ਆਸਟ੍ਰੇਲੀਆ ਵਿਚ ਦੋ ਸਾਲਾਂ ਦੇ ਹੜ੍ਹ ਅਤੇ ਬਰਸਾਤ ਦੇ ਮੌਸਮ ਤੋਂ ਬਾਅਦ, ਸਾਲ 2019 ਅਤੇ 2020 ਵਾਪਸ ਆਉਂਦੇ ਨਜ਼ਰ ਆ ਰਹੇ ਹਨ ਜਦੋਂ ਆਸਟ੍ਰੇਲੀਆ ਨੂੰ ਕਈ ਥਾਵਾਂ ‘ਤੇ ਭਿਆਨਕ ਅੱਗ ਦਾ ਸਾਹਮਣਾ ਕਰਨਾ ਪਿਆ ਸੀ। ਆਸਟ੍ਰੇਲੀਆ ਦੇ ਅੱਗ ਬੁਝਾਊ ਵਿਭਾਗ ਨੇ ਚਿਤਾਵਨੀ ਦਿੱਤੀ ਹੈ ਕਿ ਗਰਮੀ ਦੀ ਲਹਿਰ ਕਾਰਨ ਪੂਰਬੀ ਤੱਟ ਨਾਲ ਲੱਗਦੇ ਜੰਗਲਾਂ ‘ਚ ਦਰਜਨ ਭਰ ਥਾਵਾਂ ‘ਤੇ ਲੱਗੀ ਅੱਗ ਭਿਆਨਕ ਰੂਪ ਧਾਰਨ ਕਰ ਸਕਦੀ ਹੈ। ਸਿਡਨੀ ਤੋਂ 250 ਕਿਲੋਮੀਟਰ ਦੂਰ ਉੱਤਰ ਪੱਛਮ ਵਿੱਚ ਅੱਗ ਲੱਗਣ ਕਾਰਨ ਪਿਛਲੇ ਦੋ ਸਾਲਾਂ ਵਿੱਚ ਪਹਿਲੀ ਵਾਰ ਇਹ ਐਮਰਜੈਂਸੀ ਚੇਤਾਵਨੀ ਜਾਰੀ ਕੀਤੀ ਗਈ ਹੈ।
ਪਤਾ ਲੱਗਾ ਹੈ ਕਿ ਫਾਇਰ ਕਰਮੀਆਂ ਨੂੰ 49 ਫੁੱਟ ਉੱਚੀਆਂ ਅੱਗ ਦੀਆਂ ਲਪਟਾਂ ਨਾਲ ਜੂਝਣਾ ਪੈਂਦਾ ਹੈ। ਆਸਟ੍ਰੇਲੀਆ ਦਾ ਨਿਊ ਸਾਊਥ ਵੇਲਜ਼ ਸੂਬਾ ਹੀਟਵੇਵ ਅਤੇ ਅੱਗ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ। ਆਸਟ੍ਰੇਲੀਆ ਦੇ ਸਭ ਤੋਂ ਵੱਧ ਆਬਾਦੀ ਵਾਲੇ ਖੇਤਰ ਦੇ ਲੋਕਾਂ ਨੂੰ ਆਪਣੇ ਘਰ ਖਾਲੀ ਕਰਨ ਲਈ ਕਿਹਾ ਗਿਆ ਹੈ ਅਤੇ ਕੁਝ ਜਾਇਦਾਦ ਦੇ ਨੁਕਸਾਨ ਦੀ ਵੀ ਸੂਚਨਾ ਮਿਲੀ ਹੈ।
ਸੋਮਵਾਰ ਨੂੰ, ਰਾਜ ਦੇ ਕੁਝ ਖੇਤਰਾਂ ਵਿੱਚ ਤਾਪਮਾਨ 40 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ, ਜੋ ਕਿ ਜਨਵਰੀ 2021 ਤੋਂ ਬਾਅਦ ਸਭ ਤੋਂ ਵੱਧ ਹੈ। ਮੰਗਲਵਾਰ ਨੂੰ ਸੂਬੇ ‘ਚ 33 ਥਾਵਾਂ ‘ਤੇ ਅੱਗ ਲੱਗਣ ਦੀਆਂ ਖਬਰਾਂ ਆਈਆਂ ਹਨ, ਜਿਨ੍ਹਾਂ ‘ਚੋਂ 10 ਥਾਵਾਂ ‘ਤੇ ਅੱਗ ‘ਤੇ ਕਾਬੂ ਨਹੀਂ ਪਾਇਆ ਜਾ ਸਕਿਆ ਹੈ।
ਨਿਊ ਸਾਊਥ ਵੇਲਜ਼ ਦੇ ਫਾਇਰ ਵਿਭਾਗ ਨੇ ਦੱਸਿਆ ਕਿ ਤੇਜ਼ ਹਵਾਵਾਂ ਕਾਰਨ ਅੱਗ ਹੋਰ ਤੇਜ਼ੀ ਨਾਲ ਫੈਲ ਗਈ। ਆਸਟ੍ਰੇਲੀਆ ਦੇ ਮੌਸਮ ਵਿਭਾਗ ਨੇ ਵੀ ਚਿਤਾਵਨੀ ਦਿੱਤੀ ਹੈ ਕਿ ਨਿਊ ਸਾਊਥ ਵੇਲਜ਼ ‘ਚ ਕਈ ਹੋਰ ਥਾਵਾਂ ‘ਤੇ ਅੱਗ ਲੱਗ ਸਕਦੀ ਹੈ।
ਸਾਲ 2019 ਆਸਟ੍ਰੇਲੀਆ ਲਈ ਸਭ ਤੋਂ ਖ਼ਰਾਬ ਮੌਸਮ ਵਾਲਾ ਸਾਲ ਸੀ, ਜਿਸ ਵਿੱਚ ਜੰਗਲਾਂ ਵਿੱਚ ਲੱਗੀ ਅੱਗ ਕਾਰਨ ਲਗਭਗ 3 ਅਰਬ ਜਾਨਵਰਾਂ ਅਤੇ ਪੰਛੀਆਂ ਦੀ ਮੌਤ ਹੋ ਗਈ ਸੀ।