India Punjab

ਕੰਗਨਾ ਰਣੌਤ ਦੇ ਇੱਕ ਹੋਰ ਵਿਵਾਦਤ ਬਿਆਨ

ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਲੋਕ ਸਭਾ ਮੈਂਬਰ ਤੇ ਅਦਾਕਾਰਾ ਕੰਗਨਾ ਰਣੌਤ ਦੇ ਇੱਕ ਹੋਰ ਬਿਆਨ ਤੋਂ ਬਾਅਦ ਵਿਵਾਦ ਖੜ੍ਹਾ ਹੋ ਗਿਆ ਹੈ। ਉਨ੍ਹਾਂ ਨੇ ਹੁਣ ਹਿਮਾਚਲ ਪ੍ਰਦੇਸ਼ ‘ਚ ਡਰੱਗਸ ਦੀ ਵੱਧ ਰਹੀ ਸਥਿਤੀ ‘ਤੇ ਚਿੰਤਾ ਜ਼ਾਹਰ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਡਰੱਗਸ ਪੰਜਾਬ ਰਾਹੀਂ ਪਾਕਿਸਤਾਨ ਤੋਂ ਆ ਰਿਹਾ ਹੈ।

ਕੰਗਨਾ ਰਣੌਤ ਨੇ ਕਿਹਾ ਕਿ ਡਰੱਗਸ ਦੀ ਸਥਿਤੀ ਇੰਨੀ ਗੰਭੀਰ ਹੈ ਕਿ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਜਲਦੀ ਹੀ ਜੇਕਰ ਇਸ ‘ਤੇ ਕੋਈ ਸਖ਼ਤ ਕਦਮ ਨਹੀਂ ਲਿਆ ਜਾਵੇਗਾ ਤਾਂ ਸਾਡੇ ਜੋ ਜਿਸ ਤਰ੍ਹਾਂ ਪੰਜਾਬ ਦੇ ਕੁਝ ਪਿੰਡ ਹੈ, ਜਿੱਥੇ ਸਿਰਫ਼ ਵਿਧਵਾਵਾਂ ਤੇ ਮਹਿਲਾਵਾਂ ਹੀ ਰਹਿੰਦੀਆ ਹਨ। ਅਜਿਹੀ ਸਥਿਤੀ ਸਾਡੇ ਹਿਮਾਚਲ ਦੀ ਹੋ ਜਾਵੇਗੀ।

ਕੰਗਨਾ ਨੇ ਕਿਹਾ ਕਿ ਨਸ਼ਿਆਂ ਦੀ ਸਥਿਤੀ ਇੰਨੀ ਗੰਭੀਰ ਹੋ ਚੁੱਕੀ ਹੈ ਕਿ ਬੱਚੇ ਆਪਣੇ ਮਾਪਿਆਂ ਦੇ ਗਹਿਣੇ ਅਤੇ ਗੱਡੀਆਂ ਵੇਚ ਰਹੇ ਹਨ, ਚੋਰੀਆਂ ਕਰ ਰਹੇ ਹਨ ਅਤੇ ਆਪਣੇ ਆਪ ਨੂੰ ਕਮਰਿਆਂ ਵਿੱਚ ਬੰਦ ਕਰਕੇ ਫਰਨੀਚਰ ਤੋੜਦੇ ਹਨ, ਚੀਕਦੇ ਅਤੇ ਰੋਂਦੇ ਹਨ। ਉਨ੍ਹਾਂ ਅਨੁਸਾਰ, ਇਹ ਸਥਿਤੀ ਮੌਤ ਤੋਂ ਵੀ ਵੱਧ ਭਿਆਨਕ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਹਿਮਾਚਲ ਦੇ ਬੱਚੇ ਬਹੁਤ ਭੋਲੇ ਅਤੇ ਸਿੱਧੇ ਹਨ, ਜਿਸ ਕਾਰਨ ਉਹ ਨਸ਼ਿਆਂ ਦਾ ਸ਼ਿਕਾਰ ਆਸਾਨੀ ਨਾਲ ਹੋ ਜਾਂਦੇ ਹਨ।

ਆਮ ਆਦਮੀ ਪਾਰਟੀ ਦੇ ਆਗੂ ਨੀਲ ਗਰਗ ਨੇ ਕੰਗਨਾ ਰਣੌਤ ਨੂੰ ਇਸ ਬਿਆਨ ‘ਤੇ ਘੇਰਿਆ ਹੈ। ਉਨ੍ਹਾਂ ਕਿਹਾ ਕਿ ਇਹ ਬਿਆਨ ਤੋਂ ਪਹਿਲਾਂ ਕੰਗਨਾ ਨੂੰ ਆਪਣੀ ਪੀੜੀ ਥੱਲੇ ਸੋਟਾ ਮਾਰਨਾ ਚਾਹੀਦਾ ਹੈ। ਪੰਜਾਬ ‘ਚ ਨਸ਼ੇ ਆਏ ਕਦੋਂ ਸਨ, 2007 ਤੋਂ ਪਹਿਲਾਂ ਕਦੇ ਕਿਸੇ ਨੇ ਚਿੱਟੇ ਦਾ ਨਾਮ ਤੱਕ ਨਹੀਂ ਸੁਣਿਆ ਸੀ। ਡਰੱਗ ਤਸਕਰਾਂ ਨੂੰ ਵਧਾਵਾ ਦੇਣ ਵਾਲੇ ਇਹ ਹਨ। ਰੋਜ਼ਗਾਰ ਦੀ ਬਜਾਏ ਨੌਜਵਾਨਾਂ ਦੇ ਹੱਥਾਂ ‘ਚ ਇਹ ਸਰਿੰਜਾ ਫੜਾਉਂਦੇ ਹਨ। 10 ਸਾਲ ਇਹ ਸਰਕਾਰ ‘ਚ ਰਹੇ ਹਨ। ਕਦੇ ਇਨ੍ਹਾਂ ਨੇ ਇਹ ਕਦਮ ਨਹੀਂ ਚੁੱਕਿਆ ਕਿ ਪੰਜਾਬ ‘ਚੋਂ ਨਸ਼ਾਂ ਖ਼ਤਮ ਕੀਤਾ ਜਾਵੇ।

ਨਾਲ ਹੀ ਹਿਮਾਚਲ ਤੋਂ ਕਾਂਗਰਸ ਆਗੂ ਹਰਿ ਕ੍ਰਿਸ਼ਨ ਹਿਮਰਾਲ ਨੇ ਕਿਹਾ ਹੈ ਕਿ ਕੰਗਨਾ ਰਣੌਤ ਦੇ ਬਿਆਨ ਆਉਂਦੇ ਰਹਿੰਦੇ ਹਨ, ਕੋਈ ਵੀ ਉਨ੍ਹਾਂ ਨੂੰ ਗੰਭੀਰਤਾ ਨਾਲ ਨਹੀਂ ਲੈਂਦਾ। ਇੱਥੋਂ ਤੱਕ ਕੀ ਭਾਜਪਾ ਦੇ ਕੁਝ ਲੋਕ ਵੀ ਉਨ੍ਹਾਂ ਨੂੰ ਹਿਦਾਇਤਾਂ ਦੇ ਚੁੱਕੇ ਹਨ। ਉਨ੍ਹਾਂ ਨੇ ਕਿਹਾ ਨਸ਼ਾ ਇੱਕ ਗੰਭੀਰ ਮੁੱਦਾ ਹੈ ਤੇ ਇਸ ‘ਤੇ ਇਕੱਠੇ ਹੋ ਕੇ ਵਿਚਾਰ ਜ਼ਰੂਰ ਕਰਨ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਹਿਮਾਚਲ ਪ੍ਰਦੇਸ਼ ‘ਚ ਨਸ਼ੇ ਦੀ ਸਥਿਤੀ ਵੱਧ ਨਹੀਂ ਰਹੀ ਹੈ, ਸਗੋਂ ਸਰਕਾਰ ਇਸ ‘ਤੇ ਲਗਾਮ ਲਗਾ ਰਹੀ ਹੈ। ਕੁੱਝ ਘਟਨਾਵਾਂ ਹੁੰਦੀਆਂ ਰਹਿੰਦੀਆਂ ਹਨ, ਭਾਜਪਾ ਸਮੇਂ ਵੀ ਹੋਈਆਂ। ਸਰਕਾਰਾਂ ਇਸ ‘ਤੇ ਕੰਮ ਕਰ ਰਹੀਆਂ ਹਨ।