India

ਰੋਪੜ ‘ਚ ਖੁੱਲ੍ਹਣ ਜਾ ਰਿਹਾ ਹੈ ਇੱਕ ਹੋਰ ਕੇਂਦਰੀ ਵਿਦਿਆਲਿਆ

‘ਦ ਖ਼ਾਲਸ ਬਿਊਰੋ :- ਰੋਪੜ ਜ਼ਿਲ੍ਹੇ ਵਿੱਚ ਇੱਕ ਹੋਰ ਕੇਂਦਰੀ ਵਿਦਿਆਲਿਆ ਖੁੱਲ੍ਹਣ ਜਾ ਰਿਹਾ ਹੈ। ਕੇਂਦਰੀ ਸਿੱਖਿਆ ਮੰਤਰਾਲੇ ਨੇ ਭਾਰਤੀ ਇੰਸਟੀਚਿਊਟ ਆਫ ਤਕਨਾਲੋਜੀ (ਆਈਆਈਟੀ) ‘ਚ ਸਕੂਲ ਖੋਲ੍ਹਣ ਦਾ ਫੈਸਲਾ ਲਿਆ ਹੈ। ਸਕੂਲ ਪਹਿਲੀ ਤੋਂ ਪੰਜਵੀ ਜਮਾਤ ਤੱਕ ਸ਼ੁਰੂ ਹੋਣਗੇ। ਪਹਿਲੀ ਜਮਾਤ ਦੇ ਦਾਖਲੇ ਮਾਰਚ ਮਹੀਨੇ ਵਿੱਚ ਸ਼ੁਰੂ ਹੋਣਗੇ ਅਤੇ ਦੂਜੀ ਤੋਂ ਪੰਜਵੀਂ ਜਮਾਤ ਤੱਕ ਦਾਖਲੇ ਅਪ੍ਰੈਲ ਮਹੀਨੇ ਵਿੱਚ ਸ਼ੁਰੂ ਹੋਣਗੇ। ਜਿਸ ਲਈ ਬਿਨੈ-ਪੱਤਰ ਆਨ ਲਾਈਨ ਮਾਧਿਅਮ ਰਾਹੀਂ ਕੀਤਾ ਜਾ ਸਕਦਾ ਹੈ। ਇਸ ਲਈ 40 ਸੀਟਾਂ ਹੋਣਗੀਆਂ। ਇਸੇ ਤਰ੍ਹਾਂ ਦੂਜੀ ਤੋਂ ਪੰਜਵੀਂ ਜਮਾਤ ਲਈ ਦਾਖਲਾ ਆਫਲਾਈਨ ਮੋਡ ਰਾਹੀਂ ਹੋਵੇਗਾ ਅਤੇ ਹਰੇਕ ਕਲਾਸ ਲਈ 40 ਸੀਟਾਂ ਹੋਣਗੀਆਂ। ਉਸਾਰੀ ਤੋਂ ਲੈ ਕੇ ਕੇਂਦਰੀ ਵਿਦਿਆਲਿਆ ਦੇ ਸਟਾਫ਼ ਨੂੰ ਤਨਖਾਹ ਦੇਣ ਤੱਕ ਦਾ ਸਾਰਾ ਖਰਚਾ ਵੀ ਆਈ. ਆਈ. ਟੀ ਰੋਪੜ ਵੱਲੋਂ ਭਰਿਆ ਜਾਵੇਗਾ। ਆਈਆਈਟੀ ਰੋਪੜ ਨੇ ਕੇਂਦਰੀ ਵਿਦਿਆਲਿਆ ਬਿਲਡਿੰਗ ਨੂੰ 3 ਏਕੜ ਜ਼ਮੀਨ ਦਿੱਤੀ ਹੈ।

ਵਿਦਿਆਰਥੀਆਂ ਦੀ ਚੋਣ ਪ੍ਰਕਿਰਿਆ

ਵਿਦਿਆਰਥੀਆਂ ਦੀ ਚੋਣ ਕੇਂਦਰੀ ਵਿਦਿਆਲਿਆ ਦੇ ਨਿਯਮਾਂ ਅਨੁਸਾਰ ਕੀਤੀ ਜਾਵੇਗੀ। ਚੋਣ ਛੇ ਸ਼੍ਰੇਣੀਆਂ ਅਧੀਨ ਕੀਤੀ ਜਾਵੇਗੀ, ਪਹਿਲੀ ਸ਼੍ਰੇਣੀ ਆਈ. ਆਈ. ਟੀ. ਬਿਰਾਦਰੀ ਲਈ, ਦੂਜੀ ਕੇਂਦਰੀ ਸਰਕਾਰ ਦੇ ਕਰਮਚਾਰੀਆਂ ਲਈ (ਤਬਾਦਲਾਯੋਗ ਅਤੇ ਗੈਰ-ਤਬਾਦਲਾਯੋਗ ਨੌਕਰੀਆਂ), ਤੀਜੀ ਸਵੈ-ਨਿਰਭਰ ਸੰਸਥਾਵਾਂ ਅਤੇ ਕੇਂਦਰ ਸਰਕਾਰ ਦੇ ਜਨਤਕ ਕਾਰਜਾਂ (ਤਬਾਦਲਾਯੋਗ ਅਤੇ ਗੈਰ-ਤਬਾਦਲਾਯੋਗ ਨੌਕਰੀਆਂ ਨੌਕਰੀਆਂ) ਲਈ ਹੋਵੇਗੀ। ਚੌਥੀ ਸੂਬੇ ਦੇ ਸਰਕਾਰੀ ਕਰਮਚਾਰੀਆਂ (ਤਬਾਦਲਾਯੋਗ ਅਤੇ ਗੈਰ-ਤਬਾਦਲਾਯੋਗ ਨੌਕਰੀਆਂ) ਲਈ, ਪੰਜਵੀਂ ਸੂਬਾ ਸਰਕਾਰ ਖੁਦਮੁਖਤਿਆਰੀ ਸੰਸਥਾਵਾਂ ਅਤੇ ਪੀਐੱਸਯੂ ਕਰਮਚਾਰੀਆਂ (ਤਬਾਦਲਾਯੋਗ ਅਤੇ ਨਾ- ਤਬਾਦਲਾਯੋਗ ਨੌਕਰੀਆਂ) ਲਈ ਅਤੇ ਛੇਵੀਂ ਨਾਗਰਿਕਾਂ ਲਈ ਹੋਵੇਗੀ।

ਪਹਿਲੀ ਜਮਾਤ ਲਈ ਦਾਖਲਾ ਮਾਰਚ 2021 ਵਿੱਚ ਸ਼ੁਰੂ ਹੋਵੇਗਾ, ਜਦਕਿ ਦੂਜੀ ਤੋਂ ਪੰਜਵੀਂ ਜਮਾਤ ਲਈ ਦਾਖਲਾ ਅਪ੍ਰੈਲ 2021 ਵਿੱਚ ਸ਼ੁਰੂ ਹੋਵੇਗਾ। ਆਈ. ਆਈ. ਟੀ ਰੋਪੜ ਨੇ ਕੇਂਦਰੀ ਵਿਦਿਆਲਿਆ ਭਵਨ ਨੂੰ ਤਕਰੀਬਨ 3 ਏਕੜ ਜ਼ਮੀਨ ਮੁਹੱਈਆ ਕਰਵਾਈ ਹੈ। ਇਮਾਰਤ ਦਾ ਆਧੁਨਿਕ ਡਿਜ਼ਾਈਨ ਅਤੇ ਬੁਨਿਆਦੀ ਢਾਂਚਾ ਹੈ। ਕਲਾਸਰੂਮ ਦੇ ਚਾਰੇ ਪਾਸੇ ਹਰਿਆ ਵਾਤਾਵਰਣ ਨਾਲ ਚੰਗੀ ਤਰ੍ਹਾਂ ਹਵਾਦਾਰ ਹੋਵੇਗਾ।

ਆਈ. ਆਈ. ਟੀ ਰੋਪੜ ਦੇ ਕਾਰਜਕਾਰੀ ਰਜਿਸਟਰਾਰ ਰਵਿੰਦਰ ਕੁਮਾਰ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਕੇਵੀ ਆਈ. ਆਈ. ਟੀ ਰੋਪੜ ਸ਼ਹਿਰ ਵਾਸੀਆਂ ਲਈ ਵਰਦਾਨ ਸਿੱਧ ਹੋਵੇਗਾ ਕਿਉਂਕਿ ਇਹ ਉੱਚ ਅਤੇ ਸਕੂਲ ਸਿੱਖਿਆ ਦਾ ਅਨੌਖਾ ਸੁਮੇਲ ਹੈ। ਕੈਂਪਸ ਵਿੱਚ ਕੇਂਦਰੀ ਵਿਦਿਆਲਿਆ ਦੀ ਸਥਾਪਨਾ ਵਿਦਿਆਰਥੀਆਂ ਨੂੰ ਵਿਗਿਆਨ ਅਤੇ ਟੈਕਨਾਲੋਜੀ ਵਿੱਚ ਭਵਿੱਖ ਦਾ ਸੁਪਨਾ ਪ੍ਰਦਾਨ ਕਰੇਗੀ। ਅਨਿਲ ਕੁਮਾਰ ਕੇਂਦਰੀ ਵਿਦਿਆਲਿਆ ਦੇ ਕਾਰਜਕਾਰੀ ਪ੍ਰਿੰਸੀਪਲ ਵਜੋਂ ਕੰਮ ਕਰਨਗੇ। ਇਸ ਵੇਲੇ ਉਹ ਬਠਿੰਡਾ ਕੇਵੀ-1 ਵਿੱਚ ਵਾਈਸ ਪ੍ਰਿੰਸੀਪਲ ਹਨ। ਉਹ ਦਾਖਲੇ ਦੀ ਪ੍ਰਕਿਰਿਆ ਦੇ ਕੰਮ ਦੇ ਨਾਲ-ਨਾਲ ਰੋਜ਼ਾਨਾ ਸਕੂਲ ਦੇ ਕੰਮਕਾਜ ਅਤੇ ਪ੍ਰਸ਼ਾਸਨ ਦਾ ਪ੍ਰਬੰਧ ਵੀ ਦੇਖਣਗੇ। ਖੇਤਰੀ ਦਫ਼ਤਰ, ਕੇਂਦਰੀ ਵਿਦਿਆਲਿਆ ਚੰਡੀਗੜ੍ਹ ਰਾਹੀਂ ਸਟਾਫ ਦੀ ਨਿਯੁਕਤੀ ਕੀਤੀ ਜਾਵੇਗੀ ਅਤੇ ਅਮਲਾ 20 ਅਪ੍ਰੈਲ ਤੱਕ ਜੁਆਇਨ ਕਰ ਲਵੇਗਾ।

4 ਮਾਰਚ 2021 ਨੂੰ ਕੇਂਦਰੀ ਸਿੱਖਿਆ ਮੰਤਰੀ ਨੇ ਟਵਿੱਟਰ ‘ਤੇ ਨਵੇਂ ਕੇਂਦਰੀ ਵਿਦਿਆਲਿਆ ਦੀ ਸ਼ੁਰੂਆਤ ਕਰਨ ਦਾ ਐਲਾਨ ਕੀਤਾ ਸੀ, ਜਿਸ ਦੇ ਤਹਿਤ ਉਨ੍ਹਾਂ ਨੇ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਕਰਨਾਟਕ ਅਤੇ ਪੰਜਾਬ ਵਿੱਚ ਦੋ ਨਵੇਂ ਕੇਂਦਰੀ ਵਿਦਿਆਲਿਆ ਦੀ ਸ਼ੁਰੂਆਤ ਕੀਤੀ ਜਾਵੇਗੀ ਅਤੇ ਦੇਸ਼ ਵਿੱਚ ਕੁੱਲ 1247 ਕੇਂਦਰੀ ਸਕੂਲ ਬਣ ਜਾਣਗੇ।