‘ਦ ਖ਼ਾਲਸ ਬਿਊਰੋ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀਆਂ ਮੁਸ਼ਕਿਲਾਂ ਲਗਾਤਾਰ ਵੱਧਦੀਆਂ ਜਾ ਰਹੀਆਂ ਹਨ। ਜਿੱਥੇ ਕੇਜਰੀਵਾਲ ਅੱਜ ਸੀਬੀਆਈ ਅੱਗੇ ਪੇਸ਼ ਹੋਏ ਹਨ, ਉੱਥੇ ਹੀ ਉਹਨਾਂ ਨੂੰ ਇੱਕ ਹੋਰ ਸੰਮਨ ਜਾਰੀ ਹੋ ਗਿਆ ਹੈ। ਗੁਜਰਾਤ ਦੇ ਅਹਿਮਦਾਬਾਦ ਦੀ ਇੱਕ ਅਦਾਲਤ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵਿੱਦਿਅਕ ਡਿਗਰੀ ਨੂੰ ਲੈ ਕੇ ਗੁਜਰਾਤ ਯੂਨੀਵਰਸਿਟੀ ਵਿਰੁੱਧ ਕਥਿਤ ਵਿਅੰਗਾਤਮਕ ਅਤੇ ਅਪਮਾਨਜਨਕ ਬਿਆਨਾਂ ਲਈ ਅਪਰਾਧਿਕ ਮਾਣਹਾਨੀ ਦੀ ਸ਼ਿਕਾਇਤ ਵਿੱਚ ਸੰਮਨ ਜਾਰੀ ਕੀਤੇ ਹਨ। ਐਡੀਸ਼ਨਲ ਚੀਫ਼ ਮੈਟਰੋਪੋਲੀਟਨ ਮੈਜਿਸਟਰੇਟ ਜੈਸ਼ਭਾਈ ਚੋਵਟੀਆ ਦੀ ਅਦਾਲਤ ਨੇ ਸ਼ਨਿਚਰਵਾਰ ਨੂੰ ਦੋਵਾਂ ‘ਆਪ’ ਆਗੂਆਂ ਨੂੰ 23 ਮਈ ਨੂੰ ਤਲਬ ਕੀਤਾ ਹੈ।
ਇਸ ਸਬੰਧ ’ਚ ਗੁਜਰਾਤ ਯੂਨੀਵਰਸਿਟੀ ਰਜਿਸਟਰਾਰ ਪਿਯੂਸ਼ ਪਟੇਲ ਦੀ ਸ਼ਿਕਾਇਤ ’ਤੇ ਆਈਪੀਸੀ ਦੀ ਧਾਰਾ 500 (ਮਾਨਹਾਨੀ) ਦੇ ਤਹਿਤ ਕੇਸ ਦਰਜ ਕੀਤਾ ਗਿਆ ਸੀ। ਅਦਾਲਤ ਨੇ ਵਿਵਾਦ ਕਾਰਨ ਦੇ ਕੇਜਰੀਵਾਲ ਦੇ ਨਾਂ ਨਾਲੋਂ ਤੋਂ ‘ਮੁੱਖ ਮੰਤਰੀ’ ਸ਼ਬਦ ਹਟਾਉਣ ਦਾ ਵੀ ਹੁਕਮ ਦਿੱਤਾ ਅਤੇ ਆਖਿਆ ਕਿ ਇਹ ਬਿਆਨ ਉਨ੍ਹਾਂ ਨੇ ਆਪਣੇ ਵਿਅਕਤੀਗਤ ਰੁਤਬੇ ਵਜੋਂ ਦਿੱਤੇ ਸਨ।