‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਿਸਾਨ ਲੀਡਰਾਂ ਨੇ ਕਿਹਾ ਕਿ ‘ਪ੍ਰਸ਼ਾਸਨ ਨੇ ਸਾਰੀ ਟ੍ਰੈਫਿਕ ਮੋਰਚੇ ਦੇ ਵਿੱਚ ਚਲਾ ਦਿੱਤੀ ਹੈ, ਜੋ ਕਿ ਪ੍ਰਸ਼ਾਸਨ ਦੀ ਕੋਈ ਵੱਡੀ ਸਾਜਿਸ਼ ਨਜ਼ਰ ਆ ਰਹੀ ਹੈ।
ਇਸ ਲਈ ਕੱਲ੍ਹ ਕਿਸਾਨ ਲੀਡਰਾਂ ਵੱਲੋਂ ਖੁਦ ਦਿੱਲੀ-ਕੁੰਡਲੀ ਬਾਰਡਰ ‘ਤੇ ਰਾਤ ਦੇ ਸਮੇਂ ਪਹਿਰਾ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਅਸੀਂ ਪ੍ਰਸ਼ਾਸਨ ਨਾਲ ਬਹੁਤ ਵਾਰ ਗੱਲ ਕੀਤੀ ਹੈ ਕਿ ਇੱਥੇ ਟ੍ਰੈਫਿਕ ਦੀ ਬੜੀ ਵੱਡੀ ਸਮੱਸਿਆ ਹੈ, ਇਸ ਲਈ ਤੁਸੀਂ ਗੱਡੀਆਂ ਦਾ ਹੋਰ ਕੋਈ ਰਸਤਾ ਵੇਖ ਕੇ ਉਸ ਪਾਸੇ ਤੋਂ ਗੱਡੀਆਂ ਨੂੰ ਦਿੱਲੀ ਵੱਲ ਨੂੰ ਭੇਜਿਆ ਕਰੋ ਪਰ ਪ੍ਰਸ਼ਾਸਨ ਵੱਲੋਂ ਇਸ ਗੱਲ ਨੂੰ ਅਣਗੌਲਿਆ ਕਰਕੇ ਗੱਡੀਆਂ ਮੋਰਚੇ ਦੇ ਵਿੱਚੋਂ ਲੰਘਾਈਆਂ ਜਾ ਰਹੀਆਂ ਹਨ।
ਇਸ ਲਈ ਅਸੀਂ ਹੁਣ ਇਹ ਫੈਸਲਾ ਕੀਤਾ ਹੈ ਕਿ ਅਸੀਂ ਆਪਣੇ ਪੱਕੇ ਵਲੰਟੀਅਰਾਂ ਨੂੰ ਇੱਥੇ ਤਾਇਨਾਤ ਕਰਾਂਗਾ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਟ੍ਰੈਫਿਕ ਸਮੱਸਿਆਵਾਂ ਦਾ ਸਾਹਮਣਾ ਨਾ ਕਰਨਾ ਪਵੇ। ਇਨ੍ਹਾਂ ਵਲੰਟੀਅਰਾਂ ਨੂੰ ਕਿਸਾਨ ਮੋਰਚੇ ਵੱਲੋਂ ਆਈ-ਕਾਰਡ ਵੀ ਦਿੱਤੇ ਜਾਣਗੇ।
ਉਨ੍ਹਾਂ ਕਿਹਾ ਕਿ ਇਸ ਟ੍ਰੈਫਿਕ ਕਰਕੇ ਕਈ ਵਾਰ ਸਾਨੂੰ ਖੁਦ ਹੀ ਸਟੇਜ ‘ਤੇ ਸੰਬੋਧਨ ਕਰਨ ਜਾਂਦੇ ਸਮੇਂ ਦੋ-ਦੋ ਘੰਟੇ ਮੋਰਚੇ ਵਿੱਚ ਹੀ ਲੱਗ ਜਾਂਦੇ ਹਨ।
ਅਸੀਂ ਸੜਕ ਦਾ ਇੱਕ ਪਾਸਾ ਛੱਡਿਆ ਹੋਇਆ ਹੈ, ਜਿੱਥੇ ਇਸ ਟ੍ਰੈਫਿਕ ਨੂੰ ਅਖਤਿਆਰ ਕੀਤਾ ਜਾਵੇ ਅਤੇ ਇੱਕ ਰੋਡ ਕਿਸਾਨ ਮੋਰਚੇ ਵਾਸਤੇ ਰਹਿਣ ਦਿੱਤੀ ਜਾਵੇ। ਇੰਡਸਟਰੀਅਲ ਖੇਤਰਾਂ ਵਿੱਚ ਕੰਮ ਕਰਨ ਵਾਲੇ ਲੋਕਾਂ, ਕਰਮਚਾਰੀਆਂ ਨੂੰ ਕਿਸੇ ਵੀ ਤਰ੍ਹਾਂ ਨਹੀਂ ਰੋਕਿਆ ਜਾਵੇਗਾ।