Punjab

ਸੁਖਬੀਰ ਬਾਦਲ ਤੇ ਧਾਮੀ ਖਿਲਾਫ ਪਹੁੰਚੀ ਇਕ ਹੋਰ ਸ਼ਿਕਾਇਤ!

ਬਿਉਰੋ ਰਿਪੋਰਟ –  ਸੁਖਬੀਰ ਸਿੰਘ ਬਾਦਲ (Sukhbir Singh Badal) ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ (Harjinder Singh Dhami) ਖਿਲਾਫ ਅਕਾਲ ਤਖਤ ਸਾਹਿਬ ਤੇ ਇਕ ਹੋਰ ਸ਼ਿਕਾਇਤ ਪਹੁੰਚੀ ਹੈ। ਇਸ ਵਿੱਚ ਲਿਖਿਆ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ ਤਨਖਾਹੀਆ ਕਰਾਰ ਦਿੱਤੇ ਸੁਖਬੀਰ ਸਿੰਘ ਬਾਦਲ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਿੱਧਾਂ ਚੈਲਿੰਜ ਕਰਦਿਆਂ ਸਰੇਆਮ ਸਿੱਖ ਸੰਗਤ, ਸ੍ਰੋਮਣੀ ਕਮੇਟੀ ਦੇ ਮੈਬਰਾਂ ਅਤੇ ਪ੍ਰਧਾਨ ਸ੍ਰੋਮਣੀ ਕਮੇਟੀ ਨਾਲ ਸਿੱਧੇ ਤੌਰ ਤੇ ਮੀਟਿੰਗਾਂ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਦੀ ਮਾਨ ਮਰਿਯਾਦਾ,ਸਿਧਾਂਤ ਮਾਨ ਸਨਮਾਨ ਨੂੰ ਵੱਡੀ ਢਾਹ ਲਾ ਰਿਹਾ ਹੈ ਜੋ ਕਿ ਬਹੁਤ ਹੀ ਦੁਖਦਾਈ ਹੈ ਸਿੱਖ ਕੌਮ ਤਾਂ ਪਹਿਲਾਂ ਹੀ ਇਹਨਾਂ ਦੀਆਂ ਕੀਤੀਆਂ ਦੀ ਸਜਾ ਭੁਗਤ ਰਹੀ ਹੈ ।

ਸਿੱਖ ਕੌਮ ਦੀ ਸਰਬਉਚ ਸੰਸਥਾ ਸ੍ਰੋਮਣੀ ਕਮੇਟੀ ਦੇ ਹੀ ਪ੍ਰਧਾਨ ਵੱਲੋਂ ਵੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਹੁਕਮਨਾਮਿਆਂ ਨੂੰ ਵੀ ਨਹੀ ਮੰਨਿਆ ਜਾ ਰਿਹਾ ਅਤੇ ਤਨਖਾਹੀਆ ਐਲਾਨੇ ਗਏ ਸੁਖਬੀਰ ਸਿੰਘ ਬਾਦਲ ਦੇ ਨਿਰੰਤਰ ਸਪੰਰਕ ਵਿੱਚ ਹੈ ਜਿਸ ਦਾ ਵਿਸਥਾਰ ਹੇਠ ਅਨੁਸਾਰ ਹੈ :-

1.

ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਠੋਸ ਉਪਰਾਲੇ ਕਰਨ ਲਈ ਕਿਹਾ ਗਿਆ ਸੀ। ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਜੇਲ ਵਿੱਚ ਆਪ ਜੀ ਨਾਲ ਮਿਲ ਕੇ ਦੋ ਮਹੀਨੇ ਅੰਦਰ ਮਸਲਾ ਹੱਲ ਕਰਨ ਦਾ ਵਾਅਦਾ ਕੀਤਾ ਗਿਆ ਸੀ ਪਰ ਅੱਜ ਤੱਕ ਕੋਈ ਠੋਸ ਉਪਰਾਲਾ ਨਹੀ ਕੀਤਾ ਗਿਆ। ਜਿਸ ਨਾਲ ਸ੍ਰੀ ਅਕਾਲ ਤਖਤ ਸਾਹਿਬ ਦੀ ਸਪਸ਼ਟਤਾ ਤੇ ਸਵਾਲ ਖੜ੍ਹੇ ਹੋ ਰਹੇ ਹਨ ।ਬੰਦੀ ਸਿੰਘਾ ਦੀ ਰਿਹਾਈ ਲਈ ਸ੍ਰੋਮਣੀ ਕਮੇਟੀ ਵੱਲੋ ਭਰੇ ਗਏ ਫਾਰਮ ਕਿਸੇ ਵੀ ਤਣ ਪੱਤਣ ਨਾ ਲਾਉਣੇ ਭਾਵ ਕਿ ਦੇਸ਼ ਦੇ ਰਾਸ਼ਟਰਪਤੀ ਨੂੰ ਦੇਣ ਦੀ ਬਜਾਏ ਚੰਡੀਗੜ੍ਹ ਗਵਰਨਰ ਤੱਕ ਹੀ ਸੀਮਤ ਕਰ ਦਿੱਤੇ ਗਏ।

2. ਭਾਰਤ ਸਰਕਾਰ ਖਿਲਾਫ ਉਲੀਕੇ ਗਏ ਦਿੱਲੀ ਜਾਣ ਦੇ ਪ੍ਰੋਗਰਾਮ ਨੂੰ ਸ: ਧਾਮੀ ਨੇ ਇਕੱਲਿਆਂ ਹੀ ਇੱਕ ਦਿਨ ਪਹਿਲਾਂ ਤਾਰਪੀਡੋ ਕਰ ਦਿੱਤਾ ।ਜਦ ਕਿ ਸਾਰੀਆਂ ਜਥੇਬੰਦੀਆਂ ਵਿੱਚ ਜਾਣ ਲਈ ਬਹੁਤ ਉਤਸਾਹ ਅਤੇ ਭਾਰਤ ਸਰਕਾਰ ਤੇ ਭਾਰੀ ਦਬਾਅ ਸੀ । ਧਾਮੀ ਨੇ ਸ੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਵੇਚ ਕੇ ਭਾਰਤ ਸਰਕਾਰ ਨਾਲ ਵੱਡਾ ਸੌਦਾ ਕੀਤਾ ਹੈ

3. ਸ੍ਰੀ ਅਕਾਲ ਤਖਤ ਸਾਹਿਬ ਵੱਲੋ ਬਣਾਈ ਗਈ 328 ਸਰੂਪਾਂ ਵਾਲੀ ਕਮੇਟੀ ਦੀ ਰੀਪੋਰਟ ਅਨੁਸਾਰ ਸ੍ਰੋਮਣੀ ਕਮੇਟੀ ਦੇ ਰੱਖੇ ਸੀ.ਏ. ਕੋਹਲੀ ਤੋਂ ਬਣਦੀ ਕਰੋੜਾਂ ਦੀ ਵਸੂਲੀ ਅੱਜ ਤੱਕ ਨਾ ਕਰਨਾ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਨੂੰ ਸਿੱਧਾ ਚੈਲਿੰਜ ਹੈ ।

4. ਸੋਧਾ ਸਾਧ ਦੀ ਮੁਆਫੀ ਦੇ ਇਸਤਿਹਾਰਾਂ ਤੇ ਸ੍ਰੀ ਅਕਾਲ ਸਾਹਿਬ ਨੂੰ ਸਪਸ਼ਟ ਨਾ ਕਰਨਾ ਸ੍ਰੋਮਣੀ ਕਮੇਟੀ ਦੇ ਸਾਬਕਾ ਜਾਂ ਮੌਜੂਦਾ ਅਧਿਕਾਰੀ ਸਭ ਜਾਣਦੇ ਹਨ ਕਿ ਇਹ ਮੈਟਰ ਕਿਥੋਂ ਅਤੇ ਕਿਵੇਂ ਆਇਆ ਸਪਸਟ ਹੋਣਾ ਚਾਹੀਦਾ ਹੈ। ਸ੍ਰੀ ਅਕਾਲ ਤਖਤ ਸਾਹਿਬ ਦੀ ਮਹਾਨਤਾ ਨੂੰ ਘਟਾ ਕੇ ਵੇਖਣਾ ਹੈ। ਜਦ ਕਿ ਇਹ ਸ੍ਰੋਮਣੀ ਕਮੇਟੀ ਦੇ ਪ੍ਰਧਾਨ ਦਾ ਫਰਜ ਸੀ ਕਿ ਸਾਰੀ ਸਥਿਤੀ ਸਪਸਟ ਕੀਤੀ ਜਾਂਦੀ ਵਿਸਥਾਰਤ ਰੀਪੁਰਟ ਬਣਾਈ ਜਾਂਦੀ ਪ੍ਰੰਤੂ ਦੋ ਲਾਈਨਾਂ ਦੀ ਚਿੱਠੀ ਸਕੱਤਰ ਦੇ ਦਸਤਖਤਾਂ ਹੇਠ ਭੇਜ ਕੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਬਹੁਤ ਕੁਝ ਛੁਪਾ ਲਿਆ ਗਿਆ ।

5. ਪੀ.ਟੀ.ਸੀ.ਚੈਨਲ ਤੇ ਮਿਸ ਵਰਲਡ ਦੇ ਨਾਮ ਤੇ ਕੁੜੀਆਂ ਨਾਲ ਕੀਤੇ ਜਿਨਸ਼ੀ ਸੋਸ਼ਨ ਦੇ ਮੱਦੇਨਜਰ ਸਿੱਖ ਪੰਥ ਵਿੱਚ ਭਾਰੀ ਰੋਸ਼ ਕਾਰਨ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਸ੍ਰੋਮਣੀ ਕਮੇਟੀ ਪ੍ਰਧਾਨ ਸ੍ਰ ਹਰਜਿੰਦਰ ਸਿੰਘ ਧਾਮੀ ਨੂੰ ਸ੍ਰੋਮਣੀ ਕਮੇਟੀ ਵੱਲੋਂ ਨਵਾਂ ਚੈਨਲ ਸ਼ੁਰੂ ਕਰਨ ਦੇ ਕੀਤੇ ਆਦੇਸ ਦੇ ਸਬੰਧ ਵਿੱਚ ਦਿੱਤੇ ਭਰੋਸੇ ਦੇ ਬਾਵਜੂਦ ਤਿੰਨ ਸਾਲ ਲਈ ਪੀ.ਟੀ.ਸੀ. ਨਾਲ ਕੁਨਟਰੈਕਟ ਵਧਾਉਣਾ ਅਤੇ ਨਵਾਂ ਚੈਨਲ ਨਾ ਲਾਉਣਾ ਸ੍ਰੀ ਅਕਾਲ ਤਖਤ ਸਾਹਿਬ ਦੇ ਕੀਤੇ ਗਏ ਹੁਕਮਾਂ ਦੀ ਅਦੂਲੀ ਹੈ। ਇਸੇ ਕਰਕੇ ਹੀ ਸਿਰਮੌਰ ਸੰਸਥਾ ਲੋਕ ਰੋਹ ਦਾ ਸਿਕਾਰ ਹੈ ।

6. ਸ੍ਰੋਮਣੀ ਕਮੇਟੀ ਦੇ ਪ੍ਰਬੰਧ ਅਧੀਨ ਬਾਬਾ ਗਾਂਧਾ ਸਿੰਘ ਬਰਨਾਲਾ ਦੇ ਸੁਪਰੀਮ ਕੋਰਟ ਵਿੱਚ ਚਲਦੇ ਕੇਸ ਨੂੰ ਸਟੇਟਸ ਸਕੋਅ ਹੋਣ ਦੇ ਬਾਵਜੂਦ ਵਾਪਸ ਲੈਣਾ,ਡੇਰੇ ਦੇ ਮਹੰਤਾਂ ਨੂੰ ਬਾਹਰ ਕਰਕੇ ਅਣਅਧਿਕਾਰਤ ਲੋਕਾਂ ਦੀ ਜਾਅਲੀ ਕਮੇਟੀ ਬਣਾ ਕੇ ਸਮਝੌਤਾ ਕਰਕੇ 200 ਏਕੜ ਜਾਇਦਾਦ ਅਤੇ 60 ਦੁਕਾਨਾ ਆਪਣੇ ਕਬਜੇ ਵਿਚੋਂ ਦੇ ਦੇਣੀਆਂ। ਇਸ ਤੋਂ ਹੋਰ ਦੋ ਕਦਮ ਅੱਗੇ ਲੰਘ ਕੇ ਦੋ ਸਾਲ ਦਾ ਠੇਕਾ ਇੱਕ ਕਰੋੜ ਉਨਾਹਠ ਲੱਖ ਰੁਪਏ ਸ੍ਰੋਮਣੀ ਕਮੇਟੀ ਵੱਲੋਂ ਦੇਣਾ ਐਸੀ ਮਿਲੀ ਭੁਗਤ ਅਤੇ ਵੱਡੀ ਕੁਰੱਪਸ਼ਨ ਸਾਬਤ ਕਰਦਾ ਹੈ। ਅਜਿਹਾ ਸਭ ਉਸ ਸਮੇਂ ਕੀਤਾ ਹੈ ਜਦੋਂ ਦੋ ਮਹੰਤਾਂ ਦਾ ਕੇਸ ਚਲਦਾ ਹੋਵੇ ਅਤੇ ਸਟੇਟਸ ਸਕੋਅ ਹੋਵੇ। ਸ੍ਰੋਮਣੀ ਕਮੇਟੀ ਨੂੰ ਸੁਪਰੀਮ ਕੋਰਟ ਦੀ ਅਦਾਲਤੀ ਮਾਨਹਾਨੀ ਦੇ ਕਟਹਿਰੇ ਵਿੱਚ ਖੜਾ ਕਰਨ ਦਾ ਅਪਰਾਧ ਕੀਤਾ ਗਿਆ ਹੈ ।ਇਹ ਸਿਰਮੌਰ ਸੰਸ਼ਥਾਂ ਦੇ ਵਕਾਰ ਨੂੰ ਬਹੁਤ ਵੱਡੀ ਢਾਹ ਲਾਈ ਹੈ ।

7. ਸ੍ਰ: ਹਰਜਿੰਦਰ ਸਿੰਘ ਧਾਮੀ ਦੇ ਕਾਰਜਕਾਲ ਦੁਰਾਨ ਗੁਰੂਘਰਾਂ ਅੰਦਰ ਕੜਾਹਿ ਪ੍ਰਸਾਦਿ ਅਤੇ ਲੰਗਰਾਂ ਲਈ ਵਰਤਿਆ ਜਾ ਰਿਹਾ ਦੇਸੀ ਘਿਓ ਸਰਕਾਰੀ ਫਰਮਾਂ ਤੋਂ ਲੈਣ ਦੀ ਬਜਾਏ ਪ੍ਰਾਈਵੇਟ ਕੰਪਨੀਆਂ ਤੋਂ ਬਹੁਤ ਹੀ ਘਟੀਆ ਮਿਆਰ ਅਤੇ ਬਲੈਕ ਲਿਸਟ ਕੀਤੀਆਂ ਫਰਮਾਂ ਤੋ ਖ੍ਰੀਦ ਕੀਤਾ ਜਾ ਰਿਹਾ ਹੈ ਜੋ ਕਿ ਸ੍ਰੋਮਣੀ ਕਮੇਟੀ ਅੰਦਰ ਕਿਸੇ ਵੱਡੇ ਘਪਲੇ ਦਾ ਸੰਕੇਤ ਦਿੰਦਾ ਹੈ ।

8. ਸ੍ਰੋਮਣੀ ਕਮੇਟੀ ਨੂੰ ਦੋਫਾੜ ਕਰਕੇ ਹਰਿਆਣਾ ਕਮੇਟੀ ਬਣਾਈ ਗਈ ਸ੍ਰੋਮਣੀ ਕਮੇਟੀ ਪ੍ਰਧਾਨ ਜਾਂ ਸ੍ਰੋਮਣੀ ਅਕਾਲੀ ਦਲ ਕੋਈ ਠੋਸ ਪ੍ਰੋਗਰਾਮ ਦੇਣ ਜਾਂ ਕਿਸੇ ਕਿਸਮ ਦੀ ਚਾਰਾਜੋਈ ਕਰਨ ਵਿੱਚ ਅਸਫਲ ਰਿਹਾ। ਇਥੋਂ ਤੱਕ ਕਿ ਭਾਰਤ ਸਰਕਾਰ ਤੱਕ ਕੋਈ ਪਹੁੰਚ ਤੱਕ ਨਹੀ ਕੀਤੀ ਗਈ ।ਨਾ ਹੀ ਕੌਮ ਨੂੰ ਕੋਈ ਪ੍ਰੋਗਰਾਮ ਦੇ ਸਕੇ ।

9. ਸੁਖਬੀਰ ਸਿੰਘ ਬਾਦਲ ਖਿਲਾਫ ਕਾਰਵਾਈ ਕਰਨ ਲਈ ਸ੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ,ਸਾਬਕਾ ਮੁੱਖ ਸਕੱਤਰ ਸ੍ਰ ਹਰਚਰਨ ਸਿੰਘ, ਸਾਬਕਾ ਜਥੇਦਾਰ ਗੁਰਮੁੱਖ ਸਿੰਘ ਤਖਤ ਸ੍ਰੀ ਦਮਦਮਾ ਸਾਹਿਬ ਹਾਲ ਹੈਡ ਗ੍ਰੰਥੀ ਸ੍ਰੀ ਅਕਾਲ ਤਖਤ ਸਾਹਿਬ ਦੀਆਂ ਸੋਸ਼ਲ ਮੀਡੀਆ ਤੇ ਚਲਦੀਆਂ ਸਪੀਚਾਂ ਅਤੇ ਖੁਦ ਵੱਲੋਂ ਬਣਾਈਆਂ ਗਈਆਂ ਸਿੱਟਾਂ ਨੂੰ ਅਧਾਰ ਮੰਨਿਆ ਜਾਵੇ ।

ਸ੍ਰ ਹਰਜਿੰਦਰ ਸਿੰਘ ਧਾਮੀ ਦੇ ਕਾਰਜ ਕਾਲ ਨੂੰ ਸਭ ਤੋਂ ਮਾੜੇ ਕਾਰਜ ਕਾਲ ਵਜੋਂ ਵੇਖਿਆ ਜਾਵੇਗਾ ਜਿਸ ਨੇ ਸ੍ਰੋਮਣੀ ਕਮੇਟੀ ਨੂੰ ਇੱਕ ਨਿੱਜੀ ਜਾਇਦਾਦ ਵਾਂਗ ਵਰਤਿਆ ਹੈ । ਸੀ ਅਕਾਲ ਤਖਤ ਸਾਹਿਬ ਦੇ ਕਿਸੇ ਵੀ ਆਦੇਸ਼ ਦੀ ਪਾਲਣਾ ਨਹੀਂ ਕੀਤੀ। ਜੇਕਰ ਸ੍ਰੋਮਣੀ ਅਕਾਲੀ ਦਲ ਅਤੇ ਸ੍ਰੋਮਣੀ ਕਮੇਟੀ ਦੇ ਔਹਦੇਦਾਰ ਅਤੇ ਪ੍ਰਧਾਨ ਸ੍ਰੋਮਣੀ ਕਮੇਟੀ ਹੀ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮਿਆਂ ਨੂੰ ਚੈਲਿੰਜ ਕਰਨਗੇ ਤਾਂ ਆਮ ਸਿੱਖ ਕੀ ਪ੍ਰਭਾਵ ਲੈਣਗੇ ? ਸੋ ਕ੍ਰਿਪਾ ਕਰਕੇ ਸ੍ਰ ਸੁਖਬੀਰ ਸਿੰਘ ਬਾਦਲ ਅਤੇ ਮੌਜੂਦਾ ਪ੍ਰਧਾਨ ਸ੍ਰੋਮਣੀ ਕਮੇਟੀ ਸ੍ਰ ਹਰਜਿੰਦਰ ਸਿੰਘ ਧਾਮੀ ਪਰ ਸ੍ਰੀ ਅਕਾਲ ਤਖਤ ਸਾਹਿਬ ਜੀ ਦੀਆਂ ਪ੍ਰੰਪਰਾਵਾਂ ਪੰਥਕ ਸਿਧਾਤਾਂ ਦੀ ਉਲੰਘਣਾ ਕਰਨ ਦੇ ਦੋਸ਼ ਵਿੱਚ ਮਰਿਯਾਦਾ ਅਨੁਸਾਰ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਜੀ । ਸੋ ਇਤਿਹਾਸ ਅੰਦਰ ਇੱਕ ਮਿਸਾਲ ਬਣ ਜਾਵੇ ।ਤਾਂ ਜੋ ਅੱਗੋ ਕੋਈ ਵੀ ਪ੍ਰਧਾਨ ਜਾਂ ਔਹਦੇਦਾਰ ਅਜਿਹੀਆਂ ਆਪਹੁਦਰੀਆਂ ਕਾਰਵਾਈਆਂ ਕਰਨ ਦੀ ਜੁਅਰਤ ਨਾ ਕਰ ਸਕੇ ।