Punjab

ਦਿੱਲੀ ਚੱਲੋ ਅੰਦੋਲਨ ਦੌਰਾਨ ਸੜਕ ਹਾਦਸੇ ਵਿੱਚ ਇੱਕ ਹੋਰ ਕਿਸਾਨ ਦੀ ਹੋਈ ਮੌਤ

‘ਦ ਖ਼ਾਲਸ ਬਿਊਰੋ :- ਖੇਤੀ ਬਿੱਲਾਂ ਨੂੰ ਲੈ ਕੇ ਛਿੜੇ ਕਿਸਾਨੀ ਸੰਘਰਸ਼ ‘ਚ ਕੱਲ੍ਹ 26 ਨਵੰਬਰ ਨੂੰ ਦਿੱਲੀ ਚੱਲੋ ਪ੍ਰੋਗਰਾਮ ਮੋਰਚੇ ਦੌਰਾਨ ਮਾਨਸਾ ਜ਼ਿਲ੍ਹੇ ਦੇ ਇੱਕ ਕਿਸਾਨ ਦੀ ਮੌਤ ਹੋ ਗਈ, ਜਦੋਂ ਕਿ ਇੱਕ ਹੋਰ ਕਿਸਾਨ ਬਲਜਿੰਦਰ ਸਿੰਘ ਜ਼ਖ਼ਮੀ ਹੋ ਗਿਆ। ਇਹ ਕਿਸਾਨ ਮਾਨਸਾ ਜ਼ਿਲ੍ਹੇ ਦੇ ਪਿੰਡ ਚਹਿਲਾਂ ਵਾਲੀ ਦੇ ਵਸਨੀਕ ਹਨ ਅਤੇ ਜਿਹੜੀ ਟਰਾਲੀ ਨਾਲ ਹਾਦਸਾ ਵਾਪਰਿਆ ਹੈ ਉਹ ਵੀ ਇਸੇ ਪਿੰਡ ਚਹਿਲਾਂ ਵਾਲੀ ਖ਼ਿਆਲੀ ਦੇ ਗੋਰਾ ਸਿੰਘ ਦੀ ਹੈ, ਜਿਸ ਦਾ ਕਾਫੀ ਨੁਕਸਾਨ ਹੋਇਆ ਹੈ।

ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ )ਦੇ ਮਾਨਸਾ ਬਲਾਕ ਇਕਾਈ ਦੇ ਪ੍ਰਧਾਨ ਬਲਵਿੰਦਰ ਸਿੰਘ ਸ਼ਰਮਾ ਨੇ ਦੱਸਿਆ ਕਿ ਕਿਸਾਨਾਂ ਨੂੰ ਅੱਗੇ ਵਧਣ ਤੋਂ ਰੋਕਣ ਲਈ ਹਰਿਆਣਾ ਪ੍ਰਸ਼ਾਸਨ ਵੱਲੋਂ ਵੱਡੇ ਵੱਡੇ ਪੱਥਰ ਸੁੱਟੇ ਗਏ ਸਨ ਅਤੇ ਭਿਵਾਨੀ ਨੇੜੇ ਪਿੰਡ ਮੁੰਡਾਲ ਵਿਚ ਕਿਸਾਨ ਇਨ੍ਹਾਂ ਪੱਥਰਾਂ ਨੂੰ ਰਸਤੇ ਵਿੱਚੋਂ ਹਟਾ ਰਹੇ ਸਨ ਤਾਂ ਪਿੱਛੋਂ ਆਏ ਟਰਾਲੇ ਨੇ ਉਨ੍ਹਾਂ ਦੀ ਟਰਾਲੀ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਧੰਨਾ ਸਿੰਘ ਚਾਹਲ (40) ਵਾਸੀ ਪਿੰਡ ਚਹਿਲਾਂ ਵਾਲੀ ਦੀ ਮੌਤ ਹੋ ਗਈ, ਜਦਕਿ ਬਲਜਿੰਦਰ ਸਿੰਘ ਵਾਸੀ ਚਹਿਲਾਂਵਾਲੀ ਜ਼ਖ਼ਮੀ ਹੋ ਗਿਆ, ਜਿਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।

ਪਿੰਡ ਚਹਿਲਾਂ ਵਾਲੀ ਦੇ ਉਘੇ ਸਮਾਜ ਸੇਵੀ ਤੇ ਅਧਿਆਪਕ ਆਗੂ ਗੁਰਪਾਲ ਸਿੰਘ ਚਾਹਲ ਨੇ ਦੱਸਿਆ ਕਿ ਧੰਨਾ ਸਿੰਘ ਚਾਹਲ ਨੇਕ ਸੁਭਾਅ ਦਾ ਸ਼ਰੀਫ਼ ਕਿਸਾਨ ਸੀ ਅਤੇ ਕਿਸਾਨੀ ਸੰਘਰਸ਼ ਨੂੰ ਸਮਰਪਿਤ ਸੀ। ਉਨ੍ਹਾਂ ਦੱਸਿਆ ਕਿ ਉਹ ਆਪਣੇ ਪਿਛੇ ਪਤਨੀ ਤੋਂ ਇਲਾਵਾ ਇੱਕ ਬੇਟੀ ਅਤੇ ਇੱਕ ਬੇਟਾ ਛੱਡ ਗਿਆ ਹੈ, ਜਦੋਂਕਿ ਉਹ ਸਿਰਫ ਦੋ ਏਕੜ ਜ਼ਮੀਨ ਦਾ ਹੀ ‌ਮਾਲਕ ਸੀ। ਉਨ੍ਹਾਂ ਸ਼ਹੀਦ ਹੋਏ ਕਿਸਾਨ, ਜ਼ਖ਼ਮੀ ਕਿਸਾਨ ਅਤੇ ਨੁਕਸਾਨੇ ਟਰੈਕਟਰ ਦਾ ਤੁਰੰਤ ਮੁਆਵਜ਼ਾ ਦੇਣ ਦੀ ਪੰਜਾਬ ਅਤੇ ਹਰਿਆਣਾ ਸਰਕਾਰ ਤੋਂ ਮੰਗ ਕੀਤੀ। ਜਥੇਬੰਦੀ ਦੇ ਆਗੂ ਬਲਵਿੰਦਰ ਸਿੰਘ ਸ਼ਰਮਾ ਨੇ ਦੱਸਿਆ ਕਿ ਇਸ ਕਿਸਾਨ ਧੰਨਾ ਸਿੰਘ ਚਾਹਲ ਨੂੰ 31ਕਿਸਾਨ ਜਥੇਬੰਦੀਆਂ ਨੇ ਦਿੱਲੀ ਚਲੋ ਅੰਦੋਲਨ ਦਾ ਪਹਿਲਾ ਸ਼ਹੀਦ ਕਰਾਰ ਦਿੱਤਾ ਗਿਆ ਹੈ ਅਤੇ ਉਸ ਦੇ ਲਈ 20 ਲੱਖ ਰੁਪਏ,ਪਰਿਵਾਰ ਇੱਕ ਜੀ ਨੂੰ ਸਰਕਾਰੀ ਨੌਕਰੀ, ਅਤੇ ਸਾਰਾ ਸਰਕਾਰੀ ਅਤੇ ਪ੍ਰਾਈਵੇਟ ਕਰਜ਼ੇ ਉਪਰ ਲਕੀਰ ਮਾਰਨ ਦੀ ਮੰਗ ਕੀਤੀ ਗਈ ਹੈ।

ਇਹ ਵੀ ਪਤਾ ਲੱਗਿਆ ਹੈ ਕਿ ਜਥੇਬੰਦੀਆਂ ਨੇ ਕੁੱਝ ਕਿਸਾਨਾਂ ਨੂੰ ਉਥੇ ਛੱਡ ਕੇ ਬਾਕੀਆਂ ਨੇ ਦਿੱਲੀ ਵੱਲ ਵਹੀਰਾਂ ਘੱਤ ਦਿੱਤੀਆਂ ਗਈਆਂ ਹਨ ਅਤੇ ਉਥੇ ਮੁੰਡਾਲ ਵਿਖੇ ਰਹਿ ਗਏ ਕਿਸਾਨਾਂ ਨੇ ਸੜਕ ਉੱਤੇ ਧਰਨਾ ਮਾਰ ਦਿੱਤਾ ਗਿਆ ਹੈ ਅਤੇ ਮੁਆਵਜ਼ੇ ਦੀ ਮੰਗ ਪੂਰੀ ਹੋਣ ਮਗਰੋਂ ਹੀ ਸੰਸਕਾਰ ਕਰਨ ਦਾ ਪਰਿਵਾਰ ਦੀ ਸਹਿਮਤੀ ਨਾਲ ਐਲਾਨ ਕੀਤਾ ਹੈ।