‘ਦ ਖ਼ਲਸ ਬਿਊਰੋ : ਕੇਂਦਰ ਸਰਕਾਰ ਨੇ ਪੰਜਾਬ ਉਤੇ ਇੱਕ ਹੋਰ ਲੁਕਵਾਂ ਵਾਰ ਕਰ ਦਿੱਤਾ ਹੈ। ਪੰਜਾਬ ਕੇਡਰ ਦੇ ਸਵਾ ਸੌ ਡਾਕਟਰਾੰ ਨੂੰ ਪਿੱਤਰੀ ਰਾਜ ਵਾਪਸ ਭੇਜਣ ਤੋਂ ਬਾਅਦ ਚੰਡੀਗੜ੍ਹ ਵਿੱਚ ਪੰਜਾਬ ਦੇ ਹਿੱਸੇ ‘ਤੇ ਰਾਖਵੇਂ ਆਹੁਦੇ ‘ਤੇ ਯੂਟੀ ਕੇਡਰ ਦਾ ਅਧਿਕਾਰੀ ਬਿਠਾਉਣ ਦਾ ਫੈਸਲਾ ਲੈ ਲਿਆ ਹੈ। ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਅਧਿਕਾਰੀਆਂ ਦੇ ਕੀਤੇ ਤਬਾਦਲੇ ਵਿੱਚ ਪੂਰਵਾ ਗਰਗ ਆਈਏਐਸ ਨੂੰ ਚੰਡੀਗੜ੍ਹ ਇੰਡਸਟਰੀਅਲ ਐਂਡ ਟੂਰਿਜ਼ਮ ਡਿਵੈਲਪਮੈਂਟ ਕਾਰਪੋਰੇਸ਼ਨ ਲਿਮਟਿਡ (ਸਿਟਕੋ) ਦੇ ਐਮਡੀ ਦੇ ਅਹੁਦੇ ‘ਤੇ ਤਾਇਨਾਤ ਕਰ ਦਿੱਤੀ ਗਿਆ ਹੈ । ਪੰਜਾਬ ਪੁਨਰਗਠਨ ਐਕਟ 1966 ਤਹਿਤ ਸਿਟਕੋ ਦੇ ਪ੍ਰਬੰਧਕੀ ਨਿਰਦੇਸ਼ਕ ਦਾ ਆਹੁਦਾ ਪੰਜਾਬ ਹਿੱਸੇ ਲਈ ਰਾਖਵਾਂ ਕੀਤਾ ਗਿਆ ਸੀ।
ਸਿਟਕੋ ਦੇ ਐਮਡੀ ਜਸਵਿੰਦਰ ਕੌਰ ਸਿੱਧੂ ਆਈਏਐਸ ਅੱਜ ਰਲੀਵ ਕਰ ਦਿੱਤੇ ਗਏ ਹਨ। ਪੂਰਵਾ ਗਰਗ 2015 ਬੈਚ ਦੇ ਆਈਏਐਸ ਅਫਸਰ ਹਨ। ਉਹ ਅਰੁਣਾਂਚਲ ਪ੍ਰਦੇਸ , ਗੋਆ, ਮਿਜ਼ੋਰਮ ਅਤੇ ਯੂਟੀ ਕੇਡਰ ਵਿੱਚੋਂ ਹਨ। ਕੇਂਦਰ ਵੱਲੋਂ ਪੰਜਾਬ ਦੀ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵਿੱਚੋਂ ਖਤਮ ਕੀਤੀ ਪੱਕੀ ਮੈਂਬਰੀ ਨੂੰ ਲੈ ਕੇ ਹਾਲੇ ਗੁੱਸਾ ਠੰਡਾ ਨਹੀਂ ਹੋਇਆ ਕਿ ਪੰਜਾਬ ਨਾਲ ਮਤਰੇਈ ਮਾਂ ਵਾਲੇ ਸਲੂਕ ਦਾ ਇੱਕ ਨਵਾਂ ਫੈਸਲਾ ਸਾਹਮਣੇ ਆ ਗਿਆ ਹੈ। ਦੱਸ ਦਈਏ ਕਿ ਪੰਜਾਬ ਪੁਨਰਗਠਨ ਐਕਟ 1966 ਵੇਲੇ ਚੰਡੀਗੜ ਵਿੱਚ ਤਾਇਨਾਤੀਆਂ ਪੰਜਾਬ ਅਤੇ ਹਰਿਆਣਾ ਦਰਮਿਆਨ 60: 40 ਦੇ ਅਨੁਪਾਤ ਨਾਲ ਕਰਨ ਦੀ ਰਜ਼ਾਮੰਦੀ ਬਣੀ ਸੀ।