ਕੈਪਟਨ ਸਰਕਾਰ ਵੱਲੋਂ ਆਰਡੀਐੱਫ਼ ਦੇ ਪੈਸੇ ਦਾ ਗਲਤ ਇਸਤੇਮਾਲ ਕਰਨ ਕਰਕੇ ਕੇਂਦਰ ਨੇ ਪੈਸਾ ਰੋਕ ਦਿੱਤਾ ਸੀ।

ਨਹਿਰੀ ਪਾਣੀਆਂ ਲਈ ਬਣਾਵਾਂਗੇ 50 ਸਾਲ ਤੱਕ ਚੱਲਣ ਵਾਲਾ ਐਕਟ

ਨਹਿਰੀ ਪਾਣੀ ਬਾਰੇ ਬੋਲਦਿਆਂ ਮਾਨ ਨੇ ਦਾਅਵਾ ਕੀਤਾ ਕਿ ਹੁਣ ਅਸੀਂ ਨਹਿਰਾਂ ਲਈ ਜੋ ਐਕਟ ਬਣਾਵਾਂਗੇ, ਉਹ ਅਗਲੇ 50 ਸਾਲਾਂ ਤੱਕ ਚੱਲੇਗਾ। ਮਾਨ ਨੇ ਕਿਹਾ ਕਿ ਸਾਡੇ ਵੱਲੋਂ ਪੂਰੀ ਤਿਆਰੀ ਹੈ। ਨਰਮੇ ਅਤੇ ਕਪਾਹ ਵਾਸਤੇ ਫ਼ਾਜ਼ਿਲਕਾ ਵਾਲੇ ਬੈਲਟ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ। ਇਸ ਲਈ ਉਨ੍ਹਾਂ ਦੇ ਪਹਿਲੇ ਦੋ ਚਾਰ ਪਾਣੀ ਨਰਮੇ ਨਾਲ ਹੀ ਪੂਰੇ ਹੋਣਗੇ।

ਰਾਸ਼ਟਰੀ ਮਾਰਗਾਂ ‘ਤੇ ਟੋਲ ਟੈਕਸ ਦੀਆਂ ਵਧੀਆਂ ਦਰਾਂ

ਉੱਧਰ ਦੂਜੇ ਪਾਸੇ ਅੱਜ ਤੋਂ ਰਾਸ਼ਟਰੀ ਅਤੇ ਰਾਜ ਮਾਰਗਾਂ ‘ਤੇ ਚਾਲਕਾਂ ਲਈ ਵਾਹਨ ਉਤੇ ਚੱਲਣਾ ਮਹਿੰਗਾ ਹੋ ਜਾਵੇਗਾ। ਰਾਜਸਥਾਨ ‘ਚੋਂ ਲੰਘਣ ਵਾਲੇ ਰਾਸ਼ਟਰੀ ਰਾਜਮਾਰਗਾਂ ‘ਤੇ ਸਥਾਪਿਤ ਕਈ ਟੋਲ ਪਲਾਜ਼ਿਆਂ ‘ਤੇ 1 ਅਪ੍ਰੈਲ ਤੋਂ ਟੋਲ ਟੈਕਸ ਦੀਆਂ ਦਰਾਂ ਵਧਾ ਦਿੱਤੀਆਂ ਜਾਣਗੀਆਂ। ਇਨ੍ਹਾਂ ਵਿੱਚ ਪੰਜ ਰੁਪਏ ਤੋਂ ਲੈ ਕੇ ਦਸ ਰੁਪਏ ਤੱਕ ਦਾ ਵਾਧਾ ਹੋਵੇਗਾ। NH ‘ਤੇ ਵਧੀਆਂ ਦਰਾਂ 31 ਮਾਰਚ ਦੀ ਅੱਧੀ ਰਾਤ 12 ਤੋਂ ਲਾਗੂ ਹੋ ਗਈਆਂ ਹਨ। ਨੈਸ਼ਨਲ ਹਾਈਵੇਅ ਅਤੇ ਸਟੇਟ ਹਾਈਵੇਅ ਦੇ ਕੁਝ ਟੋਲ ਪਲਾਜ਼ਿਆਂ ਦੇ ਰੇਟ ਨਹੀਂ ਵਧਣਗੇ। ਉਨ੍ਹਾਂ ਦੀਆਂ ਦਰਾਂ ਵਿੱਚ ਇਹ ਬਦਲਾਅ ਜੂਨ-ਜੁਲਾਈ ਵਿੱਚ ਹੋਵੇਗਾ। ਉਦੋਂ ਤੱਕ ਉਨ੍ਹਾਂ ਦੇ ਟੋਲ ਰੇਟ ਪਹਿਲਾਂ ਵਾਂਗ ਹੀ ਰਹਿਣਗੇ। ਜਾਣਕਾਰੀ ਅਨੁਸਾਰ ਰਾਜਸਥਾਨ ਵਿੱਚ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਦੇ 95 ਟੋਲ ਪਲਾਜ਼ਾ ਹਨ।