India

ਪਤੰਜਲੀ ਨੂੰ ਇਕ ਹੋਰ ਅਦਾਲਤ ਦਾ ਨੋਟਿਸ; ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਪੇਸ਼ ਹੋਣ ਦੇ ਹੁਕਮ

ਪਤੰਜਲੀ ਦੇ ਗੁੰਮਰਾਹਕੁੰਨ ਇਸ਼ਤਿਹਾਰ ਦੇ ਮਾਮਲੇ ‘ਚ ਬਾਬਾ ਰਾਮਦੇਵ ਦੀਆਂ ਮੁਸ਼ਕਲਾਂ ਖਤਮ ਨਹੀਂ ਹੋ ਰਹੀਆਂ ਹਨ। ਪਹਿਲਾਂ ਉਸ ਨੂੰ ਸੁਪਰੀਮ ਕੋਰਟ ਵਿੱਚ ਸਖ਼ਤ ਤਾੜਨਾ ਕੀਤੀ ਗਈ, ਲਗਾਤਾਰ ਕਈ ਵਾਰ ਵਿਅਕਤੀਗਤ ਰੂਪ ਵਿੱਚ ਪੇਸ਼ ਹੋਣਾ ਪਿਆ ਅਤੇ ਹੁਣ ਇੱਕ ਹੋਰ ਅਦਾਲਤ ਨੇ ਰਾਮਦੇਵ ਅਤੇ ਉਸ ਦੇ ਸਹਿਯੋਗੀ ਆਚਾਰੀਆ ਬਾਲਕ੍ਰਿਸ਼ਨ ਨੂੰ ਪੇਸ਼ ਹੋਣ ਲਈ ਨੋਟਿਸ ਜਾਰੀ ਕੀਤਾ ਹੈ।

ਇਹ ਮਾਮਲਾ ਅੰਗਰੇਜ਼ੀ ਅਤੇ ਮਲਿਆਲਮ ਅਖ਼ਬਾਰਾਂ ਵਿਚ ਗੁੰਮਰਾਹਕੁੰਨ ਇਸ਼ਤਿਹਾਰਾਂ ਨਾਲ ਸਬੰਧਤ ਹੈ। ਇਸ ਮਾਮਲੇ ‘ਚ ਕੋਝੀਕੋਡ ‘ਚ ਜੁਡੀਸ਼ੀਅਲ ਫਸਟ ਕਲਾਸ ਮੈਜਿਸਟ੍ਰੇਟ ਦੀ ਅਦਾਲਤ ਨੇ ਉਨ੍ਹਾਂ ਨੂੰ 3 ਜੂਨ ਨੂੰ ਪੇਸ਼ ਹੋਣ ਲਈ ਕਿਹਾ ਹੈ।

ਇਸ ਸਾਲ ਅਪ੍ਰੈਲ ਦੇ ਮਹੀਨੇ ਵਿਚ ਸਹਾਇਕ ਡਰੱਗ ਕੰਟਰੋਲਰ, ਕੋਝੀਕੋਡ ਦੇ ਦਫ਼ਤਰ ਵਿਚ ਤਾਇਨਾਤ ਡਰੱਗ ਇੰਸਪੈਕਟਰ ਨੇ ਨਸ਼ੀਲੇ ਪਦਾਰਥਾਂ ਅਤੇ ਮੈਜਿਕ ਰੈਮੇਡੀਜ਼ (ਇਤਰਾਜ਼ਯੋਗ ਇਸ਼ਤਿਹਾਰ) ਐਕਟ, 1954 ਦੀ ਧਾਰਾ 10, ਧਾਰਾ 3 (ਬੀ) ਅਤੇ 3 (ਡੀ), 7 (ਏ) ਦੇ ਤਹਿਤ ਅਦਾਲਤ ਵਿਚ ਮਾਮਲਾ ਦਰਜ ਕਰਵਾਇਆ ਸੀ। ਹਾਲ ਹੀ ‘ਚ ਹਰਿਦੁਆਰ ਦੀ ਇਕ ਅਦਾਲਤ ਨੇ ਰਾਮਦੇਵ ਅਤੇ ਬਾਲਕ੍ਰਿਸ਼ਨ ਨੂੰ ਪੇਸ਼ ਨਾ ਹੋਣ ‘ਤੇ ਸੰਮਨ ਜਾਰੀ ਕੀਤਾ ਸੀ।

ਪਤੰਜਲੀ ਦੇ ਉਤਪਾਦਾਂ ਵਿਚੋਂ ਇਕ ਦਿਵਿਆ ਲਿਪੀਡੋਮ ਨੇ ਕੋਲੇਸਟ੍ਰੋਲ ਅਤੇ ਡਿਸਲਿਪੀਡਮੀਆ ਨੂੰ ਘਟਾਉਣ ਦਾ ਦਾਅਵਾ ਕੀਤਾ ਸੀ। ਇਸ ਦੇ ਨਾਲ ਹੀ ਪਤੰਜਲੀ ਨਿਊਟਰੇਲਾ ਡਾਇਬੀਟਿਕ ਕੇਅਰ ਨੇ ਬਲੱਡ ਸ਼ੂਗਰ ਦੇ ਪੱਧਰ ਨੂੰ ਘਟਾਉਣ ਅਤੇ ਸਰੀਰ ਦੇ ਭਾਰ ਨੂੰ ਕੰਟਰੋਲ ਕਰਨ ਦਾ ਦਾਅਵਾ ਕੀਤਾ ਸੀ। ਦੱਸ ਦੇਈਏ ਕਿ ਐਕਟ ਦੀ ਧਾਰਾ 3 ਕੁੱਝ ਬਿਮਾਰੀਆਂ ਅਤੇ ਵਿਗਾੜਾਂ ਦੇ ਇਲਾਜ ਲਈ ਕੁੱਝ ਦਵਾਈਆਂ ਦੇ ਇਸ਼ਤਿਹਾਰ ‘ਤੇ ਪਾਬੰਦੀ ਲਗਾਉਂਦੀ ਹੈ। ਦੋਸ਼ੀ ਪਾਏ ਜਾਣ ‘ਤੇ ਛੇ ਮਹੀਨੇ ਤਕ ਦੀ ਕੈਦ ਜਾਂ ਜੁਰਮਾਨਾ ਹੋ ਸਕਦਾ ਹੈ।

ਇਸ ਤੋਂ ਪਹਿਲਾਂ, ਤਿਰੂਵਨੰਤਪੁਰਮ, ਕੋਲਮ, ਏਰਨਾਕੁਲਮ, ਤ੍ਰਿਸ਼ੂਰ, ਕੰਨੂਰ ਅਤੇ ਕੋਝੀਕੋਡ ਵਿਚ ਸਹਾਇਕ ਡਰੱਗ ਕੰਟਰੋਲਰਾਂ ਦੇ ਦਫ਼ਤਰਾਂ ਨੇ ਪਤੰਜਲੀ ਵਿਰੁਧ 29 ਕੇਸ ਦਰਜ ਕੀਤੇ ਸਨ। ਦਿਵਿਆ ਫਾਰਮੇਸੀ ਦੇ ਖਿਲਾਫ ਪਹਿਲੀ ਸ਼ਿਕਾਇਤ ਕੰਨੂਰ-ਅਧਾਰਤ ਅੱਖਾਂ ਦੇ ਡਾਕਟਰ ਕੇ.ਵੀ. ਬਾਬੂ ਵਲੋਂ 22 ਫਰਵਰੀ 2022 ਨੂੰ ਦਰਜ ਕਰਵਾਈ ਗਈ ਸੀ। ਰਾਜ ਦੇ ਡਰੱਗ ਕੰਟਰੋਲ ਵਿਭਾਗ ਨੇ ਜਾਂਚ ਦੇ ਹੁਕਮ ਦਿਤੇ ਹਨ, ਜਿਸ ਵਿਚ ਐਕਟ ਦੀ ਉਲੰਘਣਾ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ।