Punjab

ਪੰਜਾਬ ਦੇ ਇਕ ਹੋਰ ਪਾਦਰੀ ’ਤੇ ਜਬਰ ਜਨਾਹ ਦਾ ਦੋਸ਼, ਪਿਤਾ ਨੇ ਕਿਹਾ- ਜ਼ਬਰਦਸਤੀ ਗਰਭਪਾਤ ਕਾਰਨ ਹੋਈ ਮੌਤ

ਪੰਜਾਬ ਵਿੱਚ ਸਵੈ-ਘੋਸ਼ਿਤ ਪਾਦਰੀਆਂ ਦੀਆਂ ਮੁਸ਼ਕਲਾਂ ਵਧ ਰਹੀਆਂ ਹਨ। ਗੁਰਦਾਸਪੁਰ ਦੇ ਜਸ਼ਨ ਗਿੱਲ ਨਾਮਕ ਆਪਣੇ-ਆਪ ਨੂੰ ਪਾਦਰੀ ਐਲਾਨਣ ਵਾਲੇ ਵਿਅਕਤੀ ‘ਤੇ 22 ਸਾਲਾ ਲੜਕੀ ਨਾਲ ਜਬਰ ਜਨਾਹ ਅਤੇ ਗਰਭਪਾਤ ਕਰਵਾਉਣ ਦੇ ਇਲਜ਼ਾਮ ਲੱਗੇ ਹਨ।
ਪੰਜਾਬੀ ਟ੍ਰਿਬਿਊਨ ‘ਚ ਛਪੀ ਖਬਰ ਅਨੁਸਾਰ ਲੜਕੀ ਦੇ ਪਿਤਾ ਨੇ ਨਾਮ ਗੁਪਤ ਰੱਖਦਿਆਂ ਦੱਸਿਆ ਕਿ ਉਹ ਗੁਰਦਾਸਪੁਰ ਜ਼ਿਲ੍ਹੇ ਦੇ ਅਬੁਲ ਖੈਰ ਪਿੰਡ ਦੇ ਗਿਰਜਾਘਰ ਜਾਂਦੇ ਸਨ। ਜਸ਼ਨ ਗਿੱਲ ਨੇ ਉਨ੍ਹਾਂ ਦੀ BCA ਦੀ ਵਿਦਿਆਰਥਣ ਧੀ ਨੂੰ ਗੁੰਮਰਾਹ ਕਰਕੇ ਵਾਰ-ਵਾਰ ਜਬਰ ਜਨਾਹ ਕੀਤਾ ਅਤੇ ਗਰਭਵਤੀ ਹੋਣ ‘ਤੇ ਖੋਖਰ ਪਿੰਡ ਵਿੱਚ ਇੱਕ ਨਰਸ ਰਾਹੀਂ ਗਰਭਪਾਤ ਕਰਵਾਇਆ।
ਪਿਤਾ ਮੁਤਾਬਕ, ਗਰਭਪਾਤ ਲਾਪਰਵਾਹੀ ਨਾਲ ਕੀਤਾ ਗਿਆ, ਜਿਸ ਨਾਲ ਲੜਕੀ ਨੂੰ ਇਨਫੈਕਸ਼ਨ ਹੋ ਗਈ। ਪੇਟ ਦਰਦ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਗਰਭਪਾਤ ਦਾ ਪਤਾ ਲੱਗਾ। ਫਿਰ ਅੰਮ੍ਰਿਤਸਰ ਇਲਾਜ ਦੌਰਾਨ 2023 ਵਿੱਚ ਉਸ ਦੀ ਮੌਤ ਹੋ ਗਈ। ਪਿਤਾ ਨੇ ਪੁਲਿਸ ‘ਤੇ ਰਿਸ਼ਵਤ ਲੈਣ ਅਤੇ ਪਾਦਰੀ ਨੂੰ ਗ੍ਰਿਫਤਾਰ ਨਾ ਕਰਨ ਦਾ ਦੋਸ਼ ਲਗਾਇਆ, ਕਿਹਾ ਕਿ ਪਾਦਰੀ ਖੁੱਲ੍ਹੇਆਮ ਘੁੰਮ ਰਿਹਾ ਹੈ। ਉਨ੍ਹਾਂ ਨੂੰ ਧਮਕੀਆਂ ਵੀ ਮਿਲੀਆਂ। ਪਰਿਵਾਰ ਨੇ ਨਿਆਂ ਲਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ CBI ਜਾਂਚ ਦੀ ਮੰਗ ਕੀਤੀ ਹੈ।