ਪੰਜਾਬ ਦੇ ਇਕ ਹੋਰ ਪਾਦਰੀ ’ਤੇ ਜਬਰ ਜਨਾਹ ਦਾ ਮਾਮਲਾ ਦਰਜ ਕੀਤਾ ਗਿਆ ਹੈ। ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਅਬਲਖੈਰ ਦੇ ਪਾਸਟਰ ਜਸ਼ਨ ਗਿੱਲ ‘ਤੇ 2023 ਵਿੱਚ ਇੱਕ ਬੀਸੀਏ ਵਿਦਿਆਰਥਣ ਨਾਲ ਬਲਾਤਕਾਰ ਅਤੇ ਗਰਭਪਾਤ ਕਰਵਾਉਣ ਦੇ ਦੋਸ਼ ਵਿੱਚ ਦੀਨਾਨਗਰ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ।
ਮੁਲਜ਼ਮ ਅਜੇ ਪੁਲਿਸ ਦੀ ਪਕੜ ਤੋਂ ਬਾਹਰ ਹੈ, ਅਤੇ ਉਸ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਜਾਰੀ ਹੈ। ਲੜਕੀ ਦੇ ਪਿਤਾ ਨੇ ਦੋਸ਼ ਲਗਾਇਆ ਕਿ ਪਾਦਰੀ ਨੇ ਉਨ੍ਹਾਂ ਦੀ 22 ਸਾਲਾ ਧੀ ਨੂੰ ਗੁੰਮਰਾਹ ਕਰਕੇ ਵਾਰ-ਵਾਰ ਜਬਰ ਜਨਾਹ ਕੀਤਾ, ਉਸ ਨੂੰ ਗਰਭਵਤੀ ਕੀਤਾ ਅਤੇ ਫਿਰ ਖੋਖਰ ਪਿੰਡ ਵਿੱਚ ਇੱਕ ਨਰਸ ਰਾਹੀਂ ਗਰਭਪਾਤ ਕਰਵਾਇਆ।
ਪਿਤਾ ਮੁਤਾਬਕ, ਗਰਭਪਾਤ ਲਾਪਰਵਾਹੀ ਨਾਲ ਕੀਤਾ ਗਿਆ, ਜਿਸ ਕਾਰਨ ਲੜਕੀ ਨੂੰ ਇਨਫੈਕਸ਼ਨ ਹੋ ਗਈ। ਪੇਟ ਦਰਦ ਤੋਂ ਬਾਅਦ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ
ਅਲਟਰਾਸਾਊਂਡ ਨਾਲ ਗਰਭਪਾਤ ਦਾ ਪਤਾ ਲੱਗਾ। ਬਾਅਦ ਵਿੱਚ ਅੰਮ੍ਰਿਤਸਰ ਇਲਾਜ ਦੌਰਾਨ ਲੜਕੀ ਦੀ ਮੌਤ ਹੋ ਗਈ। ਪਿਤਾ ਨੇ ਕਿਹਾ ਕਿ ਉਹ ਪਰਿਵਾਰ ਸਮੇਤ ਅਬਲਖੈਰ ਦੇ ਗਿਰਜਾਘਰ ਜਾਂਦੇ ਸਨ, ਜਿੱਥੇ ਪਾਦਰੀ ਨੇ ਉਨ੍ਹਾਂ ਦੀ ਧੀ ਨੂੰ ਫਸਾਇਆ। ਪੁਲਿਸ ਨੇ ਦੱਸਿਆ ਕਿ ਮੁਲਜ਼ਮ ਨੂੰ ਫੜਨ ਲਈ ਟੀਮ ਬਣਾਈ ਗਈ ਹੈ ਅਤੇ ਜਲਦ ਗ੍ਰਿਫਤਾਰੀ ਦੀ ਉਮੀਦ ਹੈ। ਅਦਾਲਤ ਨੇ ਪਾਸਟਰ ਨੂੰ ਭਗੋੜਾ ਐਲਾਨ ਦਿੱਤਾ ਹੈ।