‘ਦ ਖ਼ਾਲਸ ਬਿਊਰੋ:- ਨੇਪਾਲ ਦੇ ਕਈ ਜਿਲ੍ਹਿਆਂ ‘ਚ ਇੱਕ ਹੋਰ ਭਿਆਨਕ ਵਾਇਰਸ ਫੈਲ ਗਿਆ ਹੈ, ਜਿਸ ਨੇ ਸਿੱਧਾ ਗਾਵਾਂ ‘ਤੇ ਹਮਲਾ ਬੋਲਿਆ ਹੈ, ਇਸ ਭਿਆਨਕ ਬਿਮਾਰੀ ਕਾਰਨ ਗਾਵਾਂ ਦੇ ਮਰਨ ਦੀ ਗਿਣਤੀ ‘ਚ ਵਾਧਾ ਲਗਾਤਾਰ ਜਾਰੀ ਹੈ, ਜਦਕਿ ਨੇਪਾਲ ਦੇ ਜਿਲ੍ਹਾ ਮੋਰਾਂਗ ਵਿੱਚ ਤਾਂ ਇੱਕ ਦਰਜਨ ਦੇ ਕਰੀਬ ਗਾਵਾਂ ਦੀ ਮੌਤ ਹੋ ਚੁੱਕੀ ਹੈ, ਇੰਨਾਂ ਹੀ ਨਹੀਂ ਗਾਵਾਂ ਨੇ ਦੁੱਧ ਤੱਕ ਦੇਣਾ ਬੰਦ ਕਰ ਦਿੱਤਾ ਹੈ।
ਨੇਪਾਲ ਦੇ ਕਿਸਾਨਾਂ ਅਤੇ ਪਸ਼ੂ ਮਾਹਿਰਾਂ ਮੁਤਾਬਿਕ , ਇਹ ਬਿਮਾਰੀ ਨੇਪਾਲ-ਭਾਰਤ ਦੇ ਸਰਹੱਦੀ ਖੇਤਰ ਵਿੱਚ ਜਿਆਦਾਤਰ ਗਾਵਾਂ ਨੂੰ ਪ੍ਰਭਾਵਿਤ ਕਰ ਰਹੀ ਹੈ। ਬਿਰਾਟਨ ਨਗਰ ਵਿੱਚ ਪਸ਼ੂ ਧਨ ਖੋਜ ਪ੍ਰਯੋਗਸ਼ਾਲਾ ਦੇ ਅਧਿਕਾਰੀਆਂ ਮੁਤਾਬਿਕ, ਇਹ ਬਿਮਾਰੀ ਹੁਣ ਨੇਪਾਲ ਦੇ ਝਾਪਾ, ਮੋਰਾਂਗ, ਸਨਸਾਰੀ ਅਤੇ ਸਪਤਰੀ ਜ਼ਿਲਿਆਂ ਵਿੱਚ ਫੈਲ ਗਈ ਹੈ। “ਮੋਰਾਂਗ ਵਿਚ 300 ਦੇ ਕਰੀਬ ਗਾਵਾਂ ਵਿੱਚ ਇਹ ਬਿਮਾਰੀ ਪਾਈ ਗਈ ਹੈ। ਨੇਪਾਲ ਕੋਲ ਅਜੇ ਤੱਕ ਇਸ ਬਿਮਾਰੀ ਦੀ ਜਾਂਚ ਅਤੇ ਇਲਾਜ ਕਰਨ ਦਾ ਕੋਈ ਤਰੀਕਾ ਨਹੀਂ ਹੈ।
ਬਿਮਾਰੀ ਇੰਨੀ ਭਿਆਨਕ ਹੈ ਕਿ ਗਾਵਾਂ ਨੂੰ ਬੁਖਾਰ ਹੀ ਚੜ੍ਹਦਾ ਜਾ ਰਿਹਾ ਹੈ ਅਤੇ ਸਰੀਰ ‘ਤੇ ਕਈ ਵੱਡੇ-ਵੱਡੇ ਜਖ਼ਮ ਹੋ ਗਏ ਹਨ ਜਿਸ ਕਾਰਨ ਗਾਵਾਂ ਨੂੰ ਉੱਠਣਾ-ਬੈਠਣਾ ਤੱਕ ਮੁਸ਼ਕਿਲ ਹੋ ਗਿਆ ਹੈ।
ਡਾ:ਸੰਜੇ ਯਾਦਵ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ “ਜੇਕਰ ਸਮੇਂ ਸਿਰ ਇਸ ਬਿਮਾਰੀ ਨੂੰ ਕੰਟਰੋਲ ਨਾ ਕੀਤਾ ਗਿਆ ਤਾਂ ਪਸ਼ੂਆਂ ਦੇ ਕਾਰੋਬਾਰ ਨੂੰ ਬਹੁਤ ਨੁਕਸਾਨ ਹੋ ਸਕਦਾ ਹੈ। ਇਸ ਬਿਮਾਰੀ ਨੂੰ ਟੈਸਟ ਕਰਨ ਲਈ ਵਿਦੇਸ਼ਾਂ ਤੋਂ ਟੈਸਟ ਕਿੱਟਾਂ ਲਿਆਉਣ ਨੂੰ ਡੇਢ ਮਹੀਨੇ ਤੱਕ ਦਾ ਸਮਾਂ ਲੱਗ ਸਕਦਾ ਹੈ।”