‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਬਿਕਰਮ ਸਿੰਘ ਮਜੀਠੀਆ ਦਾ ਮੁਸ਼ਕਿਲਾਂ ਖਹਿੜਾ ਛੱਡਦੀਆਂ ਨਜ਼ਰ ਨਹੀਂ ਆ ਰਹੀਆਂ। ਬੀਤੇ ਦਿਨੀਂ ਅੰਮ੍ਰਿਤਸਰ ਪਹੁੰਚੇ ਅਕਾਲੀ ਦਲ ਦੇ ਨੇਤਾ ਬਿਕਰਮ ਸਿੰਘ ਮਜੀਠੀਆ ਦੇ ਸਵਾਗਤ ਲਈ ਅੰਮ੍ਰਿਤਸਰ-ਜਲੰਧਰ ਰੋਡ ਉੱਤੇ ਇਕੱਠੇ ਹੋਏ ਅਕਾਲੀ ਦਲ ਦੇ ਵਰਕਰਾਂ ਵੱਲੋਂ ਜਿਸ ਤਰ੍ਹਾਂ ਕਰੋਨਾ ਪਾਬੰਦੀਆਂ ਦੀ ਉਲੰਘਣਾ ਕੀਤੀ ਗਈ ਹੈ, ਨੂੰ ਗੰਭੀਰਤਾ ਨਾਲ ਲੈਂਦੇ ਜ਼ਿਲ੍ਹਾ ਪ੍ਰਸ਼ਾਸਨ ਨੇ ਉਨ੍ਹਾਂ ਵਿਰੁੱਧ ਬੀਤੀ ਰਾਤ ਵੱਖ-ਵੱਖ ਧਰਾਵਾਂ ਤਹਿਤ ਐਫ. ਆਈ. ਆਰ ਦਰਜ ਕਰਵਾਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਐੱਫ.ਆਈ.ਆਰ. ਡਿਜ਼ਾਸਟਰ ਮੈਨਜਮੈਂਟ ਐਕਟ 2005, ਐਪੇਡੈਮਿਕ ਡਸੀਜ਼ ਐਕਟ 1897 ਅਤੇ ਆਈਪੀਸੀ 1860 ਤਹਿਤ ਸੁਲਤਾਨਵਿੰਡ ਥਾਣੇ ਵਿੱਚ ਦਰਜ ਕੀਤੀ ਗਈ ਹੈ।
ਹਲਕਾ ਪੂਰਬੀ ਵਿੱਚ ਤਾਇਨਾਤ ਐਫ. ਐਸ. ਟੀ ਟੀਮ, ਜੋ ਕਿ ਉਸ ਵਕਤ ਡਿਊਟੀ ਉੱਤੇ ਸੀ, ਨੂੰ ਸੂਚਨਾ ਮਿਲੀ ਕਿ ਸੜਕ ਉੱਤੇ ਸੈਂਕੜੇ ਲੋਕਾਂ ਦਾ ਇਕੱਠ ਹੈ, ਜੋ ਕਿ ਮਜੀਠੀਆ ਦੇ ਸਵਾਗਤ ਲਈ ਇਕੱਠਾ ਹੋਇਆ ਹੈ। ਟੀਮ ਨੇ ਮੌਕੇ ‘ਤੇ ਜਾ ਕੇ ਵੇਖਿਆ ਤੇ ਇਸ ਦੀ ਵੀਡੀਓ ਰਿਕਾਰਡਿੰਗ ਕੀਤੀ, ਜਿਸ ਵਿੱਚ ਇਹ ਲੋਕ ਮਜੀਠੀਆ ਨੂੰ ਸਿਰੋਪੇ ਅਤੇ ਹਾਰ ਪਾਉਂਦੇ ਨਜ਼ਰ ਆ ਰਹੇ ਹਨ।