Punjab

ਸਟਰੀਟ ਲਾਈਟ ਘੁਟਾਲੇ ਵਿੱਚ ਇੱਕ ਹੋਰ ਕਾਂਗਰਸੀ ਲੀਡਰ ਦਾ ਨਾਮ ਨਾਮਜ਼ਦ, ਜਾਣੋ

Punjab Vigilance Bureau,

ਪੰਜਾਬ ਵਿਜੀਲੈਂਸ ਬਿਊਰੋ(Punjab Vigilance Bureau, )ਨੇ ਪ੍ਰਦੇਸ਼ ਕਾਂਗਰਸ ਦੇ ਸਕੱਤਰ ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਾਬਕਾ ਸਿਆਸੀ ਸਕੱਤਰ ਕੈਪਟਨ ਸੰਦੀਪ ਸੰਧੂ ਨੂੰ ਸਟੀਰਟ ਲਾਈਟ ਮਾਮਲਾ(street light scam) ਵਿੱਚ ਨਾਮਜ਼ਦ ਕੀਤਾ ਹੈ। ਵਿਜੀਲੈਂਸ ਦੇ ਸੂਤਰਾਂ ਦਾ ਦੱਸਣਾ ਹੈ ਕਿ ਸਿੱਧਵਾਂ ਬੇਟ ਦੇ 26 ਪਿੰਡਾਂ ਵਿੱਚ ਸਟਰੀਟ ਲਾਈਟਾਂ ਲਗਾਉਣ ਨਾਲ ਸੰਬੰਧਤ ਇਸ ਮਾਮਲੇ ਵਿੱਚ ਪਹਿਲਾਂ ਤੋਂ ਹੀ ਗ੍ਰਿਫ਼ਤਾਰ ਦੋਸ਼ੀਆਂ ਵੱਲੋਂ ਕੈਪਟਨ ਸੰਦੀਪ ਸੰਧੂ ਦੀ ਇਸ ਮਾਮਲੇ ਵਿੱਚ ਸ਼ਮੂਲੀਅਤ ਹੋਣ ਬਾਰੇ ਦਿੱਤੀ ਜਾਣਕਾਰੀ ਤੋਂ ਬਾਅਦ ਹੀ ਕੈਪਟਨ ਸੰਧੂ ਨੂੰ ਨਾਮਜ਼ਦ ਕੀਤਾ ਗਿਆ ਹੈ।

ਵਿਜੀਲੈਂਸ ਵੱਲੋਂ 27 ਸਤੰਬਰ ਨੂੰ ਦਰਜ ਕੀਤੇ ਮਾਮਲੇ ਵਿੱਚ ਹੁਣ ਤੱਕ 6 ਵਿਅਕਤੀਆਂ ਨੂੰ ਨਾਮਜ਼ਦ ਕਰਕੇ 4 ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਹਰਪ੍ਰੀਤ ਸਿੰਘ ਅਤੇ ਕੈਪਟਨ ਸੰਦੀਪ ਸਿੰਘ ਸੰਧੂ ਨੂੰ ਹਾਲ ਦੀ ਘੜੀ ਗ੍ਰਿਫ਼ਤਾਰ ਨਹੀਂ ਕੀਤਾ ਗਿਆ।

ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਕਾਂਗਰਸ ਦੇ ਦੋ ਸਾਬਕਾ ਮੰਤਰੀਆਂ ਸਾਧੂ ਸਿੰਘ ਧਰਮਸੋਤ ਅਤੇ ਭਾਰਤ ਭੂਸ਼ਨ ਆਸ਼ੂ ਤੋਂ ਬਾਅਦ ਕੀਤੀ ਗਈ ਵੱਡੀ ਕਾਰਵਾਈ ਹੈ। ਕੈਪਟਨ ਸੰਦੀਪ ਸੰਧੂ ਕਾਂਗਰਸ ਦਾ ਅਹਿਮ ਆਗੂ ਹੈ ਤੇ ਪਿਛਲੇ ਕਈ ਸਾਲਾਂ ਤੋਂ ਕਾਂਗਰਸ ਦੇ ਪ੍ਰਦੇਸ਼ ਦਫ਼ਤਰ ਦਾ ਇੰਚਾਰਜ ਵੀ ਹੈ। ਸੰਧੂ ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀਆਂ ਵਿੱਚੋਂ ਇੱਕ ਸਨ। ਇਸੇ ਕਰ ਕੇ ਕਾਂਗਰਸ ਦੀ ਸਰਕਾਰ ਹੋਂਦ ’ਚ ਆਉਂਦਿਆਂ ਹੀ ਉਨ੍ਹਾਂ ਦੀ ਸਿਆਸੀ ਸਕੱਤਰ ਵਜੋਂ ਨਿਯੁਕਤੀ ਕਰਕੇ ਮੁੱਖ ਮੰਤਰੀ ਦਫ਼ਤਰ ਵਿੱਚ ਹੀ ਕੰਮ ਅਲਾਟ ਕੀਤਾ ਗਿਆ ਸੀ। ਇੱਥੋਂ ਤੱਕ ਕਿ ਉਨ੍ਹਾਂ ਨੂੰ ਦਾਖਾ ਹਲਕੇ ਦੀ ਜ਼ਿਮਨੀ ਚੋਣ ਵੀ ਲੜਾਈ ਗਈ ਸੀ ਤੇ ਕੈਪਟਨ ਅਮਰਿੰਦਰ ਸਿੰਘ ਨੇ ਚੋਣ ਪ੍ਰਚਾਰ ਦੀ ਕਮਾਨ ਖੁਦ ਸੰਭਾਲੀ ਹੋਈ ਸੀ।

ਜਾਣਕਾਰੀ ਮੁਤਾਬਿਕ ਸਟਰੀਟ ਲਾਈਟਾਂ ਕੈਪਟਨ ਸੰਧੂ ਦੇ ਕਹਿਣ ’ਤੇ ਇਕ ਵਿਸ਼ੇਸ਼ ਕੰਪਨੀ ਤੋਂ ਖ਼ਰੀਦੀਆਂ ਗਈਆਂ ਅਤੇ ਸੰਧੂ ਦੇ ਕਹਿਣ ’ਤੇ ਹੀ ਇਨ੍ਹਾਂ ਦੀ ਅਦਾਇਗੀ ਕੀਤੀ ਗਈ ਹਾਲਾਂਕਿ ਭਾਅ ਦੁਗਣੇ ਦੇ ਕਰੀਬ ਸੀ ਅਤੇ ਕੁਆਲਟੀ ਮਾੜੀ ਸੀ। ਇਸ ਤੋਂ ਇਲਾਵਾ ਲਾਈਟਾਂ ਦੀ ਗਿਣਤੀ ਵੀ ਘੱਟ ਪਾਏ ਜਾਣ ਦਾ ਦੋਸ਼ ਹੈ।

ਇਸ ਤੋਂ ਪਹਿਲਾਂ ਵਿਜੀਲੈਂਸ ਵੱਲੋਂ ਇਸ ਮਾਮਲੇ ਵਿੱਚ ਬੀ.ਡੀ.ਪੀ.ਓ. ਸਤਵਿੰਦਰ ਸਿੰਘ ਕੰਗ, ਚੇਅਰਮੈਨ ਬਲਾਕ ਸੰਮਤੀ, ਲਖਵਿੰਦਰ ਸਿੰਘ, ਵੀ.ਡੀ.ਉ. ਤੇਜਾ ਸਿੰਘ ਅਤੇ ਕੈਪਟਨ ਸੰਦੀਪ ਸੰਧੂ ਦੇ ਇਕ ਰਿਸ਼ਤੇਦਾਰ ਹਰਪ੍ਰੀਤ ਸਿੰਘ ਨੂੰ ਵੀ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।

ਵਿਜੀਲੈਂਸ ਦਾ ਦਾਅਵਾ ਹੈ ਕਿ ਗ੍ਰਿਫ਼ਤਾਰ ਬੀਡੀਪੀਓ ਸਤਵਿੰਦਰ ਸਿੰਘ ਕੰਗ ਨੇ ਖੁਲਾਸਾ ਕੀਤਾ ਹੈ ਕਿ ਸਿੱਧਵਾਂ ਬੇਟ ਖੇਤਰ ਦੇ ਪਿੰਡਾਂ ਦੀਆਂ ਗਲੀਆਂ ਵਿੱਚ ਲਾਈਟਾਂ ਲਾਉਣ ਲਈ ਸਬੰਧਤ ਠੇਕੇਦਾਰ ਅਤੇ ਹੋਰਨਾਂ ਵਿਅਕਤੀਆਂ ਨਾਲ ਸੰਦੀਪ ਸੰਧੂ ਵੱਲੋਂ ਹੀ ਮੁਲਾਕਾਤ ਕਰਾਈ ਗਈ ਸੀ।

ਵਿਜੀਲੈਂਸ ਦੇ ਅਧਿਕਾਰੀਆਂ ਦਾ ਦੱਸਣਾ ਹੈ ਕਿ ਇਸ ਮਾਮਲੇ ਵਿੱਚ ਤਫ਼ਤੀਸ਼ ਚੱਲ ਰਹੀ ਹੈ ਤੇ ਹੋਰ ਤੱਥ ਵੀ ਸਾਹਮਣੇ ਆਉਣਗੇ। ਵਿਜੀਲੈਂਸ ਦੀ ਤਫ਼ਤੀਸ਼ ਦੌਰਾਨ ਇਹ ਤੱਥ ਵੀ ਸਾਹਮਣੇ ਆਏ ਹਨ ਕਿ ਦਾਖਾ ਹਲਕੇ ਦੀ ਜ਼ਿਮਨੀ ਚੋਣ ਅਤੇ ਉਸ ਤੋਂ ਬਾਅਦ ਸਾਲ 2022 ਦੀਆਂ ਆਮ ਚੋਣਾਂ ਤੱਕ ਦਾਖਾ ਹਲਕੇ ਵਿੱਚ ਕਰੋੜਾਂ ਰੁਪਏ ਦੀਆਂ ਗਰਾਂਟਾਂ ਦੀ ਵੰਡ ਕੀਤੀ ਗਈ ਅਤੇ ਜ਼ਿਆਦਾਤਰ ਗਰਾਂਟਾਂ ਵਿੱਚ ਵੱਡੇ ਘਪਲੇ ਦੇ ਤੱਥ ਸਾਹਮਣੇ ਆਏ ਹਨ। ਵਿਜੀਲੈਂਸ ਵੱਲੋਂ ਇਸ ਹਲਕੇ ਵਿੱਚ ਵੰਡੀਆਂ ਗਈਆਂ ਖੇਡ ਕਿੱਟਾਂ ਦੇ ਮਾਮਲੇ ਦੀ ਵੱਖਰੀ ਜਾਂਚ ਕੀਤੀ ਜਾ ਰਹੀ ਹੈ। ਇਸ ਮਾਮਲੇ ਵਿੱਚ ਵੀ ਮੁੱਢਲੇ ਤੌਰ ’ਤੇ ਵੱਡਾ ਘੁਟਾਲਾ ਹੋਣ ਦੇ ਤੱਥ ਵਿਜੀਲੈਂਸ ਦੇ ਹੱਥ ਲੱਗੇ ਹਨ। ਇਸੇ ਤਰ੍ਹਾਂ ਖੁਰਾਕ ਤੇ ਸਿਵਲ ਸਪਲਾਈ ਵਿਭਾਗ ’ਚ ਕਾਂਗਰਸ ਦੇ ਰਾਜ ਦੌਰਾਨ ਹੋਏ ਘੁਟਾਲੇ ਦੇ ਮਾਮਲੇ ਵਿੱਚ ਜਿਨ੍ਹਾਂ ਕਾਂਗਰਸੀ ਨੇਤਾਵਾਂ ਦੀ ਸ਼ਮੂਲੀਅਤ ਦੀ ਜਾਂਚ ਕੀਤੀ ਜਾ ਰਹੀ ਹੈ, ਉਨ੍ਹਾਂ ਵਿੱਚ ਸੰਦੀਪ ਸੰਧੂ ਦਾ ਨਾਮ ਵੀ ਬੋਲਦਾ ਹੈ।